June 13, 2026 10:24 am

ਸ਼੍ਰੋਮਣੀ ਕਮੇਟੀ ‘ਦਾਦੀ ਦਾ ਸੁਨੇਹਾ’ ਪ੍ਰੋਗਰਾਮ ’ਚ ਸ਼ਾਮਿਲ ਦਾਦੀਆਂ ਤੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰੇਗੀ : ਭਾਈ ਗਰੇਵਾਲ

ਜਗਰਾਉਂ, 27 ਦਸੰਬਰ (ਪਰਮਜੀਤ ਸਿੰਘ ਗਰੇਵਾਲ)- ਕੌਮ ਦੇ ਮਹਾਨ ਸ਼ਹੀਦ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ, ਚਮਕੌਰ ਗੜ੍ਹੀ ਦੇ ਸ਼ਹੀਦ, ਬਾਬਾ ਮੋਤੀ ਮਹਿਰਾ ਜੀ ਵਰਗੀਆਂ ਮਹਾਨ ਰੂਹਾਂ ਨੂੰ ਸਮਰਪਿਤ ‘ਦਾਦੀ ਦਾ ਸੁਨੇਹਾ’ ਸਿਰਲੇਖ ਹੇਠ ਗੁਰਮਤਿ ਸਮਾਗਮ ਜਗਰਾਉਂ ਸ਼ਹਿਰ ਦੀਆਂ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ 29 ਦਸੰਬਰ 2018 ਨੂੰ ਸ਼ਾਮ 7 ਵਜੇ ਤੋਂ ਲੈ ਕੇ 9.30 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਕ ਤਿਆਰੀ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਦਿੱਤੀ। ਭਾਈ ਗਰੇਵਾਲ ਨੇ ਕਿਹਾ ਕਿ ਸਿੱਖੀ ਦੇ ਵਡਮੁੱਲੇ ਇਹਿਤਾਸ ਨੂੰ ਨੌਜਵਾਨ ਪੀੜ੍ਹੀ ਨਾਲ ਸਾਂਝਾ ਕਰਨਾ ਤੇ ਉਸ ਨੂੰ ਅਪਣਾਉਣਾ ਇਹ ਅੱਜ ਦੀ ਸਭ ਤੋਂ ਵੱਡੀ ਜਿੱਥੇ ਫਿਕਰਮੰਦੀ ਹੈ, ਉਥੇ ਜ਼ਰੂਰਤ ਵੀ ਹੈ। ਪਿੱਛਲੇ ਸਮਿਆਂ ’ਚ ਬਜ਼ੁਰਗ ਬਾਪੂ ਅਤੇ ਮਾਤਾਵਾਂ ਵੱਲੋਂ ਬੱਚਿਆਂ ਨੂੰ ਇਤਿਹਾਸਿਕ ਪਿੱਛੋਕੜ ਨੂੰ ਜਾਣਕਾਰੀ ਦੇਣ ਲਈ ਇਤਿਹਾਸ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸਨ ਤੇ ਉਸ ਸਮੇਂ ਦੀ ਨੌਜਵਾਨ ਪੀੜ੍ਹੀ ਇਸ ਤੋਂ ਵਾਕਫ ਹੁੰਦੀ ਸੀ। ਅੱਜ ਦੇ ਮੌਜੂਦਾ ਕੰਪਿਊਟਰ ਯੁੱਗ ’ਚ ਨਵੀਂ ਪੀੜ੍ਹੀ ਵੱਲੋਂ ਆਪਣੇ ਬਜ਼ੁਰਗਾਂ ਨੂੰ ਪਿੱਠ ਦਿਖਾ ਕੇ ਲੈਪਟੋਪ ਤੇ ਸ਼ੋਸ਼ਲ ਮੀਡੀਆ ਵੱਲ ਵਧੇ ਰੂਝਾਨ ਨੇ ਉਨ੍ਹਾਂ ਨੂੰ ਇਤਿਹਾਸਿਕ ਵਿਰਸੇ ਤੋਂ ਦੂਰ ਕਰ ਦਿੱਤਾ ਹੈ। ਅੱਜ ਸਿੱਖ ਸੰਸਥਾਵਾਂ ਅਤੇ ਮਾਪਿਆਂ ਦੇ ਮਨ ’ਚ ਇਸ ਵੱਧ ਰਹੀ ਘਾਟ ਦਾ ਅਹਿਸਾਸ ਜ਼ਰੂਰ ਹੈ ਪਰ ਠੋਸ ਉਪਰਾਲਾ ਸਾਂਝੇ ਤੌਰ ’ਤੇ ਨਹੀਂ ਕੀਤਾ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ’ਤੇ ਫਿਕਰਮੰਦ ਹੈ ਤੇ ਨੌਜਵਾਨ ਪੀੜ੍ਹੀ ਨੂੰ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਲਈ ਜਿੱਥੇ ਇਲੈਕਟੋਨਿਕ ਮਾਧਿਅਮਾਂ ਰਾਹੀਂ ਜੋੜਨ ਦੇ ਉਪਰਾਲੇ ਕਰ ਰਹੀ ਹੈ, ਉਥੇ ਗੁਰਮਿਤ ਸਮਾਗਮਾਂ ਰਾਹੀਂ ਉਨ੍ਹਾਂ ਨੂੰ ਸ਼ਾਮਿਲ ਕਰਕੇ ਕੌਮ ਪ੍ਰਸਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਦਾਦੀ ਦਾ ਸੁਨੇਹਾ ਪ੍ਰੋਗਰਾਮ ’ਚ ਕਥਾਵਾਚਕ ਸਮੇਂ ਦੇ ਇਤਿਹਾਸ ਨੂੰ ਵਰਣਨ ਕਰਨਗੇ, ਬੀਬੀਆਂ ਦਾ ਰਾਗੀ ਜੱਥਾ ਕੀਰਤਨ ਕਰੇਗਾ ਅਤੇ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਜੱਥੇ ਭਾਈ ਸੁਖਜੀਤ ਸਿੰਘ ਕੁਹਾੜਕਾ ਹਾਜ਼ਰੀ ਭਰਨਗੇ, ਉਥੇ ਵਿਸ਼ੇਸ਼ ਕਰਕੇ ਪ੍ਰਬੰਧਾਂ ਵੱਲੋਂ ਉਨ੍ਹਾਂ ਸਮੁੱਚੀਆਂ ਦਾਦੀਆਂ ਨੂੰ ਸਨਮਾਨਿਤ ਕੀਤਾ ਜਾਵੇ, ਜਿਹੜੀਆਂ ਆਪਣੇ ਪੋਤੇ ਪੋਤੀਆਂ ਦੇ ਨਾਲ ਸਮਾਗਮ ’ਚ ਸ਼ਾਮਿਲ ਹੋਣਗੀਆਂ ਅਤੇ ਉਨ੍ਹਾਂ ਸ਼ਾਮਿਲ ਬੱਚਿਆਂ ਨੂੰ ਇਤਿਹਾਸਿਕ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ਇਸ ਮੌਕੇ ਹੈਡ ਗ੍ਰੰਥੀ ਸਤਨਾਮ ਸਿੰਘ, ਪ੍ਰਚਾਰਕ ਸਰਬਜੀਤ ਸਿੰਘ ਲੁਧਿਆਣਾ, ਬੀਬੀ ਰਾਜਿੰਦਰ ਕੌਰ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ ਗੁਰਦੁਆਰਾ ਸਿੰਘ ਸਭਾ, ਅਜੀਤ ਸਿੰਘ ਠੁਕਰਾਲ, ਹਰਮੀਤ ਸਿੰਘ ਬਜਾਜ, ਸੁਖਵਿੰਦਰ ਸਿੰਘ ਭਸੀਣ, ਗੁਰਦੀਪ ਸਿੰਘ ਦੂਆ ਤੇ ਹਰਜੀਤ ਸਿੰਘ ਸੋਨੂੰ ਆਦਿ ਹਾਜ਼ਰ ਸਨ।

Send this to a friend