ਪੰਜਾਬ ਸਰਕਾਰ ਵਿੱਤੀ ਪ੍ਰਬੰਧਾਂ ਵਿੱਚ ਖਾਮੀਆਂ ਅਤੇ ਸਰਕਾਰੀ ਖਜ਼ਾਨੇ ਦੀ ਬੇਦਰਦੀ ਨਾਲ ਵਰਤੋਂ ਦਾ ਸਾਰਾ ਬੋਝ ਆਮ ਲੋਕਾਂ ਉਪਰ ਲੱਦ ਰਹੀ ਹੈ। ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਸਾਰੇ ਗੁਆਂਢੀ ਰਾਜਾਂ ਨਾਲੋਂ ਮਹਿੰਗਾ ਵਿੱਕ ਰਿਹਾ ਹੈ। ਸੂਬੇ ਵਿੱਚ ਬਸ ਕਿਰਾਇਆ ਤਿੰਨ ਵਾਰ ਵਧਾਇਆ ਗਿਆ ਹੈ ਅਤੇ ਇਹ ਦੂਸਰੇ ਰਾਜਾਂ ਨਾਲੋਂ ਬਹੁਤ ਜ਼ਿਆਦਾ ਹੈ। ਇਸੇ ਤਰ੍ਹਾਂ ਬਿਜਲੀ ਦੀਆਂ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਬਿਜਲੀ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਬੇਸ਼ਕ ਉਦਯੋਗ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹਾਲੇ ਤੱਕ ਇਸ ’ਤੇ ਕੋਈ ਅਮਲ ਨਹੀਂ ਹੋਇਆ। ਪੰਜਾਬ ’ਚ ਹੁਣ ਫਿਰ ਬਿਜਲੀ ਦੀਆਂ ਦਰਾਂ ਵਧਾਉਣ ਬਾਰੇ ਵਿਚਾਰ ਹੋ ਰਿਹਾ ਹੈ। ਬਿਜਲੀ ਦੇ ਪ੍ਰਬੰਧ ਨੂੰ ਦਰੁਸਤ ਕਰਨ ਲਈ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਤੋੜ ਕੇ ਦੋ ਕੰਪਨੀਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਗਠਨ ਕੀਤਾ ਸੀ। ਕੰਪਨੀਆਂ ਬਣਾਉਣ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਬਿਜਲੀ ਬੋਰਡ ਨੂੰ ਪੈ ਰਹੇ ਘਾਟੇ ਨੂੰ ਰੋਕਿਆ ਜਾਵੇਗਾ। ਪ੍ਰਬੰਧ ਨੂੰ ਬਿਹਤਰ ਬਣਾਉਣ ਦੇ ਨਾਮ ਉਪਰ ਦੋ ਕੰਪਨੀਆਂ ਦੇ ਗਠਨ ਤੋਂ ਬਾਅਦ ਵੀ ਕੋਈ ਵੱਡੀ ਤਬਦੀਲੀ ਨਹੀਂ ਆਈ। ਪਾਵਰ ਕਾਮ ਵੱਡੇ ਵਿੱਤੀ ਘਾਟੇ ਵਿੱਚੋਂ ਗੁਜ਼ਰ ਰਹੀ ਹੈ। ਇਸ ਘਾਟੇ ਦਾ ਕਾਰਨ ਖਪਤਕਾਰ ਨਹੀਂ ਹਨ। ਵਿੱਤੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਚਲਦੇ ਪਾਵਰਕਾਮ ਨੂੰ ਘਾਟਾ ਪੈ ਰਿਹਾ ਹੈ। ਇਸ ਲਈ ਅਧਿਕਾਰੀ ਅਤੇ ਨੇਤਾ ਜ਼ਿੰਮੇਵਾਰ ਹਨ। ਪ੍ਰੰਤੂ ਸਜ਼ਾ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਵਿੱਤੀ ਸੰਕਟ ਦੇ ਹਵਾਲੇ ਨਾਲ ਲਗਾਤਾਰ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਹੁਣ ਫਿਰ ਬਿਜਲੀ ਦੀਆਂ ਦਰਾਂ ’ਚ 8 ਤੋਂ 14 ਫੀਸਦੀ ਤੱਕ ਵਾਧਾ ਕਰਨ ਦੀ ਤਿਆਰੀ ਹੋ ਰਹੀ ਹੈ। ਪਾਵਰਕਾਮ ਨੇ ਇਸ ਸਬੰਧੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਤਜਵੀਜ਼ ਭੇਜੀ ਹੈ ਤਾਂ ਜੋ ਅਗਲੇ ਵਿੱਤੀ ਵਰ੍ਹੇ 2019-20 ਦੌਰਾਨ ਬਿਜਲੀ ਦਰਾਂ ’ਚ ਇਹ ਵਾਧਾ ਕੀਤਾ ਜਾ ਸਕੇ। ਜੇਕਰ ਕਮਿਸ਼ਨ ਇਸ ਤਜਵੀਜ਼ ਨੂੰ ਪ੍ਰਵਾਨ ਕਰ ਲੈਂਦਾ ਹੈ ਤਦ ਬਿਜਲੀ ਖਪਤਕਾਰਾਂ ਉਪਰ ਇਕ ਵੱਡਾ ਬੋਝ ਪਵੇਗਾ। ਕਮਿਸ਼ਨ ਵੱਲੋਂ ਪਿਛਲੀ ਵਾਰ ਚਾਲੂ ਵਿੱਤ ਵਰ੍ਹੇ ਵਾਸਤੇ ਬਿਜਲੀ ਦਰਾਂ ਵਿਚ 2.17 ਫੀਸਦੀ ਵਾਧੇ ਦੀ ਮਨਜ਼ੂਰੀ ਦਿਤੀ ਗਈ ਸੀ।ਚਾਲੂ ਸਾਲ ਦੇ ਵਿਚ-ਵਿਚਾਲੇ ਵੀ ਕਈ ਤਰ੍ਹਾਂ ਦੇ ਤਕਨੀਕੀ ਬਹਾਨਿਆਂ ਦੀ ਆੜ ਹੇਠ ਬਿਜਲੀ ਦਰਾਂ ਵਧਾਈਆਂ ਗਈਆਂ ਹਨ।ਖਪਤਕਾਰਾਂ ਉਪਰ ਕਈ ਤਰ੍ਹਾਂ ਦੇ ਬੇਲੋੜੇ ਬੋਝ ਪਾਏ ਗਏ ਹਨ। ਬਿਜਲੀ ਦੀ ਪੈਦਾਵਾਰ ਉਪਰ ਖਰਚੇ ਲਗਪਗ ਪਹਿਲਾਂ ਵਾਲੇ ਹੀ ਹਨ ਪ੍ਰੰਤੂ ਅਧਿਕਾਰੀਆਂ ਅਤੇ ਨੇਤਾਵਾਂ ਦੇ ਖਰਚਿਆਂ ਅਤੇ ਭ੍ਰਿਸ਼ਟਾਚਾਰ ਦਾ ਬੋਝ ਵੀ ਆਮ ਲੋਕਾਂ ਨੂੰ ਚੁੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਬਿਜਲੀ ਹੋਰ ਮਹਿੰਗੀ ਹੁੰਦੀ ਹੈ ਤਾਂ ਇਸ ਦਾ ਉਦਯੋਗ, ਵਪਾਰ ਅਤੇ ਹੋਰ ਖੇਤਰਾਂ ਉਪਰ ਬਹੁਤ ਮਾੜਾ ਅਸਰ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਜਲੀ ਦੀਆਂ ਦਰਾਂ ਵਿੱਚ ਬੇਲੋੜਾ ਵਾਧਾ ਕਰਨ ਦੀ ਥਾਂ ਪਾਵਰਕਾਮ ਦੇ ਕੰਮ ਵਿੱਚ ਸੁਧਾਰ ਕਰੇ ਤਾਂ ਜੋ ਆਮ ਲੋਕਾਂ ਨੂੰ ਇਸ ਦਾ ਬੋਝ ਨਾ ਚੁੱਕਣਾ ਪਵੇ। ਬਿਜਲੀ ਦਰਾਂ ਵਿੱਚ ਬੇਲੋੜੇ ਵਾਧੇ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਹ ਆਮ ਲੋਕਾਂ ਨਾਲ ਵੱਡੀ ਜ਼ਿਆਦਤੀ ਹੈ। ਲੋਕ ਪਹਿਲਾਂ ਹੀ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਉਪਰ ਹੋਰ ਬੋਝ ਲੱਦਣਾ ਵੱਡੀ ਬੇਇਨਸਾਫੀ ਹੈ।
– ਬਲਜੀਤ ਸਿੰਘ ਬਰਾੜ