ਕੈਪਟਨ ਵਲੋਂ ਸਖ਼ਤ ਕਾਰਵਾਈ ਦੇ ਹੁਕਮ, ਕਿਹਾ ਸੁਖਬੀਰ ਮੁਆਫ਼ੀ ਮੰਗੇ
ਲੁਧਿਆਣਾ, 25 ਦਸੰਬਰ- ਯੂਥ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਅਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁਤ ’ਤੇ ਕਾਲਾ ਰੰਗ ਸਪਰੇਅ ਕਰ ਦਿਤਾ। ਇਹ ਘਟਨਾ ਅਜ ਸਵੇਰੇ ਲੁਧਿਆਣਾ ਸ਼ਹਿਰ ਦੇ ਸਲੇਮ ਟਾਬਰੀ ਇਲਾਕੇ ’ਚ ਵਾਪਰੀ। ਯੂਥ ਅਕਾਲੀ ਦਲ ਦੇ ਆਗੂ ਰਾਜੀਵ ਗਾਂਧੀ ਤੋਂ ਦੇਸ਼ ਦਾ ਸਰਬਉਚ ਪੁਰਸਕਾਰ ‘ਭਾਰਤ ਰਤਨ’ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੇ ਕੁਝ ਚਿਰ ਪਿਛੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਦਸਤਾਰ ਨਾਲ ਬੁਤ ਸਾਫ਼ ਕੀਤਾ। ਬਾਅਦ ’ਚ ਬੁਤ ਨੂੰ ਦੁਧ ਨਾਲ ਵੀ ਧੋਤਾ ਗਿਆ। ਇਸ ਘਟਨਾ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ, ਕਿਉਂਕਿ ਉਥੇ ਕਾਂਗਰਸੀ ਵਰਕਰ ਇਕਠੇ ਹੋਣੇ ਸ਼ੁਰੂ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਵੇਂ ਉਥੋਂ ਜਾ ਚੁਕੇ ਸਨ ਪਰ ਫਿਰ ਵੀ ਉਥੇ ਭਾਰੀ ਗਿਣਤੀ ’ਚ ਪੁਲਿਸ ਬਲ ਮੌਜੂਦ ਸੀ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਗ਼ਲਤ ਹਰਕਤ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕੈਪਟਨ ਵੱਲੋਂ ਕਾਰਵਾਈ ਦੇ ਹੁਕਮਾਂ ਤੋਂ ਬਾਅਦ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁਤ ’ਤੇ ਕਾਲਖ ਲਗਾਉਣ ਦੇ ਮਾਮਲੇ ’ਚ ਪੁਲਿਸ ਨੇ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ।