June 20, 2026 1:23 am

ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਵਿਖੇ 25 ਸਾਲ ਸੇਵਾ ਕਰਨ ਵਾਲੇ ਲਾਚਾਰ ਅਤੇ ਆਹਾਰੀ ਸੇਵਾਦਾਰ ਨੇ ਕੀਤੀ ਮਦਦ ਦੀ ਅਪੀਲ

ਸਰਦੂਲਗੜ੍ਹ, 17 ਦਸੰਬਰ (ਬਲਜੀਤਪਾਲ)- ਇਤਿਹਾਸਕ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਕੋਟਧਰਮੂ ਵਿਖੇ ਪਿਛਲੇ 20-25 ਸਾਲਾਂ ਤੋਂ ਸੇਵਾ ਕਰ ਰਹੇ ਨਹਿੰਗ ਸਿੰਘ ਜਥੇਦਾਰ ਕਰਨੈਲ ਸਿੰਘ ਹੁਣ ਦੋ ਵਕਤ ਦੀ ਰੋਟੀ ਅਤੇ ਰਹਿਣ ਲਈ ਛਤ ਤੋਂ ਵੀ ਮੁਹਤਾਜ ਹੈ ਉਹ ਬਸ ਸਟੈਂਡ ਕੋਟਧਰਮੂ ਵਿਖੇ ਇਕ ਕਾਨਿਆ ਦੀ ਝੌਂਪੜੀ ਨੁਮਾ ਦੁਕਾਨ ਵਿਚ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਕਿਸੇ ਫਰਿਸਤੇ ਦੀ ਉਡੀਕ ਕਰ ਰਿਹਾ ਹੈ। ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਰੇ ਮਨ ਨਾਲ ਕਰਨੈਲ ਸਿੰਘ ਨੇ ਦਸਿਆ ਕਿ ਉਹ ਪਿਛਲੇ 20-25 ਸਾਲਾਂ ਤੋਂ ਇਤਿਹਾਸਕ ਗੁਰੂਘਰ ਸ੍ਰੀ ਸੂਲੀਸਰ ਸਾਹਿਬ ਕੋਟ ਧਰਮੂ ਵਿਖੇ ਬਿਨਾਂ ਕਿਸੇ ਤਨਖਾਹ ਤੋਂ ਝਾੜੂ-ਪੋਚਾ ਆਦਿ ਲਗਾਉਣ ਦੀ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ ਪਰ ਡੇਢ ਮਹੀਨਾ ਪਹਿਲਾਂ ਸੜਕ ਤੇ ਜਾਂਦੇ ਸਮੇਂ ਇਕ ਮੋਟਰਸਾਈਕਲ ਨੇ ਉਸ ਨੂੰ ਟਕਰ ਮਾਰ ਦਿਤੀ ।ਇਸ ਸੜਕ ਹਾਦਸੇ ਦੌਰਾਨ ਕਰਨੈਲ ਸਿੰਘ ਦਾ ਚੂਲਾ ਫਰੈਕਚਰ ਹੋ ਗਿਆ ਅਤੇ ਪਟ ਟੁਟ ਗਿਆ । ਕਰਨੈਲ ਸਿੰਘ ਨੇ ਦਸਿਆ ਕਿ ਉਸ ਦਾ ਅਗੇ ਪਿਛੇ ਕੋਈ ਵੀ ਉਸ ਨੂੰ ਸਾਂਭਣ ਵਾਲਾ ਨਹੀਂ ਜੇਕਰ ਉਸਨੂੰ ਆਸ ਸੀ ਤਾਂ ਉਹ ਗੁਰੂ ਘਰ ਸ੍ਰੀ ਸੂਲੀਸਰ ਸਾਹਿਬ ਵਿਖੇ ਰਹਿ ਰਹੇ ਉਸ ਦੇ ਦੂਸਰੇ ਸਾਥੀ ਸਿੰਘਾਂ ਜਾਂ ਪ੍ਰਬੰਧਕਾਂ ਤੋਂ ਪਰ ਗੁਰੂ ਘਰ ਦੇ ਪ੍ਰਬੰਧਕਾਂ ਨੇ ਉਸ ਨੂੰ ਗੁਰੂ ਘਰ ਚੋਂ ਬਾਹਰ ਕਢ ਦਿਤਾ ਇਸ ਸਮੇਂ ਕਰਨੈਲ ਸਿੰਘ ਬਸ ਅਡਾ ਕੋਟ ਧਰਮੂ ਵਿਖੇ ਇਕ ਸਬਜ਼ੀ ਅਤੇ ਫਲਾਂ ਦੀ ਦੁਕਾਨ ਕਰ ਰਹੇ ਇਕਬਾਲ ਸਿੰਘ ਮੌਜੀਆ ਦੀ ਕਖਾਂ ਕਾਨਿਆਂ ਦੀ ਬਣੀ ਹੋਈ ਝੂੰਬੀ (ਝੋਪੜੀ) ਵਿਚ ਰਹਿ ਰਿਹਾ ਹੈ। ਭਾਈ ਇਕਬਾਲ ਸਿੰਘ ਨੇ ਦਸਿਆ ਕਿ ਬਜੁਰਗ ਬਾਬਾ ਕਰਨੈਲ ਸਿੰਘ ਜੋ ਚੂਲੇ ਅਤੇ ਪਟ ਦੇ ਟੁਟ ਜਾਣ ਕਾਰਨ ਚਲਣ-ਫਿਰਨ ਤੋਂ ਬਿਲਕੁਲ ਅਹਾਰੀ ਹੈ ਤੇ ਆਪਣੀ ਕਿ?ਆ ਸੋਧਣ ਤੋਂ ਵੀ ਅਸਮਰਥ ਹੈ। ਇਨਸਾਨੀਅਤ ਦੇ ਤੌਰ ਤੇ ਮੈ ਇਸ ਨੂੰ ਆਪਣੀ ਕਖਾਂ ਕਾਨਿਆਂ ਦੀ ਬਣੀ ਝੂੰਬੀ ਵਿਚ ਰਖ ਰਿਹਾ ਹਾਂ ਇਸ ਨੂੰ ਜੰਗਲ ਪਾਣੀ ਆਦਿ ਵੀ ਮੈਂ ਹੀ ਕਰਵਾਉਂਦਾ ਹਾਂ ਇਸ ਦਾ ਕੋਈ ਵੀ ਵਾਲੀ ਵਾਰਸ ਨਹੀ ਹੈਂ । ਸੜਕ ਹਾਦਸੇ ਹੋਣ ਮਗਰੋਂ ਇਸ ਨੂੰ ਨੇੜਲੇ ਕੁਝ ਦੁਕਾਨਦਾਰਾਂ ਅਤੇ ਰਿਖੀ ਰਾਮ ਆਦਿ ਨੇ ਰਲ ਕੇ ਉਸ ਦਾ ਇਲਾਜ ਕਰਵਾਇਆ ਸੀ ਪਰ ਇਸ ਦਾ ਅਜੇ ਪੂਰਾ ਇਲਾਜ ਹੋਣਾ ਬਾਕੀ ਹੈ ਇਸ ਕੋਲ ਰਹਿਣ ਲਈ ਕੋਈ ਵੀ ਛਤ ਜਾਂ ਕਪੜਾ ਆਦਿ ਨਹੀਂ ਹੈ । ਪਿੰਡ ਕੋਟ ਧਰਮੂ ਦੇ ਵਾਸੀ ਰਿਖੀ ਰਾਮ ਸਿੰਘ ਨੇ ਦਸਿਆ ਕਿ ਇਹ ਬਜ਼ੁਰਗ ਨਹਿੰਗ ਸਿੰਘ ਜਥੇਦਾਰ ਪਿਛਲੇ ਲੰਮੇ ਸਮੇਂ ਤੋਂ ਗੁਰੂ ਘਰ ਸੂਲੀਸਰ ਸਾਹਿਬ ਵਿਚ ਸਵੇਰੇ ਚਾਰ ਵਜੇ ਝਾੜੂ ਲਗਾਉਂਦਾ ਸੀ ਗੁਰੂ ਘਰ ਤੋਂ ਲੈ ਕੇ ਬਸ ਅਡਾ ਕੋਟ ਧਰਮੂ ਤਕ ਸੜਕ ਦੀ ਸਫ਼ਾਈ ਕਰਦਾ ਸੀ ਪਰ ਇਸ ਦੇ ਐਕਸੀਡੈਂਟ ਹੋਣ ਤੋਂ ਬਾਅਦ ਇਸ ਨੂੰ ਨਾ ਤਾਂ ਗੁਰੂਘਰ ਵਲੋਂ ਅਤੇ ਨਾ ਹੀ ਕਿਸੇ ਹੋਰ ਮਦਦਗਾਰ ਵਲੋਂ ਕੋਈ ਮਦਦ ਕੀਤੀ ਗਈ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਜਿਸ ਗੁਰੂ ਘਰ ਵਿਚ ਲਗਾਤਾਰ 20-25 ਸਾਲ ਇਸ ਨੇ ਸੇਵਾ ਕੀਤੀ ਉਸ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਇਸ ਨੂੰ ਗੁਰੂ ਘਰ ਵਿਚ ਕੋਈ ਵੀ ਕਮਰਾ ਜਾਂ ਕਪੜਾ ਲੀੜਾ ਆਦਿ ਦੇਣ ਤੋਂ ਵੀ ਇਨਕਾਰ ਕਰ ਦਿਤਾ।ਉਨ੍ਹਾਂ ਦਸਿਆ ਕਿ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਦੀ ਸੌ ਏਕੜ ਦੇ ਲਗਪਗ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਇਹ ਕਰਨੈਲ ਸਿੰਘ ਮੂਹਰਲੇ ਵਿਅਕਤੀਆਂ ਵਿਚ ਸ਼ਾਮਲ ਸੀ ਕਬਜੇ ਨੂੰ ਲੈ ਕੇ ਇਸ ਸਿੰਘ ਤੇ ਪਰਚਾ ਵੀ ਦਰਜ ਹੋਇਆ ਹੈ ਪਰ ਗੁਰੂ ਘਰ ਲਈ ਕੀਤੀ ਗਈ ਸੇਵਾ ਅਤੇ ਗੁਰੂ ਘਰ ਦੀ ਜ਼ਮੀਨ ਛੁਡਾਉਣ ਵਿਚ ਪਾਏ ਗਏ ਯੋਗਦਾਨ ਨੂੰ ਭਲਾਕੇ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਇਸ ਨੂੰ ਬਿਲਕੁਲ ਹੀ ਵਿਸਾਰਕੇ ਉਸ ਸ਼ਿੰਘ ਨੂੰ ਰਹਿਣ ਲਈ ਇਕ ਬਿਸਤਰਾ ਵੀ ਦੇਣ ਤੋਂ ਇਨਕਾਰ ਕਰ ਰਹੇ ਹਨ ਜੋ ਪੂਰੇ ਸਿਖ ਜਗਤ ਲਈ ਇਕ ਚਿੰਤਾਜਨਕ ਵਿਸ਼ਾ ਹੈ ਕਿਉਂਕਿ ਅਜ ਪੰਜਾਬੀ ਖਾਸ ਕਰਕੇ ਸਿਖ ਧਰਮ ਨਾਲ ਜੁੜੇ ਹੋਏ ਲੋਕ ਦੂਸਰੇ ਰਾਜਾਂ ਅਤੇ ਵਿਦੇਸ਼ਾਂ ਤਕ ਜਾ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ ਪਰ ਇਕ ਇਤਿਹਾਸਕ ਗੁਰੂ ਘਰ ਵਿਚ ਪਿਛਲੇ ਵੀਹ ਪਚੀ ਸਾਲਾਂ ਤੋਂ ਬਿਨਾਂ ਕਿਸੇ ਲਾਲਚ ਤੋਂ ਸੇਵਾ ਕਰ ਰਹੇ ਸਿੰਘ ਦਾ ਅਜ ਇਹ ਹਸ਼ਰ ਹੋ ਰਿਹਾ ਹੈ ਕਿ ਉਸ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਠੰਢ ਦੇ ਮੌਸਮ ਵਿਚ ਰਹਿਣ ਲਈ ਇਕ ਬਿਸਤਰਾ ਵੀ ਨਹੀਂ ਦਿਤਾ ਜਾ ਰਿਹਾ । ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਜਥੇਦਾਰ ਕਰਨੈਲ ਸਿੰਘ ਨੇ ਸਮੂਹ ਸਿਖ ਜਗਤ, ਸਿਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਅਤੇ ਉਸ ਦੇ ਰਹਿਣ ਦਾ ਬੰਦੋਬਸਤ ਕੀਤਾ ਜਾਵੇ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰਾਏਪੁਰ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁਕਾ ਹੈ ਉਹ ਜਲਦੀ ਹੀ ਇਸ ਸਬੰਧੀ ਗੁਰਦੁਆਰਾ ਪ੍ਰਬੰਧਕਾਂ ਅਤੇ ਹੋਰ ਵਿਅਕਤੀਆਂ ਨਾਲ ਗਲਬਾਤ ਕਰਕੇ ਇਸ ਸਮਸਿਆ ਦਾ ਹਲ ਕਰਨ ਚ ਸਹਿਯੋਗ ਕਰਨਗੇ।

Send this to a friend