ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਬਰਗਾੜੀ ਮੋਰਚਾ ਸਮਾਪਤ ਕਰਨ ਬਾਰੇ ਚੁਕੇ ਸਵਾਲਾਂ ਤੋਂ ਬਾਅਦ ਮੋਰਚੇ ਦੇ ਪ੍ਰਬੰਧਕ ਧਿਆਨ ਸਿੰਘ ਮੰਡ ਨੇ ਦਾਅਵਾ ਕੀਤਾ ਹੈ ਕਿ ਫ਼ੈਸਲਾ ਸਭ ਦੀ ਸਹਿਮਤੀ ਨਾਲ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚ ਕੋਈ ਮਤਭੇਦ ਨਹੀਂ ਹਨ।ਸਾਰੇ ਮਿਲ ਕੇ ਸੰਘਰਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਤੇ ਇਸ ਪਾਸੇ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਤਕਰੀਬਨ ਸਾਰੇ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕੋਸ਼ਿਸ਼ਾਂ ਹੋ ਰਹੀਆਂ ਹਨ। ਮੋਰਚਾ ਖਤਮ ਕਰਨ ਵੇਲੇ ਸਰਕਾਰ ਦੇ ਮੰਤਰੀ ਪੁਜੇ ਸਨ ਤੇ ਉਨ੍ਹਾਂ ਨੇ ਹਰ ਮਸਲੇ ਦੇ ਹਲ ਦਾ ਭਰੋਸਾ ਦਿਤਾ ਸੀ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਦਾਦੂਵਾਲ ਨੇ ਉਨ੍ਹਾਂ ਨੂੰ ਤਾਨਾਸ਼ਾਹ ਕਿਹਾ ਸੀ ਤਾਂ ਉਨ੍ਹਾਂ ਇਹ ਆਖ ਕੇ ਜਵਾਬ ਦੇਣ ਤੋਂ ਟਾਲਾ ਵਟ ਲਿਆ ਕਿ ਉਨ੍ਹਾਂ ਵਿਚ ਕੋਈ ਮਤਭੇਦ ਨਹੀਂ ਹਨ ਤੇ ਸਭ ਠੀਕ ਹੈ।