ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਹੋਰ ਜ਼ਖ਼ਮੀ ਨਾ ਕਰੋ
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਇਕ ਵਾਰ ਫਿਰ ਇਹ ਬਿਆਨ ਦਿਤਾ ਹੈ ਕਿ ਕਰਤਾਰਪੁਰ ਦੇ ਲਾਂਘੇ ਦੇ ਮਾਮਲੇ ਵਿਚ ਪਾਕਿਸਤਾਨ ਦੀ ਸੈਨਾ ਨੇ ਵਡੀ ਸਾਜਿਸ਼ ਰਚੀ ਹੈ ਅਤੇ ਇਹ ਵੀ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਨਿਸਚਿਤ ਤੌਰ ‘ਤੇ ਆਈ.ਐਸ.ਆਈ. (ਪਾਕਿਸਤਾਨ ਦੀ ਖੁਫ਼ੀਆ ਏਜੰਸੀ) ਦੀ ਯੋਜਨਾ ਦਾ ਹਿਸਾ ਹੈ ਅਤੇ ਇਹ ਵੀ ਕਿ ਪਾਕਿਸਤਾਨ ਦੀ ਫ਼ੌਜ ਨੇ ਭਾਰਤ ਦੇ ਖਿਲਾਫ਼ ਇਕ ਵਡੀ ਸਾਜਿਸ਼ ਰਚੀ ਹੈ। ਅਜਿਹਾ ਬਿਆਨ ਦੇ ਕੇ ਕੈਪਟਨ ਸਾਹਿਬ ਨੇ ਆਪਣੀ ਤਿਆਰ ਤੈਅਸ਼ੁਦਾ ਨੀਤੀ ਅਧੀਨ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਆਪਣੀ ਨਾਂਹ-ਪਖੀ ਅਤੇ ਨਾਕਾਰਾਤਮਿਕ ਸੋਚ ਨੂੰ ਹੋਰ ਅਗੇ ਵਧਾਇਆ ਹੈ। ਉਨ੍ਹਾਂ ਦੀ ਅਜਿਹੀ ਨਾਂਹ-ਪਖੀ ਨੀਅਤ ਅਤੇ ਨੀਤੀ ਉਸ ਸਮੇਂ ਵੀ ਸਪਸ਼ਟ ਹੋ ਗਈ ਸੀ ਜਦੋਂ ਭਾਰਤ ਸਰਕਾਰ ਦੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਪਾਕਿਸਤਾਨ ਦੀ ਹਕੂਮਤ ਨੇ ਤੁਰੰਤ ਹਾਂ-ਪਖੀ ਹੁੰਗਾਰਾ ਭਰਿਆ ਸੀ। ਇਥੇ ਹੀ ਬਸ ਨਹੀਂ, ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਨੇ ਉਸ ਸਮੇਂ ਇਹ ਵੀ ਐਲਾਨ ਕੀਤਾ ਸੀ ਕਿ ਉਹ 28 ਨਵੰਬਰ ਨੂੰ ਆਪਣੇ ਵਾਲੇ ਪਾਸੇ ਤੋਂ ਇਸ ਲਾਂਘੇ ਲਈ ਬਣਨ ਵਾਲੀ ਸੜਕ ਦਾ ਨੀਂਹ-ਪਥਰ ਰਖਣਗੇ। ਇਸ ਸਮੇਂ ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਇਲਾਵਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕ੍ਰਿਕਟ ਦੇ ਸਮੇਂ ਦੇ ਆਪਣੇ ਮਿਤਰ ਨਵਜੋਤ ਸਿੰਘ ਸਿਧੂ ਨੂੰ ਵੀ ਸਦਾ-ਪਤਰ ਭੇਜਿਆ ਸੀ। ਕੈਪਟਨ ਸਾਹਿਬ ਨੇ ਇਹ ਬਿਆਨ ਦੇ ਕੇ ਇਹ ਸਦਾ-ਪਤਰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿਤੀ ਸੀ ਕਿ ਅਤਵਾਦੀ ਕਾਰਵਾਈਆਂ ਦੇ ਚਲਦਿਆਂ ਅਤੇ ਭਾਰਤੀ ਜਵਾਨਾਂ ਨੂੰ ਪਾਕਿਸਤਾਨੀ ਫ਼ੌਜੀਆਂ ਵਲੋਂ ਮਾਰਨ ਦੀਆਂ ਘਟਨਾਵਾਂ ਵਾਪਰਨ ਕਰਕੇ ਉਹ ਇਹ ਸਦਾ ਪ੍ਰਵਾਨ ਨਹੀਂ ਕਰਨਗੇ। ਦੂਜੇ ਪਾਸੇ ਇਸੇ ਹੀ ਸਮੇਂ ਵਿਚ ਭਾਰਤੀ ਫ਼ੌਜ ਦੇ ਮੁਖੀ ਜਨਰਲ ਰਾਵਤ ਨੇ ਇਹ ਬਿਆਨ ਦਿਤੇ ਸਨ ਕਿ ਕਰਤਾਰਪੁਰ ਦੇ ਲਾਂਘੇ ਦੇ ਖੋਲ੍ਹਣ ਨੂੰ ਭਾਰਤ-ਪਾਕਿਸਤਾਨ ਸਬੰਧਾਂ ਦੇ ਕਿਸੇ ਹੋਰ ਪਹਿਲੂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਮਰਾਨ ਖਾਨ ਨੇ ਲਾਂਘੇ ਦਾ ਨੀਂਹ ਪਥਰ ਰਖਦਿਆਂ ਇਨ੍ਹਾਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਸੀ ਕਿ ਉਹ ਭਾਰਤ ਨਾਲ ਅਮਨ ਅਤੇ ਦੋਸਤੀ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ ਅਤੇ ਭਵਿਖ ਵਿਚ ਉਹ ਇਸ ਦਿਸ਼ਾ ਵਿਚ ਹੋਰ ਕਦਮ ਉਠਾਉਂਦੇ ਰਹਿਣਗੇ। ਉਨ੍ਹਾਂ ਨੇ ਇਸ ਲਾਂਘੇ ਨੂੰ ਦੋਵਾਂ ਦੇਸ਼ਾਂ ਵਿਚ ਬਣਨ ਵਾਲੀ ਸਾਂਝ ਵੀ ਕਰਾਰ ਦਿਤਾ ਸੀ। ਦੁਨੀਆ ਭਰ ਵਿਚ ਕਰੋੜਾਂ ਸ਼ਰਧਾਲੂਆਂ ਨੇ ਇਹ ਲਾਂਘਾ ਖੋਲ੍ਹਣ ਦੀ ਉਮੀਦ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਸੀ। ਆਪਣੇ ਵਿਛੜੇ ਇਸ ਪਿਆਰੇ ਗੁਰਧਾਮ ਦੇ ਦਰਸ਼ਨ ਦੀਦਾਰੇ ਕਰਨ ਲਈ ਉਹ ਪਿਛਲੇ 70 ਸਾਲ ਤੋਂ ਉਮੀਦ ਲਗਾਈ ਬੈਠੇ ਸਨ ਅਤੇ ਤੜਫ਼ਦੇ ਰਹੇ ਸਨ। ਉਨ੍ਹਾਂ ਦੀ ਵਿਛੜੇ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਸਬੰਧੀ ਅਰਦਾਸ ਵਿਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਵਿਤਰ ਸਥਾਨ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ। ਇਸ ਲਈ ਇਹ ਲਾਂਘਾ ਖੋਲ੍ਹਣ ਲਈ ਸਹਿਮਤੀ ਦੇਣ ਵਾਸਤੇ ਉਹ ਪਾਕਿਸਤਾਨ ਦੀ ਨਵੀਂ ਚੁਣੀ ਗਈ ਸਰਕਾਰ ਦੇ ਕੋਟਿਨ-ਕੋਟਿ ਧੰਨਵਾਦੀ ਸਨ ਪਰ ਸ਼ਾਇਦ ਭਾਰਤ ਵਿਚ ਕੁਝ ਅਨਸਰਾਂ ਨੂੰ ਆਪੋ-ਆਪਣੇ ਕਾਰਨਾਂ ਕਰਕੇ ਇਹ ਗਲ ਰਾਸ ਨਹੀਂ ਸੀ ਆ ਰਹੀ। ਇਸੇ ਲਈ ਜਿਸ ਦਿਨ ਤੋਂ ਇਸ ਲਾਂਘੇ ਲਈ ਨੀਂਹ-ਪਥਰ ਰਖਿਆ ਗਿਆ, ਉਸੇ ਦਿਨ ਤੋਂ ਹੀ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਦੇ ਨਾ ਖੁਲ੍ਹਣ ਜਾਂ ਇਸ ਵਿਚ ਅੜਿਕੇ ਡਾਹੁਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਹਨ। ਇਸ ਲਈ ਉਪਰ ਤੋਂ ਲੈ ਕੇ ਹੇਠਾਂ ਤਕ ਸਾਜਿਸ਼ਾਂ ਘੜੀਆਂ ਗਈਆਂ ਜਾਪਦੀਆਂ ਹਨ, ਕਿਉਂਕਿ ਇਸ ਤੋਂ ਬਾਅਦ ਹੀ ਕਈ ਕੇਂਦਰੀ ਆਗੂਆਂ, ਫ਼ੌਜ ਦੇ ਮੁਖੀਆਂ ਅਤੇ ਪੰਜਾਬ ਦੇ ਚੋਟੀ ਦੇ ਅਤੇ ਕੁਝ ਹੋਰ ਸਿਆਸਤਦਾਨਾਂ ਦੇ ਅਜਿਹੇ ਬਿਆਨ ਆਉਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਵਿਚੋਂ ਉਪਰ ਤੋਂ ਲੈ ਕੇ ਹੇਠਾਂ ਤਕ ਅਪਣਾਈ ਗਈ ਇਸ ਸੋਚ ਦੀ ਸਪਸ਼ਟ ਝਲਕ ਪੈਂਦੀ ਹੈ।
ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗਲ ਭੁਲ ਗਈ ਹੈ ਕਿ ਪਾਕਿਸਤਾਨ ਵਲੋਂ ਭਾਰਤ ਅੰਦਰ ਟ੍ਰੇਨਿੰਗ ਅਤੇ ਹਥਿਆਰ ਦੇ ਕੇ ਅਤਵਾਦੀਆਂ ਨੂੰ ਦਾਖ਼ਲ ਕਰਨ ਦੀ ਨੀਤੀ ਸਿਧੇ ਰੂਪ ਵਿਚ ਜਨਰਲ ਜ਼ਿਆ-ਉਲ-ਹਕ ਦੇ ਪਾਕਿਸਤਾਨ ਦੇ ਫ਼ੌਜ ਮੁਖੀ ਬਣਨ ਸਮੇਂ ਸਾਲ 1978 ਤੋਂ ਸ਼ੁਰੂ ਹੋਈ ਸੀ। ਉਸੇ ਸਮੇਂ ਤੋਂ ਹੀ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚ ਸਰਹਦ ‘ਤੇ ਟਕਰਾਅ ਚਲਦੇ ਆ ਰਹੇ ਸਨ, ਜਿਨ੍ਹਾਂ ਵਿਚ ਦੋਵਾਂ ਦੇਸ਼ਾਂ ਦੇ ਫ਼ੌਜੀ ਅਤੇ ਨਾਗਰਿਕ ਮਾਰੇ ਜਾਂਦੇ ਰਹੇ ਹਨ। ਅਸੀਂ ਕੈਪਟਨ ਸਾਹਿਬ ਨੂੰ ਇਸ ਗਲ ਦਾ ਵੀ ਚੇਤਾ ਕਰਵਾਉਣਾ ਚਾਹੁੰਦੇ ਹਾਂ ਕਿ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 18 ਫਰਵਰੀ, 1999 ਨੂੰ ਲਾਹੌਰ ਦੀ ਇਤਿਹਾਸਕ ਬਸ ਯਾਤਰਾ ਕੀਤੀ ਸੀ ਪਰ ਉਸ ਤੋਂ ਬਾਅਦ ਉਸੇ ਸਾਲ ਮਈ ਦੇ ਮਹੀਨੇ ਵਿਚ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਪ੍ਰਵੇਜ਼ ਮੁਸ਼ਰਫ਼ ਨੇ ਕਾਰਗਿਲ ਜੰਗ ਦੀ ਸ਼ੁਰੂਆਤ ਕੀਤੀ ਸੀ, ਜਿਸ ਦੌਰਾਨ ਭਾਰਤ ਦੇ 530 ਦੇ ਕਰੀਬ ਬਹਾਦਰ ਜਵਾਨ ਸ਼ਹੀਦ ਹੋਏ ਸਨ ਅਤੇ 1300 ਦੇ ਲਗਪਗ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ। ਉਸ ਤੋਂ ਬਾਅਦ ਇਸ ਸਾਰੇ ਖੂਨੀ ਘਟਨਾਚਕਰ ਅਤੇ ਸਰਹਦਾਂ ‘ਤੇ ਬਣੇ ਰਹੇ ਤਣਾਅ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ 2002 ਵਿਚ ਪਹਿਲੀ ਵਾਰ ਪੰਜਾਬ ਦੇ ਮੁਖ ਮੰਤਰੀ ਬਣੇ ਸਨ। ਆਪਣੇ ਪੰਜ ਸਾਲਾਂ ਦੇ ਅਰਸੇ ਦੌਰਾਨ ਉਨ੍ਹਾਂ ਦੇ ਪਾਕਿਸਤਾਨ ਵਿਚ ਬੜੇ ਦੋਸਤ ਬਣੇ ਸਨ, ਜਿਨ੍ਹਾਂ ਵਿਚ ਉਸ ਸਮੇਂ ਦੇ ਲਹਿੰਦੇ ਪੰਜਾਬ ਦੇ ਮੁਖ ਮੰਤਰੀ ਪ੍ਰਵੇਜ਼ ਇਲਾਹੀ ਵੀ ਸ਼ਾਮਿਲ ਸਨ। ਉਸ ਸਮੇਂ ਉਹ ਕਾਰਗਿਲ ਯੁਧ ਦੇ ਬਾਨੀ ਅਤੇ ਪਾਕਿਸਤਾਨ ਦੇ ਤਾਨਾਸ਼ਾਹ ਪ੍ਰਵੇਜ਼ ਮੁਸ਼ਰਫ਼ ਨੂੰ ਵੀ ਮਿਲ ਕੇ ਆਏ ਸਨ। ਕੀ ਉਸ ਸਮੇਂ ਉਨ੍ਹਾਂ ਨੂੰ ਸਰਹਦਾਂ ‘ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਫ਼ੌਜੀਆਂ ਦੀ ਯਾਦ ਨਹੀਂ ਸੀ ਆਈ? ਕੀ ਉਸ ਸਮੇਂ ਉਨ੍ਹਾਂ ਨੂੰ ਕਾਰਗਿਲ ਵਿਚ ਆਪਣੇ ਸੈਂਕੜੇ ਸ਼ਹੀਦੀਆਂ ਪਾ ਚੁਕੇ ਜਵਾਨ ਭੁਲ ਗਏ ਸਨ? ਜੇ ਅਜਿਹਾ ਨਹੀਂ ਸੀ ਤਾਂ ਪਾਕਿਸਤਾਨ ਦੀ ਧਰਤੀ ‘ਤੇ ਜਾ ਕੇ ਉਨ੍ਹਾਂ ਉਥੋਂ ਦੇ ਮੋਹਤਬਰਾਂ ਨਾਲ ਆਪਣੀਆਂ ਦੋਸਤੀਆਂ ਨੂੰ ਹੋਰ ਗੂੜ੍ਹਾ ਕਿਉਂ ਕੀਤਾ? ਉਥੋਂ ਉਹ ਵਧੀਆ ਨਸਲ ਦੇ ਘੋੜੇ ਅਤੇ ਹੋਰ ਸੌਗਾਤਾਂ ਲੈ ਕੇ ਕਿਉਂ ਆਏ? ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚ ਪਿਛਲੇ ਲੰਬੇ ਅਰਸੇ ਦੌਰਾਨ ਅਨੇਕਾਂ ਵਾਰ ਸਰਕਾਰੀ ਪਧਰ ‘ਤੇ ਮੁਲਾਕਾਤਾਂ ਹੁੰਦੀਆਂ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਬੁਲਾਏ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਇਕ ਪਰਿਵਾਰਕ ਸਮਾਰੋਹ ਵਿਚ ਲਾਹੌਰ ਵਧਾਈ ਦੇਣ ਲਈ ਚਲੇ ਗਏ ਸਨ। ਇਸ ਤੋਂ ਪਹਿਲਾਂ ਦਿਲੀ ਵਿਚ ਆਪਣੇ ਸਹੁੰ ਚੁਕ ਸਮਾਗਮ ‘ਤੇ ਉਨ੍ਹਾਂ ਨੇ ਨਵਾਜ਼ ਸ਼ਰੀਫ਼ ਨੂੰ ਵੀ ਸਦਿਆ ਸੀ ਅਤੇ ਉਸ ਦਾ ਇਥੇ ਨਿਘਾ ਸਵਾਗਤ ਵੀ ਕੀਤਾ ਸੀ। ਸ਼ਾਇਦ ਦੇਸ਼ ਦੇ ਹਾਕਮਾਂ ਵਲੋਂ ਸਮੇਂ ਦੇ ਨਾਲ ਅਜਿਹੀਆਂ ਗਲਾਂ ਨੂੰ ਭੁਲ-ਭੁਲਾ ਜਾਣ ਵਿਚ ਹੀ ਬਿਹਤਰੀ ਸਮਝੀ ਜਾਂਦੀ ਹੈ। ਸ਼ਾਇਦ ਕੈਪਟਨ ਸਾਹਿਬ ਦੀਆਂ ਪਾਕਿਸਤਾਨ ਦੀਆਂ ਦੋਸਤੀਆਂ ਹੁਣ ਸਰਹਦਾਂ ‘ਤੇ ਹਾਲਾਤ ਕਾਰਨ ਦੁਸ਼ਮਣੀ ਵਿਚ ਬਦਲ ਗਈਆਂ ਹੋਣ, ਪਰ ਸਾਡਾ ਉਨ੍ਹਾਂ ਦੀਆਂ ਅਜਿਹੀਆਂ ਗਲਾਂ ਨਾਲ ਵਾਸਤਾ ਨਹੀਂ ਹੈ। ਅਸੀਂ ਤਾਂ ਉਨ੍ਹਾਂ ਨੂੰ ਇਹੀ ਬੇਨਤੀ ਕਰ ਸਕਦੇ ਹਾਂ ਕਿ ਉਹ ਆਪਣੀ ਕਰਤਾਰਪੁਰ ਲਾਂਘੇ ਸਬੰਧੀ ਅਪਣਾਈ ਗਈ ਨਾਕਾਰਾਤਮਿਕ ਸੋਚ ਨੂੰ ਬਿਆਨਾਂ ਵਿਚ ਨਾ ਬਦਲਣ। ਸ਼ਾਇਦ ਉਨ੍ਹਾਂ ਵਲੋਂ ਚੁਪ ਰਹਿਣਾ ਹੀ ਕਰਤਾਰਪੁਰ ਲਾਂਘੇ ਦਾ ਸਬਬ ਬਣ ਜਾਵੇ। ਅਸੀਂ ਇਥੇ ਉਨ੍ਹਾਂ ਨੂੰ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਮੂਹ ਪੰਜਾਬੀਆਂ ਅਤੇ ਖਾਸ ਕਰਕੇ ਸਿਖ ਭਾਈਚਾਰੇ ਨੇ ਦੇਸ਼ ਲਈ ਹਰ ਸੰਕਟ ਸਮੇਂ ਅਗੇ ਹੋ ਕੇ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਵਿਚ ਅੜਿਕਾ ਡਾਹ ਕੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਪ੍ਰਸ਼ਨ ਨਹੀਂ ਉਠਾਉਣੇ ਚਾਹੀਦੇ। ਜੇਕਰ ਉਨ੍ਹਾਂ ਵਲੋਂ ਭਵਿਖ ਵਿਚ ਇਸ ਬੇਹਦ ਮਹਤਵਪੂਰਨ ਮਸਲੇ ‘ਤੇ ਅਜਿਹੀ ਨੀਤੀ ਜਾਰੀ ਰਖੀ ਗਈ ਤਾਂ ਲੋਕ ਉਨ੍ਹਾਂ ਨੂੰ ਇਸ ਗਲ ਲਈ ਕਦੇ ਮੁਆਫ਼ ਨਹੀਂ ਕਰਨਗੇ।



