ਰਾਹੁਲ ਗਾਂਧੀ ਨੇ ਸਹਾਰਨਪੁਰ ’ਚ ਰੈਲੀ ਦੌਰਾਨ ਕੀਤਾ ਮਸੂਦ ਦਾ ਬਚਾਅ
ਸਹਾਰਨਪੁਰ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਸਹਾਰਨਪੁਰ ਤੋਂ ਕਾਂਗਰਸ ਉਮੀਦਵਾਰ ਇਮਰਾਨ ਮਸੂਦ ਨੂੰ ਅਦਾਲਤ ਨੇ 14 ਦਿਨ ਲਈ ਕਾਨੂੰਨੀ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਮੋਦੀ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਇਮਰਾਨ ਮਸੂਦ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਸਹਾਰਨਪੁਰ ਵਿੱਚ ਆਪਣੀ ਰੈਲੀ ਨੂੰ ਅੱਜ ਸੰਬੋਧਨ ਕਰਦਿਆਂ ਮਸੂਦ ਦਾ ਬਚਾਅ ਕਰਦਿਆਂ ਕਿਹਾ ਕਿ ਸਾਨੂੰ ਕਿਸੇ ਦੇ ਵਿਰੁੱਧ ਸਖ਼ਤ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਜਿੰਨਾ ਮਰਜੀ ਗਾਲੀ ਗਲੋਚ ਕਰਨ। ਬੀਜੇਪੀ ਨੇ ਚੋਣ ਕਮਿਸ਼ਨ ਨੂੰ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕਾਂਗਰਸ ਉਮੀਦਵਾਰ
ਇਮਰਾਨ ਮਸੂਦ ਦੀ ਉਮੀਦਵਾਰੀ ਰੱਦ ਕਰਨ ਲਈ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸਹਾਰਨਪੁਰ ਤੋਂ ਮੁਸਲਮਾਨ ਨੇਤਾ ਇਮਰਾਨ ਮਸੂਦ ਨੂੰ ਟਿਕਟ ਦਿੱਤਾ ਸੀ ਕਿ ਚੋਣ ਵਿੱਚ ਫਾਇਦਾ ਹੋਵੇਗਾ ਲੇਕਿਨ ਮਸੂਦ ਨੇ ਮੋਦੀ ਬਾਰੇ ਵਿਵਾਦਮਈ ਬਿਆਨ ਦੇ ਕੇ ਆਪਣੇ ਆਪ ਨੂੰ ਅਤੇ ਪਾਰਟੀ ਨੂੰ ਮੁਸ਼ਕਿਲਾਂ ਵਿੱਚ ਪਾ ਦਿੱਤਾ ਹੈ। ਹੁਣ ਉਨ੍ਹਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।
ਗ੍ਰਿਫਤਾਰੀ ਵੱਲੋਂ ਪਹਿਲਾਂ ਕੱਲ੍ਹ ਇਮਰਾਨ ਮਸੂਦ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਬਿਆਨ ਉੱਤੇ ਦੁੱਖ ਹੈ ਲੇਕਿਨ ਉਹ ਮੋਦੀ ਜਾਂ ਭਾਜਪਾ ਤੋਂ ਕਿਸੇ ਕੀਮਤ ਉੱਤੇ ਮੁਆਫੀ ਨਹੀਂ ਮੰਗਣਗੇ। ਮੀਡੀਆ ਨਾਲ ਗੱਲਬਾਤ ਵਿੱਚ ਮਸੂਦ ਨੇ ਕਿਹਾ, ‘‘ਮੰਨਦਾ ਹਾਂ ਕਿ ਗਲਤ ਸ਼ਬਦ ਇਸਤੇਮਾਲ ਕੀਤੇ ਗਏ, ਪਰ ਇਸ ਲਈ ਮੈਂ ਕਿਸੇ ਤੋਂ ਮੁਆਫ਼ੀ ਨਹੀਂ ਮੰਗਾਂਗਾ। ਇਹ 6 ਮਹੀਨੇ ਪੁਰਾਣਾ ਵੀਡੀਓ ਹੈ, ਚੋਣਾਂ ਦੇ ਸਮੇਂ ਦਾ ਵੀਡੀਓ ਨਹੀਂ ਹੈ। ਇਹ ਗੱਲਾਂ ਉਨ੍ਹਾਂ ਦਿਨਾਂ ਦੀਆਂ ਹਨ ਜਦੋਂ ਮੈਂ ਸਮਾਜਵਾਦੀ ਪਾਰਟੀ ਵਿਚ ਸੀ। ਮੈਂ ਇਕ ਮੁਹਾਵਰੇ ਦੇ ਤੌਰ ’ਤੇ ਇਹ ਗੱਲ ਕਹੀ ਸੀ।’’ ਇਕ ਵੈਬਸਾਈਟ ਉਪਰ ਜਾਰੀ ਵੀਡੀਓ ਵਿਚ ਮੋਦੀ ਦਾ ਜ਼ਿਕਰ ਕਰਦਿਆਂ ਮਸੂਦ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਗੁਜਰਾਤ ਵਿਚ ਇਸ ਲਈ ਬਚ ਗਿਆ ਕਿ ਉਥੇ ਚਾਰ ਫੀਸਦੀ ਮੁਸਲਮਾਨ ਹਨ। ਉਹ ਹੁਣ ਉਤਰ ਪ੍ਰਦੇਸ਼ ਵਿਚ ਆਪਣੇ ਪੈਰ ਜਮਾਉਣਾ ਚਾਹੁੰਦਾ ਹੈ। ਜੇ ਉਸ ਨੇ ਗੁਜਰਾਤ ਵਰਗੀ ਗੱਲ ਇਥੇ ਕੀਤੀ ਤਾਂ ਉਹ ਉਸ ਦੀ ਬੋਟੀ-ਬੋਟੀ ਕਰ ਦੇਵੇਗਾ।