ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
ਹੁਣੇ ਜਿਹੇ ਵਿਕੀਲਿਕਸ ਦੇ ਬਾਨੀ ਅਸਾਂਜੇ ਨੇ ਨਰਿੰਦਰ ਮੋਦੀ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਉਹ ਡਰਾ-ਧਮਕਾ ਕੇ ਰਾਜ ਕਰਦੇ ਹਨ ਤੇ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਮੋਦੀ ਭ੍ਰਿਸ਼ਟ ਨਹੀਂ ਹਨ। ਇਸ ਤੋਂ ਇਲਾਵਾ ਅਸਾਂਜੇ ਨੇ ਕਿਹਾ ਕਿ ਭਾਜਪਾ ਨੇ ਚੰਦਾ ਇਕੱਠਾ ਕਰਨ ਲਈ ਫਰਜ਼ੀ ਪੋਸਟਰ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੋਦੀ ਨੂੰ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੇ ਕੋਈ ਵਿਕਾਸ ਨਹੀਂ ਕੀਤਾ, ਸਗੋਂ ਕਿਸਾਨਾਂ ਦਾ ਉਜਾੜਾ ਹੋਇਆ ਹੈ, ਪਰ ਮੀਡੀਏ ਦੇ ਵਿੱਚ ਨਰਿੰਦਰ ਮੋਦੀ ਨੂੰ ਇੰਝ ਉਭਾਰਿਆ ਜਾ ਰਿਹਾ ਹੈ, ਜਿਵੇਂ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਦੀ ਹੀ ਲਹਿਰ ਹੋਵੇ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁਝ ਵੱਡੇ ਮੀਡੀਆ ਹਾਊਸਿਸ ਨੇ ਸਰਵੇ ਕਰਵਾਇਆ, ਜਿਸ ’ਚ ਕਾਂਗਰਸ ਤੇ ਭਾਜਪਾ ਨੂੰ ਮਿਲਣ ਵਾਲੀਆਂ ਲੋਕ ਸਭਾ ਸੀਟਾਂ ’ਚ ਸਿਰਫ਼ 15 ਤੋਂ 20 ਸੀਟਾਂ ਦਾ ਫ਼ਾਸਲਾ ਹੈ। ਕਾਂਗਰਸ ਦੇ ਮੁਕਾਬਲੇ ਭਾਜਪਾ ਨੂੰ ਸਿਰਫ਼ 20 ਸੀਟਾਂ ਵੱਧ ਮਿਲਣ ਦੀ ਸੰਭਾਵਨਾ ਹੈ। ਸਾਰੇ ਸਰਵੇ ਦੱਸ ਰਹੇ ਹਨ ਕਿ ਦੇਸ ਦੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ 150 ਸੀਟਾਂ ਵੀ ਨਹੀਂ ਲੈ ਸਕਣਗੀਆਂ। ਅਰਥਾਤ ਕੁੱਲ 543 ਸੀਟਾਂ ’ਚੋਂ ਭਾਜਪਾ 150 ਦਾ ਅੰਕੜਾ ਵੀ ਨਾ ਛੂਹ ਸਕਣ, ਤਾਂ ਫਿਰ ਕਿਵੇਂ ਸੰਭਵ ਹੈ ਕਿ ਭਾਜਪਾ ਸਰਕਾਰ ਬਣਾ ਲਵੇਗੀ। ਹਾਲਾਂਕਿ ਮੋਦੀ ਅਤੇ ਅਡਵਾਨੀ ਦੀ ਫੁੱਟ ਕਿਸੇ ਤੋਂ ਛੁਪੀ ਨਹੀਂ ਹੈ।
ਨਰਿੰਦਰ ਮੋਦੀ ਦੀ ਭੂਮਿਕਾ ਤੇ ਗੁਜਰਾਤ ਦੇ ਵਿਕਾਸ ਦੀ ਜਿਹੜੀ ਤਸਵੀਰ ਬਣਾਈ ਹੈ, ਉਹ ਸਿਰਫ਼ ਟੀਵੀ ਚੈਨਲਾਂ ਦੀਆਂ ਸੂਚਨਾਵਾਂ ’ਤੇ ਆਧਾਰਿਤ ਹੈ। ਗੁਜਰਾਤ ਦੇ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਦੀ ਪੀੜਾ, ਮਜਬੂਰੀਆਂ ਕਦੇ ਵੀ ਚੈਨਲਾਂ ’ਤੇ ਨਹੀਂ ਦਿਖਾਈ ਜਾਂਦੀਆਂ। ਬੀਤੇ ਸਮੇਂ ਦੌਰਾਨ ਆਈ ‘ਕੈਗ’ ਦੀ ਰਿਪੋਰਟ ਨੇ ਇੱਕ ਵਾਰ ਫਿਰ ਤੋਂ ਮੋਦੀ ਦੇ ਚਮਕਦੇ ਗੁਜਰਾਤ ਦੀ ਅਸਲੀ ਤਸਵੀਰ ਨੂੰ ਉਜਾਗਰ ਕਰ ਦਿੱਤਾ ਹੈ। ਕੈਗ ਦੀ ਰਿਪੋਰਟ ਅਨੁਸਾਰ ਗੁਜਰਾਤ ’ਚ ਹਰ ਤੀਜਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹਨ। ਸਰਕਾਰੀ ਅੰਕੜੇ ਮੁਤਾਬਕ 14 ਜ਼ਿਲ੍ਹਿਆਂ ’ਚ ਘੱਟ ਤੋਂ ਘੱਟ 6.73 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਗੁਜਰਾਤ ਦੇ ਸਭ ਤੋਂ ਵੱਡੇ ਵਪਾਰਕ ਸ਼ਹਿਰ ਅਹਿਮਦਾਬਾਦ ’ਚ ਸਭ ਤੋਂ ਵੱਧ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ। ਗੁਜਰਾਤ ’ਚ 31 ਫ਼ੀਸਦੀ ਆਬਾਦੀ ਗ਼ਰੀਬੀ ਰੇਖਾਂ ਤੋਂ ਹੇਠਾਂ ਹੈ।
ਗੁਜਰਾਤ ਦੇ ਆਰਥਿਕ ਮਾਡਲ ’ਤੇ ਝਾਤ ਪਾਉਣ ਤੋਂ ਬਾਅਦ ਅਸੀਂ ਇੱਕ ਨਜ਼ਰ ਉ¤ਥੋਂ ਦੇ ਸਾਮਾਜਿਕ ਵਿਕਾਸ ’ਤੇ ਨਜ਼ਰ ਮਾਰੀਏ, ਤਾਂ ਗੁਜਰਾਤ ਦੀ ਤਸਵੀਰ ਹੋਰ ਸਾਫ਼ ਹੋ ਜਾਵੇਗੀ। ਗੁਜਰਾਤ ਦੀਆਂ ਰਿਹਾਇਸ਼ਾਂ ਵੰਡੀਆਂ ਹਨ। ਮੁਸਲਮਾਨਾਂ ਤੇ ਹਿੰਦੂਆਂ ਵਿਚਾਲੇ ਸਾਮਾਜਿਕ ਵੰਡੀਆਂ ਬਹੁਤ ਡੂੰਘੀਆਂ ਹਨ। ਇਹੀ ਧਰੁਵੀਕਰਨ, ਹਿੰਦੂ ਤੇ ਮੁਸਲਿਮ ਦੇ ਰੂਪ ’ਚ ਲੋਕਾਂ ਦੀ ਪਛਾਣ, ਮੋਦੀ ਦੀ ਰਾਜਨੀਤੀ ਨੂੰ ਗੁਜਰਾਤ ’ਚ ਜਿਤਾ ਰਹੀ ਹੈ। ਸਾਮਾਜਿਕ ਧਰੁਵੀਕਰਨ ਕਰਕੇ ਭਾਜਪਾ ਮੁੜ ਸੱਤਾ ’ਚ ਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਬੁਨਿਆਦੀ ਅਤੇ ਵੱਡਾ ਪ੍ਰਯੋਗ ਗੁਜਰਾਤ ਹੈ। ਪਰ ਪੂਰੇ ਭਾਰਤ ਵਿਚ ਇਹ ਫਾਸ਼ੀਵਾਦੀ ਪੱਤਾ ਚੱਲਣਾ ਹੁਣ ਅਸੰਭਵ ਹੈ।
ਗੁਜਰਾਤ ’ਚ 70 ਫ਼ੀਸਦੀ ਦਲਿਤ ਲੜਕੀਆਂ ਮਿਡਲ ਸਿੱਖਿਆ ਤੱਕ ਨਹੀਂ ਪਹੁੰਚ ਸਕੀਆਂ। ਸ਼ਹਿਰੀ ਖੇਤਰ ’ਚ ਔਰਤਾਂ ਨਾਲ ਯੌਨ ਹਿੰਸਾ, ਛੇੜਛਾੜ, ਬਲਾਤਕਾਰ ਤੇਜ਼ੀ ਨਾਲ ਵੱਧ ਰਹੇ ਹਨ। ਰੁਜ਼ਗਾਰ-ਸਿਰਜਣ ’ਚ ਮਹਾਂਰਾਸ਼ਟਰ ਤੇ ਤਾਮਿਲਨਾਡੂ ਗੁਜਰਾਤ ਤੋਂ ਬਹੁਤ ਅੱਗੇ ਹਨ। ਸਾਮਾਜਿਕ ਵਿਕਾਸ ਸੂਚਕਾਂਕ ’ਚ ਗੁਜਰਾਤ ਦੇਸ ਦੇ 20 ਵੱਡੇ ਰਾਜਾਂ ’ਚ 17ਵੇਂ ਸਥਾਨ ’ਤੇ ਹਨ। ਭਾਜਪਾ-ਸ਼ਾਸਿਤ ਮੱਧ ਪ੍ਰਦੇਸ਼ ਅਤੇ ਜਨਤਾ ਦਲ (ਯੂ)-ਸ਼ਾਸਿਤ ਬਿਹਾਰ ਵਰਗੇ ਰਾਜ ਵੀ ਖੇਤੀਬਾੜੀ ਵਿਕਾਸ-ਦਰ ਦੇ ਮਾਮਲੇ ’ਚ ਗੁਜਰਾਤ ਤੋਂ ਬਹੁਤ ਅੱਗੇ ਹਨ। ਉ¤ਚ ਸਿੱਖਿਆ ਦੇ ਮਾਮਲੇ ’ਚ ਗੁਜਰਾਤ ਦਾ ਰਿਕਾਰਡ ਬੇਹੱਦ ਖ਼ਰਾਬ ਹੈ। ਸਾਖਰਤਾ ਦੇ ਮਾਮਲੇ ’ਚ ਉਹ ਦੇਸ ਦੇ 12 ਉ¤ਚ ਸਿੱਖਿਅਤ ਸੂਬਿਆਂ ’ਚ ਹੁਣ ਤੱਕ ਆਪਣੀ ਥਾਂ ਨਹੀਂ ਬਣਾ ਸਕਿਆ। ਗੁਜਰਾਤ ’ਚ ਅਮੀਰੀ ਬੜੀ ਤੇਜ਼ੀ ਨਾਲ ਵਧੀ, ਪਰ ਗ਼ਰੀਬੀ ਘੱਟ ਨਹੀਂ ਹੋਈ। ਇਸੇ ਲਈ ਪ੍ਰਤੀ ਵਿਅਕਤੀ ਆਮਦਨ ’ਚ ਵੀ ਗੁਜਰਾਤ ਹਰਿਆਣਾ, ਮਹਾਂਰਾਸ਼ਟਰ, ਪੰਜਾਬ, ਤਾਮਿਲਨਾਡੂ ਆਦਿ ਰਾਜਾਂ ਤੋਂ ਪਿੱਛੇ ਹੈ।
ਗੁਜਰਾਤ ਦੇ ਪੱਛੜੇ ਹੋਏ ਇਲਾਕਿਆਂ-ਡਾਂਗ, ਨਰਮਦਾ, ਪੰਚਮਹਲ, ਸਾਬਰਕਾਂਟਾ, ਤਾਪੀ ਜਾਂ ਬਨਸਕਾਂਟਾ ਆਦਿ ਦੀ ਅਸਲੀ ਤਸਵੀਰ ਵੀ ਚੈਨਲਾਂ ਜਾਂ ਅਖ਼ਬਾਰਾਂ ਰਾਹੀਂ ਗੁਜਰਾਤ ਦੇ ਬਾਹਰਲੇ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ। ਗੁਜਰਾਤ ਦੇ ਪੰਜ ਜ਼ਿਲ੍ਹੇ ਅੱਜ ਵੀ ਦੇਸ ਦੇ ਸਭ ਤੋਂ ਵੱਧ ਪਿਛੜੇ 50 ਜ਼ਿਲ੍ਹਿਆਂ ’ਚ ਸ਼ਾਮਲ ਹਨ।
ਮੋਦੀ ਦੇ ਗੁਜਰਾਤ ਮਾਡਲ ਨੂੰ ਚਮਕਾਉਣ ਪਿੱਛੇ ਕਾਰਪੋਰੇਟ ਜਗਤ ਦੀ ਨੀਤੀ ਹੈ, ਜਿਸ ਨਾਲ ਗੱਠਜੋੜ ਭਾਜਪਾ ਦਾ ਹੋ ਚੁੱਕਿਆ ਹੈ। ਯਥਾਰਥ ਵਿੱਚ ਉ¤ਥੇ ਵਿਕਾਸ ਨਹੀਂ, ਸਿਰਫ਼ ਚੈਨਲਾਂ ’ਚ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਦੀ ਸੋਚ ਨੂੰ ਮੋਦੀ ਦੇ ਹੱਕ ਵਿੱਚ ਪ੍ਰਭਾਵਿਤ ਕੀਤਾ ਜਾ ਸਕੇ। ਗੁਜਰਾਤ ’ਚ ਮੋਦੀ ਨੇ ਦੋ ਵੱਡੇ ਅੰਬਾਨੀ-ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਉ¤ਚ ਵਰਗ ਦੇ ਵਿਕਾਸ ਨੂੰ ਜ਼ਿਆਦਾ ਤਰਜੀਹ ਦਿੱਤੀ। ਮੋਦੀ ਦੇ ਯੋਜਨਾਕਾਰਾਂ ਦਾ ਵਿਸ਼ਵਾਸ ਸੀ ਕਿ ਉ¤ਪਰਲੇ ਵਿਕਾਸ ਦਾ ਫ਼ਾਇਦਾ ਹੇਠਾਂ ਤੱਕ ਜਾਵੇਗਾ, ਪਰ ਹੋਇਆ ਇਸ ਦੇ ਉਲਟ। ਆਦੀਵਾਸੀ ਤੇ ਆਮ ਲੋਕ ਕਹਿ ਰਹੇ ਹਨ ਕਿ ਮੋਦੀ ਦਾ ਇਹ ਵਿਕਾਸ ਮਾਡਲ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ, ਜੋ ਖੇਤੀ-ਕਿਸਾਨੀ, ਆਬਾਦੀ-ਬਸਤੀ, ਆਜੀਵਿਕਾ ਅਤੇ ਪ੍ਰਕਿਰਤੀ ਨੂੰ ਉਜਾੜ ਕੇ ਉਨ੍ਹਾਂ ਦੀ ਥਾਂ ’ਤੇ ਕਾਰਪੋਰੇਟ ਜਗਤ ਤੇ ਸ਼ਹਿਰੀਕਰਨ ਦਾ ਵਿਕਾਸ ਕਰਦਾ ਹੈ। ਇਹ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਹੈ ਕਿ ਸਰਕਾਰਾਂ ਪ੍ਰਾਕਿਰਤਕ ਸਾਧਨਾਂ ਨੂੰ ਜ਼ਬਰਦਸਤੀ ਕਬਜ਼ਾ ਕਰਕੇ ਉਨ੍ਹਾਂ ਨੂੰ ਕਾਰਪੋਰੇਟ ਸਮੂਹਾਂ ਦੇ ਹਵਾਲੇ ਕਰਦੀਆਂ ਜਾਣ ਅਤੇ ਕਿਰਤੀ ਵਰਗ ਦੇ ਅਧਿਕਾਰਾਂ ਦਾ ਸ਼ੋਸ਼ਣ ਕਰਦੀਆਂ ਰਹਿਣ।
ਗੁਜਰਾਤ ’ਚ ਜੋ ਕਿਸਾਨ ਖੇਤੀ ਲਾਇਕ ਜ਼ਮੀਨ ਚਾਹੁੰਦੇ ਹਨ, ਉਨ੍ਹਾਂ ਨੂੰ ਦੇਣ ਲਈ ਸਰਕਾਰ ਕੋਲ ਜ਼ਮੀਨ ਨਹੀਂ ਹੈ। ਲੇਕਿਨ ਦੇਸੀ-ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਲਈ ਸਰਕਾਰ ਕੋਲ ਜ਼ਮੀਨ ਹੀ ਜ਼ਮੀਨ ਹੈ। ਗੁਜਰਾਤ ਸਰਕਾਰ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਦੇਸੀ-ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਨੂੰ ਲੁਟਾਉਂਦੀ ਜਾ ਰਹੀ ਹੈ। ਕੱਛ ਜ਼ਿਲ੍ਹੇ ਦੇ ਲਖਪਤ ਤਾਲੁਕਾ ’ਚ ਦੀਪਕ ਸੀਮਿੰਟਸ ਨੂੰ ਚੌਰਾਸੀ ਹੈਕਟੇਅਰ ਜ਼ਮੀਨ ਪੰਜ ਰੁਪਏ ਪ੍ਰਤੀ ਮੀਟਰ ਦੀ ਦਰ ’ਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ। ਸੰਨ 2007 ਤੋਂ 2009 ਦੌਰਾਨ ‘ਜੀਵੰਤ ਗੁਜਰਾਤ ਵਿਸ਼ਵਕ ਨਿਵੇਸ਼ਕ ਸ਼ਿਖਰ ਸੰਮੇਲਨਾਂ’ (ਵਾਈਬਰੈਂਟ ਗੁਜਰਾਤ ਗਲੋਬਲ ਇਨਵੈਸਟਰਸ ਸਮਿਟਸ) ’ਚ ਸਰਕਾਰ ਨੇ ਦੇਸੀ-ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਨੂੰ ਰਾਜ ’ਚ ਉਦਯੋਗਿਕ ਕੇਂਦਰਾਂ ਦੀ ਸਥਾਪਨਾ ਲਈ ਅਤਿ ਮਹੱਤਵਪੂਰਨ ਸਥਾਨਾਂ ਦੀਆਂ ਕੀਮਤੀ ਜ਼ਮੀਨਾਂ ਨੂੰ ਘੱਟ ਕੀਮਤਾਂ ’ਤੇ ਦੇਣ ਦਾ ਭਰੋਸਾ ਦਿੱਤਾ।
ਲਾਰਸਨ ਐਂਡ ਟਰਬੋ ਨੂੰ 109 ਹੈਕਟੇਅਰ ਜ਼ਮੀਨ ਦੱਖਣ ਗੁਜਰਾਤ ਸਥਿਤ ਸੁਵਾਲੀ ’ਚ ਸੌ ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ’ਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ। ਇਸੇ ਤਰ੍ਹਾਂ, ਐ¤ਸਾਰ ਸਮੂਹ ਨੂੰ ਦਸ ਹੈਕਟੇਅਰ ਤੋਂ ਵੱਧ ਗਾਂਧੀਨਗਰ ’ਚ ਪੰਜ ਹਜ਼ਾਰ ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਮਿਲੀ। ਏਬੀਜੀ ਸੀਮਿੰਟ ਨੇ ਤਿੰਨ ਸੌ ਹੈਕਟੇਅਰ ਜ਼ਮੀਨ ਗਿਆਰ੍ਹਾਂ ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ’ਤੇ ਖ਼ਰੀਦੀ। ਰਿਲਾਇੰਸ ਜਾਮਨਗਰ ਇਨਫਰਾਸਟਰੱਕਚਰ ਨੂੰ ਚੌਦ੍ਹਾਂ ਸੌ ਹੈਕਟੇਅਰ ਜ਼ਮੀਨ 80 ਰੁਪਏ ਤੋਂ ਲੈ ਕੇ 390 ਰੁਪਏ ਪ੍ਰਤੀ ਵਰਗਮੀਟਰ ਦੇ ਭਾਅ ਨਾਲ ਦਿੱਤੀ ਗਈ। ਭਰੂਚ ਸਥਿਤ ਜੰਬੂਸਾਰ ’ਚ ਸਟਰਲਿੰਗ ਇਨਫਰਾਸਟਰੱਕਚਰ ਨੇ 577 ਹੈਕਟੇਅਰ ਜ਼ਮੀਨ 57 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਹੜੱਪ ਲਈ। ਕੋਸਟਲ ਗੁਜਰਾਤ ਪਾਵਰ ਕੰਪਨੀ ਦੇ ਖਾਤੇ ’ਚ ਕੱਛ ਖੇਤਰ ਦੀ 218 ਹੈਕਟੇਅਰ ਜ਼ਮੀਨ ਬਾਰ੍ਹਾਂ ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਹੋਈ। ਸੁਰਖਾਬ ਬਰਡ ਰਿਜਾਰਟ ਨੂੰ ਵੀਹ ਹੈਕਟੇਅਰ ਜ਼ਮੀਨ ਗਿਆਰ੍ਹਾਂ ਰੁਪਏ ਪ੍ਰਤੀ ਮੀਟਰ ਦੇ ਭਾਅ ਨਾਲ ਕੱਛ ਜ਼ਿਲ੍ਹੇ ਦੇ ਮਾਂਡਵੀ ’ਚ ਦਿੱਤੀ ਗਈ। ਤੁਲਸੀ ਬਾਇਓਸਾਇੰਸ ਨੂੰ ਬਲਸਾਡ ਦੇ ਪਰਡੀ ਇਲਾਕੇ ’ਚ ਤਿੰਨ ਹੈਕਟੇਅਰ ਜ਼ਮੀਨ ਸਾਢੇ ਪੰਜ ਸੌ ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਦਿੱਤੀ ਗਈ।
‘ਵਾਈਬਰੈਂਟ ਗੁਜਰਾਤ ਇਨਵੈਸਟਰਸ ਸਮਿਟ’ ਤੋਂ ਇਲਾਵਾ ਸਮੇਂ-ਸਮੇਂ ’ਤੇ ਗੁਜਰਾਤ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਇਫਰਾਤ ’ਚ ਜ਼ਮੀਨ ਲੱਗਭੱਗ ਥੋੜ੍ਹੀ ਕੀਮਤ ’ਤੇ ਯਾਨੀ ਮੁਫ਼ਤ ਦੇ ਭਾਅ ’ਚ ਵੰਡਦੀ ਗਈ। ਉ¤ਪਰ ਦਿੱਤੇ ਵੇਰਵੇ ਪੂਰੇ ਨਹੀਂ ਹਨ, ਪਰ ਇਸ ਗੱਲ ਦਾ ਖੁਲਾਸਾ ਜ਼ਰੂਰ ਕਰਦਾ ਹੈ ਕਿ ਗੁਜਰਾਤ ’ਚ ਕਿਵੇਂ ਸਰਕਾਰ ਨੂੰ ਮੋਹਰਾ ਬਣਾ ਕੇ ਦੇਸੀ-ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਕਿਸਾਨਾਂ ਦੀ ਜ਼ਮੀਨ ਦੀ ਖੁੱਲ੍ਹੀ ਲੁੱਟ ਕਰ ਰਹੀਆਂ ਹਨ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਗੁਜਰਾਤ ਦਾ ਵਿਕਾਸ ਮਾਡਲ ਭਾਰਤ ਦੀ ਜਮਹੂਰੀਅਤ ਦੇ ਹਿੱਤ ਵਿੱਚ ਨਹੀਂ ਹੈ, ਕਿਉਂਕਿ ਇਹ ਅਮੀਰ ਵਰਗ ਦਾ ਵਿਕਾਸ ਚਾਹੁੰਦਾ ਹੈ, ਕਿਸਾਨੀ, ਕਿਰਤੀ ਤੇ ਗ਼ਰੀਬ ਦੇ ਹਿੱਤ ਲਈ ਇਹ ਮਾਡਲ ਫਿਟ ਨਹੀਂ ਹੈ। ਇਸ ਮਾਡਲ ਤਹਿਤ ਦੇਸ ਦਾ ਵਿਕਾਸ ਨਹੀਂ ਹੋ ਸਕਦਾ। ਇਹ ਲੁੱਟ ਤੇ ਭ੍ਰਿਸ਼ਟ ਵਿਵਸਥਾ ਨੂੰ ਹੀ ਜਨਮ ਦੇਵੇਗਾ। ਅੱਜ ਮਹਿੰਗਾਈ, ਗ਼ਰੀਬੀ ਤੇ ਬੇਰੁਜ਼ਗਾਰੀ ਦਾ ਕਾਰਨ ਹੀ ਕਾਰਪੋਰੇਟ ਜਗਤ ਦੇ ਹਿੱਤ ਵਿੱਚ ਚੱਲ ਰਹੀ ਸਿਆਸਤ ਹੈ, ਜੋ ਭਾਰਤ ਦੀ ਜਮਹੂਰੀਅਤ ਲਈ ਖ਼ਤਰਨਾਕ ਹੈ। ਇਹ ਕਾਰਪੋਰੇਟ ਜਗਤ ਹੀ ਅਜਿਹੇ ਲੀਡਰਾਂ ਤੇ ਪਾਰਟੀਆਂ ਨੂੰ ਮਾਇਆ ਦੇ ਜ਼ੋਰ ਨਾਲ ਉਭਾਰ ਰਿਹਾ ਹੈ। ਇਸ ਨੂੰ ਨੱਥ ਪਾਉਣ ਲਈ ਜ਼ਰੂਰੀ ਹੈ ਕਿ ਇਹੋ ਜਿਹੀ ਰਚਨਾ ਕਰਨ ਵਾਲੇ ਸਿਆਸਤਦਾਨਾਂ ਦਾ ਰਾਹ ਲੋਕ ਸ਼ਕਤੀ ਨਾਲ ਰੋਕਿਆ ਜਾਵੇ। ਲੋਕ ਪੱਖੀ ਮੀਡੀਆ ਨੂੰ ਇਸ ਸੰਬੰਧੀ ਉਸਾਰੂ ਭੂਮਿਕਾ ਨਿਭਾਉਣ ਦੀ ਲੋੜ ਹੈ ਤਾਂ ਜੋ ਇਮਾਨਦਾਰ ਲੋਕ ਰਾਜਨੀਤੀ ਵਿਚ ਆ ਸਕਣ ਤੇ ਦੇਸ-ਸਮਾਜ ਨੂੰ ਸੰਵਾਰ ਸਕਣ। ਗੁਰਬਾਣੀ ਵਿਚ ਸੱਚ ਕਿਹਾ ਹੈ ਕਿ ਜਦੋਂ ਰਾਜੇ ਹੀ ਮਾਇਆ ਖਾਤਰ ਦੁਨੀਆਂ ਨੂੰ ਲੁੱਟਣ ਲੱਗਣ ਤਾਂ ਸਮਾਜ ਦਿਸ਼ਾਹੀਣ ਹੋ ਜਾਂਦਾ ਹੈ :
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥