ਕੋਟਕਪੂਰਾ, 12 ਨਵੰਬਰ (ਅਮਨ ਸ਼ਰਮਾ)-ਅੱਜ ਸਵੇਰੇ ਕਰੀਬ 11 ਵਜੇ ਕੋਟਕਪੂਰਾ ਦੇ ਨਜ਼ਦੀਕ ਬਠਿੰਡਾ-ਸ਼੍ਰੀ ਅੰਮ੍ਰਿਤਸਰ ਸਾਹਿਬ ਕੌਮੀ ਸ਼ਾਹਰਾਹ ਨੰਬਰ 54 ’ਤੇ ਫ਼ਰੀਦਕੋਟ ਨੂੰ ਜਾ ਰਹੀ ਇਕ ਟੋਯਿਟਾ ਕਾਰ ਦੇ ਟਰੈਕਟਰ ਟਰਾਲੀ ਦੇ ਪਿੱਛੋਂ ਵੱਜਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਮੈਡੀਕਲ ਕਾਲਜ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਹਰਪ੍ਰੀਤ ਸਿੰਘ (25) ਪੁੱਤਰ ਮਹਿੰਦਰ ਸਿੰਘ ਵਾਸੀ ਬਠਿੰਡਾ ਆਪਣੇ 23 ਨਵੰਬਰ ਨੂੰ ਹੋਣ ਵਾਲੇ ਵਿਆਹ ਦੇ ਕਾਰਡ ਦੇਣ ਲਈ ਦੋ ਸਾਥੀਆਂ ਸਮੇਤ ਆਪਣੀ ਕਾਰ’ਤੇ ਸਵਾਰ ਹੋ ਕੇ ਬਠਿੰਡਾ ਤੋਂ ਫ਼ਰੀਦਕੋਟ ਜਾ ਰਹੇ ਸਨ। ਜਦ ਉਹ ਕੋਟਕਪੂਰਾ-ਮੋਗਾ ਰੋਡ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਅੱਗੇ ਜਾ ਰਹੀ ਮਿੱਟੀ ਦੀ ਭਰੀ ਟਰਾਲੀ ਨਾਲ ਪਿੱਛੋਂ ਟਕਰਾ ਗਈ। ਜਿਸ ਕਾਰਨ ਕਾਰ ਚਾਲਕ ਹਰਪ੍ਰੀਤ ਸਿੰਘ, ਸਤਪਾਲ ਸਿੰਘ (20) ਪੁੱਤਰ ਲਛਮਣ ਸਿੰਘ ਦੀ ਮੌਤ ਹੋ ਗਈ। ਜਦਕਿ ਤੀਜੇ ਸਾਥੀ ਜਲੰਧਰ ਸਿੰਘ ਪੁੱਤਰ ਜਸਕੌਰ ਸਿੰਘ ਦੀਆਂ ਦੋਨਾਂ ਲੱਤਾਂ ’ਤੇ ਇਕ ਬਾਂਹ ਟੁੱਟ ਗਈ ਜਿਸ ਨੂੰ ਸ਼੍ਰੀ ਗੌਮੁੱਖ ਸਹਾਰਾ ਲੰਗਰ ਕਮੇਟੀ ਜੈਤੋ ਦੇ ਵਲੰਟੀਅਰਾਂ ਨੇ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਮਹਿੰਦਰਾ ਟਰੈਕਟਰ ਦੇ ਮੈਡਗਾਰਡ ’ਤੇ ਬੈਠੇ ਜਸਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਪਹਿਲੂਵਾਲਾ ਟਰੈਕਟਰ ਤੋਂ ਡਿੱਗ ਕੇ ਮਿੱਟੀ ਨਾਲ ਭਰੀ ਟਰਾਲੀ ਦੇ ਟਾਇਰ ਹੇਠ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸਦੀ ਮੌਕੇ ’ਤੇ ਮੌਤ ਹੋ ਗਈ। ਉਸ ਨੂੰ ਬੜੀ ਮੁਸ਼ਕਲ ਨਾਲ ਟਰਾਲੀ ਹੇਠੋਂ ਕੱਢਿਆ ਗਿਆ। ਮੌਕੇ ’ਤੇ ਐਂਬੂਲੈਂਸ ਵੀ ਪੁੱਜ ਗਈ ਸੀ। ਥਾਣਾ ਸਿਟੀ ਪੁਲਿਸ ਕੋਟਕਪੂਰਾ ਦੇ ਮੌਕੇ ’ਤੇ ਪਹੁੰਚੇ ਕਰਮਚਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਪੋਸਟਮਾਰਟਮ ਲਈ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਭੇਜ ਦਿੱਤੀਆਂ ਗਈਆਂ।
ਕੋਟਕਪੂਰਾ ਨੇੜੇ ਹੋਏ ਕਾਰ-ਟਰਾਲੀ ਸੜਕ ਹਾਦਸੇ ’ਚ 3 ਦੀ ਮੌਤ, 1 ਗੰਭੀਰ ਜ਼ਖਮੀ



