7 ਗੱਡੀਆਂ ਸਮੇਤ ਇੱਕ ਕੈਂਟਰ ਦੀ ਆਪਸੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ-5 ਜ਼ਖਮੀ
ਰਾਮਪੁਰਾ ਫੂਲ, 2 ਨਵੰਬਰ (ਮਨਦੀਪ ਢੀਂਗਰਾ, ਲੱਖਾ ਹਰੀ, ਸੁਖਮੰਦਰ)- ਨੇੜਲੇ ਪਿੰਡ ਲਹਿਰਾ ਮੁਹੱਬਤ ਦੇ ਗੁਰੂ ਰਾਮਦਾਸ ਸਕੂਲ ਨੇੜੇ ਕੌਮੀ ਸ਼ਾਹ ਮਾਰਗ’ਤੇ ਪਰਾਲੀ ਦੇ ਧੂੰਏ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵੱਲ ਜਾਂਦਿਆਂ ਮੁੱਖ ਮਾਰਗ ਨਾਲ ਲੱਗਦੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਹੋਈ ਸੀ। ਜਿਸ ਦੇ ਇੱਕਦਮ ਸਾਹਮਣੇ ਆਏ ਸੰਘਣੇ ਧੂੰਏ ਕਾਰਨ ਸੜਕ ’ਤੇ ਆ ਰਹੀਆਂ ਗੱਡੀਆਂ ਨੇ ਸੰਤੁਲਨ ਖੋ ਦਿੱਤਾ । ਹਾਦਸਾ ਐਨਾ ਭਿਆਨਕ ਸੀ ਕਿ ਕਰੀਬ 7 ਕਾਰਾਂ ਬੁਰੀ ਤਰਾਂ ਨਾਲ ਨੁਕਸਾਨੀਆਂ ਗਈਆਂ। ਪਿੱਛੇ ਤੋਂ ਆ ਰਹੇ ਕੈਂਟਰ ਦੇ ਡਰਾਇਵਰ ਨੇ ਗੱਡੀਆਂ ਦੀ ਟੱਕਰ ਵੇਖ ਕੇ ਆਪਣਾ ਕੈਂਟਰ ਫੁੱਟਪਾਥ ’ਤੇ ਚੜਾ ਦਿੱਤਾ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਨ੍ਹਾਂ ਵਾਹਨਾਂ ਵਿੱਚ ਸਵਾਰ ਕਰੀਬ 5 ਵਿਆਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਲਈ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਨੁਕਸਾਨੇ ਵਾਹਨ ਦੇ ਮਾਲਕ ਵਿਨੋਦ ਕੁਮਾਰ ਰਾਮਪੁਰਾ, ਗੁਰਦਾਸ ਸਿੰਘ ਬਾਹੋ ਯਾਤਰੀ, ਅਭਿਸ਼ੇਕ ਬਾਂਸਲ ਰਾਮਪੁਰਾ, ਰਾਕੇਸ਼ ਕੁਮਾਰ ਬਰਨਾਲਾ, ਬਲੌਰ ਸਿੰਘ ਬਰਨਾਲਾ, ਅਮਨਦੀਪ ਕੁਮਾਰ, ਹਰਪਾਲ ਸਿੰਘ ਬਠਿੰਡਾ ਦੀਆਂ ਕਾਰਾ ਬੁਰੀ ਤਰਾਂ ਨੁਕਸਾਨੀਆਂ ਗਈਆਂ। ਸਮਾਜ ਸੇਵੀ ਗੁਰਇਕਬਾਲ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਨੇੜੇ ਪਰਾਲੀ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਵਰਜਿਆ ਜਾਵੇ। ਉਨ੍ਹਾਂ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਸੜਕ ’ਤੇ ਹਾਦਸਾਗ੍ਰਸਤ ਵਾਹਨ ਪਾਸੇ ਕਰਵਾ ਕੇ ਆਵਾਜਾਈ ਮੁੜ ਬਹਾਲ ਕਰਵਾਈ। ਇਸ ਮੌਕੇ ਐਸ.ਡੀ.ਐਮ ਅਮਰਿੰਦਰ ਸਿੰਘ ਤੇ ਤਹਿਸੀਲਦਾਰ ਸੁਰਿੰਦਰ ਕੁਮਾਰ ਨੇ ਘਟਨਾ ਸਥਾਨ ’ਤੇ ਪੁੱਜ ਕੇ ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਮਿਲੇ ਤੇ ਘਟਨਾ ਬਾਰੇ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਸੜਕ ਨੇੜੇ ਅੱਗ ਲਾਉਣ ਵਾਲੇ ਕਿਸਾਨ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਸਬੰਧਿਤ ਪੁਲਿਸ ਚੌਕੀ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਾਇਜਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



