ਰੈਫਰੈਂਡਮ 2020 ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਿੰਸਾ ਫੈਲਾਉਣ ਵਾਲਾ ਪਟਿਆਲਾ ਦਾ ਵਿਅਕਤੀ ਗ੍ਰਿਫਤਾਰ
ਚੰਡੀਗੜ੍ਹ/ਪਟਿਆਲਾ, 1 ਨਵੰਬਰ- ਸੂਬੇ ਵਿੱਚ ਐਸ.ਐਫ.ਜੇ. ਵੱਲੋਂ ਰੈਫਰੈਂਡਮ 2020 ਦੀ ਆੜ ਵਿੱਚ ਫੈਲਾਈ ਜਾ ਰਹੀ ਹਿੰਸਾ, ਸਾੜ-ਫੂਕ ਅਤੇ ਅੱਤਵਾਦਕ ਸਰਗਰਮੀਆਂ ’ਤੇ ਇੱਕ ਅਹਿਮ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਰਪਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਹੈ। ਸ਼ਬਨਮਦੀਪ ਸਿੰਘ ਦੇਸ਼ ਵਿੱਚ ਚੱਲ ਰਹੇ ਇਹਨਾਂ ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਥਾਣਿਆਂ/ ਚੌਕੀਆਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਭਾਲ ਵਿੱਚ ਸੀ। ਪੁਲਿਸ ਨੇ ਉਕਤ ਪਾਸੋਂ ਇੱਕ ਪਿਸਤੌਲ, ਹੈਂਡ ਗਰਨੇਡ, ਸੀਟੀ-100 ਬਜਾਜ ਪਲਾਟੀਨਮ ਕਾਲਾ ਮੋਟਰਸਾਇਕਲ, ਖ਼ਾਲਿਸਤਾਨ ਗ਼ਦਰ ਫੋਰਸ ਅਤੇ ਹੋਰ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀਆਂ ਨਾਲ ਸਬੰਧਤ ਲੈਟਰ ਪੈਡ ਬਰਾਮਦ ਕੀਤੇ ਹਨ। ਇਸ ਗਿਰਫਤਾਰੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਅਰੋੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਰੈਫਰੈਂਡਮ 2020 ਨੂੰ ਹੋਰ ਹਵਾ ਦੇਣ ਲਈ ਚਲਾਏ ਜਾ ਰਹੇ ਪਾਕਿਸਤਾਨੀ ਏਜੰਸੀ ਆਈਐਸਆਈ ਤੇ ਗੁਰਪਤਵੰਤ ਸਿੰਘ ਪੰਨੂੰ ਦੇ ਕੋਝੇ ਮਨਸੂਬਿਆਂ ਨੂੰ ਢਹਿ -ਢੇਰੀ ਕਰ ਦਿੱਤਾ ਹੈ ਅਤੇ ਆਈਐਸਆਈ ਦੀ ਸ਼ੈਅ ’ਤੇ ਐਸ.ਐਫ.ਜੇ ਵੱਲੋਂ ਪੰਜਾਬ ਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਫੈਲਾਈ ਜਾ ਰਹੀ ਅਫਰਾ-ਤਫ਼ਰੀ ਨੂੰ ਵੀ ਠੱਲ੍ਹ ਪਾਈ ਹੈ। ਡੀਜੀਪੀ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਦੀ ਗਿਰਫਤਾਰੀ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹਿੰਸਾ, ਸਾੜ-ਫੂਕ ਜਿਹੀਆਂ ਗਤੀਵਿਧੀਆਂ ਰਾਹੀਂ ਐਸ.ਐਫ.ਜੇ. ਰੈਫਰੈਂਡਮ 2020 ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਹਨਾਂ ਕਿਹਾ ਇਹ ਸੰਗਠਨ ਪੰਜਾਬ ਦੇ ਗਰੀਬ, ਅਨਪੜ੍ਹ ਸਿੱਖ ਨੌਜਵਾਨਾਂ ਨੂੰ ਧਰਮ ਦੇ ਨਾਂ ਤੇ ਵਰਗਲਾਕੇ ਆਪਣੇ ਜਾਲ ’ਚ ਫਸਾ ਰਿਹਾ ਹੈ। ਸੂਬੇ ਦੇ ਹਿੰਸਾ ਤੇ ਵੱਖਵਾਦ ਨੂੰ ਹੁਲਾਰਾ ਦੇਣ ਲਈ ਐਸ.ਐਫ.ਜੇ ਵੱਲੋਂ ਨੌਜਵਾਨਾਂ ਨੂੰ ਵਰਗਲਾਉਣ ਲਈ ਉਹਨਾਂ ਦੇ ਭੋਲੇਪਨ ਤੇ ਗਰੀਬੀ ਨੂੰ ਮੁੱਖ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤੇ ਫਿਰਕੂ ਤਾਕਤਾਂ ਦੇ ਬਹਿਕਾਵੇ ਵਿੱਚ ਨਾ ਆਉਣ ਲਈ ਅਪੀਲ ਕੀਤੀ ਜੋ ਕਿ ਇਨ੍ਹਾਂ ਨੌਜਵਾਨਾਂ ਦੀ ਜਿੰਦਗੀ ਨੂੰ ਹਿੰਸਾ ਤੇ ਖੂਨ-ਖਰਾਬੇ ਦੇ ਨਰਕ ਵੱਲ ਧੱਕ ਰਹੀਆਂ ਹਨ। ਡੀ.ਜੀ.ਪੀ ਨੇ ਕਿਹਾ ਕਿ ਸ਼ਬਨਮਦੀਪ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਇਹ ਪਤਾ ਲਗਦਾ ਹੈ ਕਿ ਉਹ ਐਸ.ਐਫ.ਜੇ ਦੇ ਆਗੂਆਂ ਲਈ ਕੰਮ ਕਰ ਰਹੇ ਹਨ ਅਤੇ ਇਸ ਗਲ ਨੇ ਇਕ ਵਾਰ ਫਿਰ ਗੁਰਪਤਵੰਤ ਸਿੰਘ ਪੰਨੂੰ ਦੇ ਦਾਅਵੇ ਨੂੰ ਝੂਠਾ ਸਾਬਿਤ ਕੀਤਾ ਹੈ ਕਿ ਉਹਨਾਂ ਦੀਆਂ ਮੁਹਿੰਮਾਂ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਐਸ.ਐਫ.ਜੇ ਅਤੇ ਇਸ ਦੇ ਆਗੂ ਪੰਜਾਬ ਵਿਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਕੋਈ ਵੀ ਫੰਡ ਮੁਹਈਆਂ ਨਹੀਂ ਕਰਵਾਉਂਦੀਆਂ। ਇਸ ਤੋਂ ਪਹਿਲਾਂ ਬਟਾਲਾ ਪੁਲਿਸ ਨੇ 31 ਮਈ, 2018 ਨੂੰ ਦੋ ਕਟੜਪੰਥੀਆਂ ਧਰਮਿੰਦਰ ਸਿੰਘ ਅਤੇ ਕ੍ਰਿਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਨੇ ਜ਼ਿਲ੍ਹਾ ਪੁਲਿਸ ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਬਲਾਕ ਵਿਚ ਪੈਂਦੇ ਪਿੰਡ ਹਰਪੁਰਾ ਧੰਨਡੋਈ ਅਤੇ ਪੰਜਗਰੀਆਂ ਵਿਚ ਦੋ ਸ਼ਰਾਬ ਦੇ ਠੇਕਿਆਂ ਨੂੰ ਅਗ ਲਗਾ ਦਿਤੀ ਸੀ। ਇਸ ਤਰ੍ਹਾਂ ਐਸ.ਐਫ.ਜੇ ਦੇ ਇਹਨਾਂ ਕਟੜਪੰਥੀਆਂ ਵਲੋਂ ਸ਼ਰਾਬ ਦੇ ਠੇਕੇ ਵਿਚ ਕੰਮ ਕਰਨ ਵਾਲੇ ਗਰੀਬ ਵਿਅਕਤੀ ਦੀ ਜਿੰਦਗੀ ਨੂੰ ਵੀ ਖਤਰੇ ਵਿਚ ਪਾ ਦਿਤਾ ਜੋ ਕਿ ਅਗ ਲਾਉਣ ਦੌਰਾਨ ਸ਼ਰਾਬ ਦੇ ਠੇਕੇ ਅੰਦਰ ਸੌਂ ਰਿਹਾ ਸੀ। ਅਜ ਦੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਸਿੰਘ ਉਰਫ ਮਨਿੰਦਰ ਲਾਹੌਰੀਆ ਉਰਫ ਸ਼ੇਰੂ ਉਰਫ ਦੀਪ ਉਰਫ ਬਿਲਾ ਪੁਤਰ ਜਸਵੀਰ ਸਿੰਘ, ਨੂੰ ਜ਼ਿਲ੍ਹਾ ਪਟਿਆਲਾ ਦੇ ਪਿੰਡ ਦਫਤਰੀ ਵਾਲਾ ਬੁਰੜ, ਸਮਾਣਾ ਤੋਂ ਕਾਬੂ ਕੀਤਾ ਗਿਆ ਜੋ ਕਿ ਹੁਣ ਰਾਜਸਥਾਨ ਦੇ ਕਿਸੇ ਛੋਟੇ ਕੇਸ ਵਿਚੋਂ ਜ਼ਮਾਨਤ ‘ਤੇ ਬਰੀ ਹੋਇਆ ਸੀ। ਇਸ ਵੀ ਪਤਾ ਲਗਾ ਹੈ ਕਿ ਸ਼ਬਨਮਦੀਪ ਇਕ ਫੇਸਬੁਕ ਅਕਾਊਂਟ ਵੀ ਚਲਾ ਰਿਹਾ ਸੀ ਜੋ ਕਿ ‘ਲਾਹੌਰੀਆ ਜਟ ਗਿਲ‘ ਦੇ ਨਾਂ ਤੇ ਸੀ ਅਤੇ ਜਿਸ ਉਤੇ ਪ੍ਰੋਫਾਇਲ ਫੋਟੋ ਜਰਨੈਲ ਸਿੰਘ ਭਿੰਡਰਾਵਾਲੇ ਦੀ ਲਗਾਈ ਹੋਈ ਸੀ।ਹੁਣ ਤੱਕ ਹੋਈ ਪੜਤਾਲ ਨੇ ਇਹ ਖੁਲਾਸਾ ਕੀਤਾ ਹੈ ਕਿ ਜੁਲਾਈ 2018 ’ਚ, ਉਸਦਾ ਸੰਪਰਕ ਇੱਕ ਜਾਵੇਦ ਖ਼ਾਨ ਨਾਮ ਦੇ ਸ਼ੱਕੀ ਵਿਅਕਤੀ ਨਾਲ ਹੋਇਆ ਜੋ ਕਿ ਪਾਕਿਸਤਾਨ ਤੋਂ ਪਾਕਿ ਇੰਟੈਲੀਜੈਂਸ ਅਫ਼ਸਰ (ਪੀ.ਆਈ.ਓ) ਸੀ, ਇਸ ਨੇ ਉਸਨੂੰ ਪਾਕਿਸਤਾਨੀ ਸਿੱਖ ‘ਗੋਪਾਲ ਸਿੰਘ ਚਾਵਲਾ’ ਨਾਲ ਜਾਣੂ ਕਰਵਾਇਆ।



