June 24, 2026 9:02 am

ਆਲੂ ਦਾ ਰੇਟ ਉੱਚਾ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ

image ਬਰਨਾਲਾ, 24 ਮਾਰਚ (ਕੁਲਦੀਪ ਸੂਦ)-ਆਲੂ ਦੀ ਫਸਲ ਦਾ ਭਾਅ ਇਸ ਵਾਰ 1100 ਤੋਂ ਲੈ ਕੇ 1300 ਰੁਪਏ ਤਕ ਉੱਚਾ ਚਲੇ ਜਾਣ ਕਾਰਨ ਜਿਥੇ ਆਲੂ ਉਤਪਾਦਕ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਹੈ, ਉਥੇ ਇਸ ਵਾਰ ਮੌਸਮ ਦੇ ਬਦਲਦੇ ਰਹੇ ਮਿਜਾਜ਼ ਤੇ ਕੋਹਰੇ ਦੀ ਮਾਰ ਪੈਣ ਕਾਰਨ ਆਲੂ ਜ਼ਿਆਦਾ ਮੋਟਾ ਨਾ ਹੋ ਸਕਣ ਕਾਰਨ ਆਲੂ ਦਾ ਉਦਪਾਦਨ (ਝਾੜ) ਘੱਟ ਰਹਿ ਜਾਣ ਕਾਰਨ ਮਾਯੂਸ ਵੀ ਹਨ। ਕਿਸਾਨਾਂ ਦੱਸਿਆ ਕਿ ਪਹਿਲਾਂ-ਪਹਿਲ ਜਦ ਆਲੂ ਦੀ ਪੁਟਾਈ ਸ਼ੁਰੂ ਹੋਈ ਸੀ ਤਾਂ ਵਪਾਰੀਆਂ ਨੇ ਆਲੂ ਦਾ ਰੇਟ 800 ਦੇ ਕਰੀਬ ਹੀ ਲਗਾਇਆ ਸੀ ਤਾਂ ਉਸ ਸਮੇਂ ਕਈ ਕਿਸਾਨਾਂ ਨੇ ਇਹ ਸੋਚ ਕੇ 800 ਤੋਂ 900 ਰੁਪਏ ਪ੍ਰਤੀ ਕੁਇੰਟਲ ਹੀ ਆਲੂ ਵੇਚ ਦਿੱਤੇ ਕਿ ਕਿਧਰੇ ਰੇਟ ਘੱਟ ਹੀ ਨਾ ਜਾਵੇ, ਪਰ ਬਾਅਦ ’ਚ ਜਿਵੇਂ-ਜਿਵੇਂ ਵਪਾਰੀਆਂ ਨੂੰ ਇਹ ਇਲਮ ਹੋ

ਗਿਆ ਕਿ ਇਸ ਵਾਰ ਆਲੂਆਂ ਦੀ ਫਸਲ ਦਾ ਉਤਪਾਦਨ ਵੀ ਕਾਫੀ ਘੱਟ ਹੀ ਹੋਇਆ ਹੈ ਤਾਂ ਆਲੂ ਦਾ ਰੇਟ ਵੱਧ ਕੇ 1100 ਤੋਂ 1300 ਰੁਪਏ ਤੱਕ ਪੁੱਜ ਗਿਆ।
ਕਿਸਾਨਾਂ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ’ਚ ਆਲੂ ਨਿੱਕਾ ਗੋਲੀ ਸਾਈਜ਼ ਹੀ ਰਹਿ ਜਾਣ ਕਾਰਨ ਵੀ ਆਲੂ ਦੀ ਵੱਟਤ ਬਹੁਤ ਨਹੀਂ ਹੋ ਸਕੀ।ਕਿਸਾਨ ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ ਤੇ ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਇਸ ਵਾਰ ਕਿਸਾਨਾਂ ਦਾ ਆਲੂ ਦਾ ਝਾੜ ਵੀ ਪਹਿਲਾਂ ਵਾਂਗ ਪੂਰਾ ਹੁੰਦਾ ਤਾਂ ਆਲੂ ਉਤਪਾਦਕ ਮਾਲਾ-ਮਾਲ ਹੋ ਜਾਣੇ ਸਨ, ਪਰ ਫਿਰ ਵੀ ਆਲੂ ਦਾ ਰੇਟ ਦੁੱਗਣਾ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਆਲੂ ਦੀ ਫਸਲ ਦੀ ਪੁਟਾਈ ਹੋਣ ਸਮੇਂ ਵਪਾਰੀਆਂ ਨਾਲ ਮਿਲ ਕੇ ਕੰਮ ਕਰਦੇ ਕੁਝ ਦਲਾਲਾਂ ਵਲੋਂ ਵੀ ਕਾਫੀ ਹੱਥ ਰੰਗੇ ਗਏ ਹਨ। ਪਿਛਲੇ ਸਾਲ ਵੀ ਕੁਝ ਦਲਾਲਾਂ ਨੇ ਕਿਸਾਨਾਂ ਨਾਲ ਆਲੂ ਦਾ ਰੇਟ ਘੱਟ ਕਰਕੇ ਅੱਗੇ ਵਪਾਰੀ ਨਾਲ ਵੱਧ ਰੇਟ ਟੁੱਕ ਕੇ ਮੋਟੀ ਕਮਾਈ ਕੀਤੀ ਸੀ। ਜਿਸ ਕਾਰਨ ਕਈ ਕਿਸਾਨਾਂ ਨੇ ਦਲਾਲਾਂ ਨੂੰ ਵੀ ਇਸ ਵਾਰ ਨੇੜੇ ਨਹੀਂ ਢੁੱਕਣ ਦਿੱਤਾ ਤੇ ਸਿੱਧਾ ਆਲੂ ਦਾ ਰੇਟ ਵਪਾਰੀ ਨਾਲ ਕਰਕੇ ਭਰਪੂਰ ਮੁਨਾਫਾ ਕਮਾਇਆ।

Send this to a friend