Skip to content
Independent perspectives. Global stories.
BREAKING

ਰੇਲ ਹਾਦਸੇ ਤੋਂ ਬਾਅਦ ਪਤੀ ਦੀ ਭਾਲ ਲਈ ਯੂ.ਪੀ ਤੋਂ ਅੰਮ੍ਰਿਤਸਰ ਪੁੱਜੀ ਗੀਤਾ ਨੇ ਸੁਣਾਇਆ ਦੁੱਖੜਾ

Share this story

ਅੰਮ੍ਰਿਤਸਰ, 21 ਅਕਤੂਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਬੀਤੇ ਦਿਨੀ ਅੰਮ੍ਰਿਤਸਰ ’ਚ ਦਰਦਨਾਕ ਰੇਲ ਹਾਦਸੇ ਦੇ ਵਾਪਰਨ ਤੋਂ ਬਾਅਦ ਉਤਰ ਪ੍ਰਦੇਸ਼ ਤੋਂ ਆਪਣੇ 3 ਛੋਟੇ ਬੱਚਿਆਂ ਸਮੇਤ ਇੱਕ ਔਰਤ ਆਪਣੇ ਪਤੀ ਦੀ ਭਾਲ ਲਈ ਅੰਮ੍ਰਿਤਸਰ ਪੁੱਜੀ ਹੈ। ਗੀਤਾ ਨੇ ਦੱਸਿਆ ਕਿ ਉਸ ਦਾ ਪਤੀ ਗੋਂਡਾ ਤੋਂ ਅੰਮ੍ਰਿਤਸਰ ਕੰਮ ਕਰਨ ਆਇਆ ਸੀ, ਪਰ ਦੁਸਹਿਰੇ ਵਾਲੇ ਹਾਦਸੇ ਤੋਂ ਬਾਅਦ ਉਹ ਲਾਪਤਾ ਹੈ। ਗੀਤਾ ਹਾਦਸੇ ਤੋਂ ਬਾਅਦ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੀ ਸੀ, ਕਿਉਂਕਿ ਉਸ ਦੇ ਪਤੀ ਨੇ ਦੁਸਹਿਰਾ ਮੇਲਾ ਦੇਖਣ ਜਾਣ ਬਾਰੇ ਉਸ ਨੂੰ ਫੋਨ ‘ਤੇ ਦੱਸਿਆ ਸੀ। ਗੀਤਾ ਨੇ ਦੱਸਿਆ ਕਿ ਉਸ ਦਾ ਪਤੀ ਸੰਤੋਸ਼ ਅੰਮ੍ਰਿਤਸਰ ਵਿੱਚ ਕਢਾਈ ਦਾ ਕੰਮ ਕਰਦਾ ਸੀ ਅਤੇ ਪਿਛਲੇ 8-9 ਮਹੀਨਿਆਂ ਤੋਂ ਜੌੜੇ ਫਾਟਕ ਨੇੜੇ ਹੀ ਰਹਿ ਰਿਹਾ ਸੀ। ਗੀਤਾ ਨੇ ਦੱਸਿਆ ਕਿ ਉਸ ਨੇ ਹਾਦਸੇ ਵਾਲੇ ਦਿਨ ਆਪਣੇ ਪਤੀ ਸੰਤੋਸ਼ ਨਾਲ ਸ਼ਾਮ ਕਰੀਬ 6 ਵਜੇ ਗੱਲ ਕੀਤੀ ਸੀ ਤੇ ਸੰਤੋਸ਼ ਨੇ ਉਸ ਨੂੰ ਦੱਸਿਆ ਸੀ ਕਿ ਉਹ ਦੁਸਹਿਰਾ ਦੇਖਣ ਜਾ ਰਿਹਾ ਹੈ। ਉਸ ਨੇ ਦੱਸਿਆ ਕੀਤਾ ਕਿ ਇਸ ਰੇਲ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਉਸ ਨੇ ਕਈ ਵਾਰ ਆਪਣੇ ਪਤੀ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਤੋਸ਼ ਦਾ ਫ਼ੋਨ ਬੰਦ ਆ ਰਿਹਾ ਸੀ। ਇਸ ਉਪਰੰਤ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅੱਜ ਸਵੇਰੇ 11 ਕੁ ਵਜੇ ਅੰਮ੍ਰਿਤਸਰ ਪੁੱਜ ਗਈ। ਅੰਮ੍ਰਿਤਸਰ ਦੀ ਪੁਲਿਸ ਹੁਣ ਗੀਤਾ ਨੂੰ ਆਪਣੇ ਨਾਲ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਲੈ ਗਈ ਹੈ, ਜਿੱਥੇ ਅਜੇ ਵੀ 3 ਲਾਸ਼ਾਂ ਦੀ ਪਛਾਣ ਹੋਣੀ ਬਾਕੀ ਹੈ। ਪਤੀ ਦੀ ਪਛਾਣ ਕਰਨ ਲਈ ਪੁਲਿਸ ਗੀਤਾ ਨੂੰ ਜ਼ਖ਼ਮੀਆਂ ਦੀ ਸੂਚੀ ਵੀ ਦਿਖਾਵੇਗੀ, ਫਿਲਹਾਲ ਗੀਤਾ ਆਪਣੇ ਪਤੀ ਦੀ ਭਾਲ ਵਿੱਚ ਬੱਚਿਆਂ ਸਮੇਤ ਬੇਹੱਦ ਪ੍ਰੇਸ਼ਾਨੀ ਦੇ ਆਲਮ ਵਿੱਚ ਹੈ।

WRITTEN BY