ਵਿਸ਼ੇਸ਼ ਕਾਲਮ
ਆਸਟ੍ਰੇਲੀਆ ਦੇ ਉੱਚ ਦਮਾਲੜੇ ਪੰਜਾਬੀ
ਕਈ ਵਾਰ ਲਗਦਾ ਹੈ ਰੱਬ ਨੇ ਕਿਸੇ ਨਾ ਕਿਸੇ ਹੁਨਰ ਅਤੇ ਮਕਰਦ ਦੇ ਨਾਲ ਹਰ ਵਿਅਕਤੀ ਨੂੰ ਧਰਤੀ ਉੱਤੇ ਭੇਜੀਆ ਹੈ। ਆਪਣੇ ਆਲੇ ਦੁਆਲੇ ਦੇਖੋ ਹਰ ਮਨੁੱਖ ਦੇ ਅੰਦਰ ਕੋਈ ਨਾ ਕੋਈ ਹੁਨਰ ਹੈ ਬੱਸ ਉਸ ਨੂੰ ਪਹਿਚਾਣਨ ਦੀ ਜ਼ਰੂਰਤ ਹੈ। ਜੋ ਮਨੁੱਖ ਖੁਦ ਦੇ ਹੁਨਰ ਨੂੰ ਪਹਿਚਾਣ ਲੈਂਦਾ ਉਹ ਆਪਣੀ ਰੋਜ਼ ਦੀ ਜ਼ਿੰਦਗੀ ਦੇ ਨਾਲ-ਨਾਲ ਆਪਣੇ ਹੁਨਰ ਨੂੰ ਨਿਖਾਰਨ ਦੀ ਵੀ ਕੋਸ਼ੀਸ਼ ਕਰਦਾ ਰਹਿੰਦਾ ਹੈ। ਅੱਜ ਇਸ ਤਰ੍ਹਾਂ ਦੀ ਹੀ ਸਖਸ਼ੀਅਤ ਸ. ਹਰਲਾਲ ਸਿੰਘ ਨਾਲ ਤੁਹਾਡੀ ਸਾਂਝ ਪਵਾ ਰਹੀ ਹਾਂ।
ਸ. ਹਰਲਾਲ ਸਿੰਘ ਦਾ ਜਨਮ 14 ਮਾਰਚ 1982 ਨੂੰ ਪਿਤਾ ਸੁੱਚਾ ਸਿੰਘ ਨੰਬਰਦਾਰ ਅਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਸਿੰਘਪੁਰਾ ਉਰਫ ਮੁੰਨਣ ਡਾਕਖਾਨਾ ਕੋਟਈਸੇ ਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵਿੱਚ ਹੋਇਆ। ਮੁੱਢਲੀ ਪੜਾਈ ਕੋਟਈਸੇ ਖਾਂ ਅਤੇ ਬਾਰ੍ਹਵੀ ਜ਼ੀਰੇ ਤੋਂ ਪਾਸ ਕੀਤੀ, ਫਿਰ ਮੋਗੇ ਦੇ ਇਕ ਪ੍ਰਾਇਵੇਟ ਇੰਸਟੀਟਿਊਟ ਤੋਂ 2 ਸਾਲ ਦਾ ਕੰਪਿਊਟਰ ਡਿਪਲੋਮਾ ਕੀਤੀ, ਫਿਰ 6-7 ਸਾਲ ਪਿੰਡ ਵਿੱਚ ਖੇਤੀਬਾੜੀ ਦਾ ਆਨੰਦ ਲਿਆ।
ਅਗਸਤ 2009 ਵਿੱਚ ਪੜਾਈ ਕਰਨ ਲਈ ਆਸਟ੍ਰੇਲੀਆ ਆਏ। ਇਥੇ ਆ ਕੇ ‘‘ਵਾਲ ਐਂਡ ਫਲੌਰ ਟਾਇਲਿੰਗ’’ ਦਾ ਕੋਰਸ ਕੀਤਾ। ਫਿਰ ਫਰੰਟਲਾਈਨ ਮੈਨਜਮੈਂਟ ਅਤੇ ਡਿਪਲੋਮਾ ਇਨ ਬਿਜ਼ਨਸ ਦਾ ਕੋਰਸ ਕੀਤਾ। ਵਿਦੇਸ਼ ਵਿੱਚ ਪੱਕੇ ਹੋਣ ਲਈ ਬਹੁਤ ਮਸ਼ਕਤ ਕਰਨੀ ਪੈਂਦੀ ਹੈ। 2012 ਵਿਚ ਸ. ਹਰਲਾਲ ਸਿੰਘ ਆਸਟ੍ਰੇਲੀਆ ਵਿੱਚ ਪੱਕੇ ਹੋ ਗਏ।
ਇਸ ਪੜਾਈ ਦੇ ਨਾਲ-ਨਾਲ ਸ. ਹਰਲਾਲ ਸਿੰਘ ਨੂੰ ਬਚਪਨ ਤੋਂ ਬੋਲੀਆ ਪਾਉਣ ਦਾ ਸੌਂਕ ਸੀ। ਜਦੋਂ ਬੇਲੀਆਂ ਨਾਲ ਖੇਡਦੇ ਹੋਏ ਬਚਪਨ ਵਿੱਚ ਘਰ ਪਰਤਣ ਨੂੰ ਹਨੇਰਾ ਹੋ ਜਾਣਾ ਤਾਂ ਬੋਲੀਆਂ ਜਾਂ ਗੀਤ ਗਾਉਂਦੇ ਹੋਏ ਜਾਣਾ :-
ਆਰੀ, ਆਰੀ, ਆਰੀ,
ਭੱਜ ਜਾ ਭਗਤ ਸਿੰਹਾਂ, ਆ ਗੀ ਪੁਲਿਸ ਦੀ ਲਾਰੀ, ਇਕ ਹੋਰ ਬੋਲੀ ਜੋ ਉੱਚੀ-ਉੱਚੀ ਸ. ਹਰਲਾਲ ਸਿੰਘ ਬਚਪਨ ਵਿਚ ਦੋਸਤਾਂ ਨਾਲ ਗਾਉਂਦਾ ਸੀ :
ਯਾਰੀ ਜੱਟ ਦੀ ਤੂਤ ਦਾ ਮੋਛਾ,
ਕਦੇ ਨਾਂ ਵਿਚਾਲਿਓ ਟੁੱਟਦੀ।
ਪਹਿਲੀ ਵਾਰ ਬੋਲੀਆ ਪਾਉਣ ਦਾ ਮੌਕਾ ਸ. ਹਰਲਾਲ ਸਿੰਘ ਨੂੰ ਆਪਣੀ ਭੂਆ ਦੇ ਮੁੰਡੇ ਦੇ ਵਿਆਹ ’ਤੇ ਮਿਲੀਆ। ਉਦੋਂ ਹਰਲਾਲ ਸਿੰਘ ਛੇਂਵੀ ਜਮਾਤ ਵਿੱਚ ਪੜਦਾ ਸੀ। ਬੋਲੀਆ ਪਾਉਣ ਦੀ ਲਾਲਸਾ ਸੀ ਪਰ ਦੋ-ਚਾਰ ਬੋਲੀਆ ਹੀ ਆਉਂਦੀਆ ਸਨ। ਲਾਲਸਾ ਦੇਖਕੇ ਇਕ ਅੱਧਖੜ ਬੰਦੇ ਨੇ ਜੋ ਸਭ ਤੋਂ ਵੱਧ ਬੋਲੀਆ ਪਾ ਰਿਹਾ ਸੀ। ਉਸਨੇ ਸ. ਹਰਲਾਲ ਸਿੰਘ ਨੂੰ ਇੱਕ-ਇੱਕ ਕਰਕੇ ਬੋਲੀ ਸਿਖਾਈ ਅਤੇ ਸ. ਹਰਲਾਲ ਸਿੰਘ ਗਿੱਧੇ ਵਿੱਚ ਪਾਉਦਾ ਰਿਹਾ। ਉਮਰ ਦੇ ਨਾਲ-ਨਾਲ ਬੋਲੀਆ ਦੀ ਲਾਲਸਾ ਵੀ ਵੱਧਦੀ ਰਹੀ। ਫਿਰ ਜਿਥੋਂ ਵੀ ਕੋਈ ਬੋਲੀ ਮਿਲਦੀ ਯਾਦ ਕਰ ਲੈਂਦਾ।
ਛਪਾਰ ਦੇ ਮੇਲੇ ’ਤੇ ਪਹਿਲੀ ਵਾਰ ਸ. ਹਰਲਾਲ ਸਿੰਘ ਨੂੰ ਬੋਲੀਆ ਦੇ ਬਾਦਸ਼ਾਹ ਸ. ਭਗਤੂ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ। ਸ. ਭਗਤੂ ਸਿੰਘ ਬਾਰੇ ਸੁਣੀਆ ਅਤੇ ਡਾ. ਨਾਹਰ ਸਿੰਘ ਦੀ ਪੁਸਤਕ ਵਿੱਚ ਉਹਨਾਂ ਬਾਰੇ ਪੜਿਆ ਸੀ। ਫਿਰ ਉਸ ਦੀ ਸ. ਭਗਤੂ ਸਿੰਘ ਨੂੰ ਉਸਤਾਦ ਮੰਨ ਕਿ ਉਹਨਾਂ ਦੀ ਟੋਲੀ ਵਿੱਚ ਸ਼ਾਮਲ ਹੋ ਗਿਆ। ਛਪਾਰ ਦੇ ਮੇਲੇ ਵਿੱਚ ਵੀ ਬੋਲੀਆ ਪਾਈਆਂ। ਬੋਲੀਆਂ ਦੇ ਗੁਰ ਸਿੱਖਣ ਲਈ ਕਈ ਵਾਰ ਸ. ਭਗਤੂ ਸਿੰਘ ਦੇ ਪਿੰਡ ਕੱਟੂ (ਜ਼ਿਲ੍ਹਾਂ ਬਰਨਾਲਾ) ਵੀ ਗਿਆ। ਫਿਰ ਆਪਣੇ ’ਤੇ ਹੀ ਬੋਲੀ ਬਣਾਈ।
ਹੋ ਬੋਲੀਆ ਪਾਉਣ ਦਾ ਸ਼ੌਂਕ ਜਿੰਨ੍ਹਾਂ ਨੂੰ,
ਸਿਰ ਨਾਲ ਤੋੜ ਨਿਭਾਂਦੇ।
ਜਾਨੋ ਵੱਧ ਪਿਆਰੀ ਬੋਲੀ, ਸਹੁੰ ਬੋਲੀ ਦੀ ਖਾਂਦੇ।
ਸ਼ੌਂਕ ਹੱਡਾਂ ਵਿੱਚ ਰੌਂ ਗੇ ਜਿਹੜੇ, ਉਹ ਨਾਲ ਹੱਡਾਂ ਦੇ ਜਾਂਦੇ।
ਸ਼ਾਹ ਤਾਂ ਲੈਣੇ ਛੱਡ ਦੂੰ ਦੋਸਤੋ, ਸ਼ੌਕ ਛੱਡੇ ਨੀ ਜਾਂਦੇ।
ਹਰਲਾਲ ਸਿੰਘ ਤੂੰ ਪਾ ਦੇ ਬੋਲੀਆਂ, ਭਾਵੇ ਵਿਕ ਜਾਣ ਭਾਂਡੇ।
ਸ਼ੌਂਕੀ ਗਿਧੇ ਦੇ, ਸਿੱਧੇ ਸੁਰਗ ਨੂੰ ਜਾਂਦੇ….।
ਆਸਟ੍ਰੇਲੀਆ ਵਿੱਚ ਸ. ਹਰਲਾਲ ਸਿੰਘ ਨੂੰ ਆਪਣੇ ਵਰਗੇ ਮੁੰਡੇ ਮਿਲੇ ਤੇ ਟੋਲੀ ਗਿੱਧੇ ਦੀ ਬਣਾ ਲਈ। ਪਰਥ ਸ਼ਹਿਰ ਦੀ ਪਹਿਲੀ ਮਲਵਈ ਗਿੱਧੇ ਦੀ ਟੀਮ ਹੋਣ ਕਰਕੇ ਟੋਲੀ ਦਾ ਨਾਮ ਪਰਥ ਸ਼ਹਿਰ ਦੀ ਟੋਲੀ ਰੱਖਿਆ। ਪਹਿਲੀ ਵਾਰ ਇਹ ਟੋਲੀ ਪੰਜਾਬੀ ਸੱਥ ਵੱਲੋਂ ਕਰਵਾਏ ਗਏ ਵਿਰਾਸਤੀ ਮੇਲੇ ਦੌਰਾਨ ਮੰਚ ਉੱਤੇ ਆਈ।
ਲੋਕਾਂ ਵੱਲੋਂ ਭਰਪੂਰ ਹੁੰਘਾਰਾ ਮਿਲਿਆ। ਇਸ ਤੋਂ ਬਾਅਦ ਇੰਡੀਅਨ ਐਸੋਸੀਏਸ਼ਨ ਵੱਲੋਂ ਕਰਵਾਏ ਦੀਵਾਲੀ ਮੇਲੇ ’ਤੇ ਅਤੇ ਮੋਰਡਕ ਯੂਨੀਵਰਸਿਟੀ ਦੇ ਮਲਟੀਕਲਚਰਲ ਫੰਕਸ਼ਨ ’ਤੇ ਟੋਲੀ ਨੇ ਰੰਗ ਬਖੇਰੇ। ਭਾਵੇਂ ਲੋਕਾਂ ਲਈ ਹਾਸੇ-ਮਜ਼ਾਕ ਵਾਲੀਆ ਬੋਲੀਆਂ ਹੋਣ ਪਰ ਲੋਕ ਤੱਥ ਦੀਆਂ ਡੂੰਘੀਆ ਗੱਲਾਂ ਨੂੰ ਬੋਲੀਆ ਵਿੱਚ ਪਰੋਣਾ ਹੁੰਦਾ ਹੈ। ਇਕ ਬੋਲੀ ਸ. ਹਰਲਾਲ ਸਿੰਘ ਨੇ ਕੁਦਰਤ ਦੀ ਸੰਭਾਲ ਦੇ ਉਪਰਾਲੇ ਨਾਲ ਉਜਾਗਰ ਕੀਤੀ ਹੈ।
ਹੋ ਰੁੱਖ ਸਾਂਭੋ ਤਾਂ ਛਾਂ ਮਿਲ ਜਾਂਦੀ, ਧੀ ਸਾਂਭੋ ਤਾਂ ਮਾਵਾਂ।
ਬਿਨ ਮਾਂ ਦੇ ਹੈਨੀ ਕੁਦਰਤ, ਮਿਟ ਜਾਂਦਾ ਏ ਸਿਰਨਾਵਾਂ।
ਧਰਤ ਸਮਾਨ ਸਮਝੋ ਕੰਨਿਆ, ਬੀਜ ਪਏ ਤਾਂ ਛਾਵਾਂ।
ਬਿਨ ਧਰਤੀ ਬੀਜ਼ ਨਿਕੰਮਾਂ, ਸੌ ਦੀ ਇੱਕ ਸੁਣਾਵਾਂ।
ਹਰਲਾਲ ਸਿੰਘਾ ਨੂੰ ਕਰਕੇ ਹੀਲਾ, ਸਾਂਭੀ ਨੰਨ੍ਹੀਆਂ ਛਾਵਾਂ।
ਦੁਨੀਆ ਤਾਂ ਬਣਦੀ, ਜੇ ਜੱਗ ਜੀਵਣ ਮਾਵਾਂ….।
ਇਕ ਹੋਰ ਬੋਲੀ ਨਾਲ ਤੁਹਾਡੀ ਸਾਂਝ ਕਰਵਾਉਣਾ ਹਾਂ ਜੋ ਪੰਜਾਬ ਦੇ ਅੱਜ ਦੇ ਹਲਾਤਾਂ ਤੇ ਹੈ।
ਵੇ ਕਲਯੁੱਗ ਦਾ ਤੂੰ ਬਣ ਗਿਆ ਰਾਜਾ,
ਮੈਂ ਬਣ ਗਈ ਤੇਰੀ ਬਾਂਦੀ।
ਤੂੰ ਨਿੱਤ ਉਸਾਰੇ ਮਹਿਲ ਹਵਾ ਵਿੱਚ, ਮੈਂ ਭੁੱਖੀ ਕੁਰਲਾਂਦੀ।
ਸੁਰਗ ਬਣਾਉਣ ਦੇ ਦਾਅਵੇ ਕਰਦੈਂ, ਤੇਰੀ ਧਰਤੀ ਗਰਕਦੀ ਜਾਂਦੀ,
ਸਿੱਧੀ ਸੜਕ ਬਠਿੰਡੇ ਤੋਂ ਤਾਂ, ਮੋਗੇ ਤੱਕ ਨੀ ਜਾਂਦੀ।
ਆਟਾ, ਦਾਲ, ਚੌਲ ਤੇ ਪਾਣੀ, ਨਾਲੇ ਬਿਜਲੀ ਗੁੱਲ ਹੋ ਜਾਂਦੀ।
ਸੋਨਾ ਤਾਂ ਤੂੰ ਮਿੱਟੀ ਰੋਲਤਾ, ਮਹਿੰਗੀ ਕਰਕੇ ਚਾਂਦੀ।
ਹਰਲਾਲ ਸਿੰਘਾ ਤੈਨੂੰ ਖਸਮ ਬਣਾ ਕੇ, ਵੇ ਮੈਂ ਬਹੁਤਾ ਪਛਤਾਂਦੀ।
ਲੱਡੂ ਲਿਆ ਮਿੱਤਰਾ, ਮੈਂ ਨਾ ਕੁਰਕਰੇ ਖਾਂਦੀ……।
ਜਨਵਰੀ 2011 ਤੋਂ ਸ. ਹਰਲਾਲ ਸਿੰਘ ਆਪਣੀ ਧਰਮ-ਪਤਨੀ ਬੀਬੀ ਰਮਨਜੀਤ ਕੌਰ ਨਾਲ ਸ਼ਹਿਰ ਪਰਥ ਵਿੱਚ ਵਿਵਾਹਿਕ ਜਿੰਦਗੀ ਦਾ ਲੁਤਫ਼ ਲੈ ਰਹੇ ਹਨ। ਸ. ਹਰਲਾਲ ਸਿੰਘ ਜੀ ਦੀ ਪਤਨੀ ਉਹਨਾਂ ਦੇ ਸ਼ੌਂਕ ਨੂੰ ਹੁੰਘਾਰਾ ਦਿੰਦੀ ਰਹਿੰਦੀ ਹੈ। ਪਰਦੇਸਾਂ ਵਿੱਚ ਰਹਿੰਦੀਆਂ ਵੀ ਸ. ਹਰਲਾਲ ਸਿੰਘ ਦੀ ਤਮੰਨਾ ਹੈ ਕਿ ਵੱਧ ਤੋਂ ਵੱਧ ਨਵੇਂ ਮੁੰਡਿਆਂ ਨੂੰ ਬੋਲੀਆਂ ਸਿੱਖਣ ਲਈ ਉਤਸ਼ਹਿਤ ਕਰੇ ਤਾਂ ਕਿ ਮਲਵਈ ਗਿੱਧੇ ਦੀ ਪਰੰਪਰਾ ਸਦਾ ਚਲਦੀ ਰਹੇ। ਵਾਹਿਗੁਰੂ ਸ. ਹਰਲਾਲ ਸਿੰਘ ਨੂੰ ਹਿੰਮਤ ਬਕਸ਼ੇ ਕੇ ਆਪਣੀ ਰੁਝਾਣ ਭਰੀ ਜਿੰਦਗੀ ਵਿੱਚੋਂ ਵਕਤ ਮਲਵਈ ਗਿੱਧੇ ਨੂੰ ਦਿੰਦੇ ਰਹਿਣ।