ਚੰਡੀਗੜ੍ਹ, 22 ਮਾਰਚ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਆਗੂ ਸੁਰਜੀਤ ਸਿੰਘ ਬਰਨਾਲਾ ਨੇ ਆਖਿਰਕਾਰ ਆਪਣਾ ਅਸਲ ਰੰਗ ਵਿਖਾ ਦਿੱਤਾ ਹੈ ਤੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਦੀ ਕਠਪੁਤਲੀ ਹਨ ਜਿਸਨੇ ਆਪਣੇ ਪਰਿਵਾਰ ਦੇ ਸੌੜੇ ਹਿਤਾਂ ਲਈ ‘ਪੰਥ’ ਦੇ ਹਿਤਾਂ ਦੀ ਕੁਰਬਾਨੀ ਦੇ ਦਿੱਤੀ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਰਨਾਲਾ ਅਤੇ ਉਹਨਾਂ ਦੀ ਖਿੰਡੀ ਪੁੰਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਪੰਜਾਬ ਵਿਚ ਹੁਣ ਕੋਈ ਮਹੱਤਤਾ ਨਹੀਂ ਰਹੀ ਅਤੇ ਇਸ ਗੱਲ ਦਾ ਅਹਿਸਾਸ ਹੋਣ ’ਤੇ ਸ੍ਰੀ ਬਰਨਾਲਾ ਨੇ ਆਪਣੇ ਪਰਿਵਾਰ ਦਾ ਸਿਆਸੀ ਭਵਿੱਖ ਬਣਾਉਣ ਦੇ ਚੱਕਰ ਵਿਚ ਕਾਂਗਰਸ ਦੀ ਹਮਾਇਤ ਦਾ ਮੂਰਖਤਾ ਭਰਿਆ ਫੈਸਲਾ ਲਿਆ ਹੈ।
ਸੀਨੀਅਰ ਅਕਾਲੀ ਨੇਤਾ, ਜੋ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਨੇ ਕਿਹਾ ਕਿ ਸ੍ਰੀ ਬਰਨਾਲਾ ਨੇ ਅਜਿਹਾ ਕਰਦਿਆਂ ਖੁਦ ਹੀ ਸਾਬਤ ਕਰ ਦਿੱਤਾ ਹੈ ਕਿ ਉਹ ਹਮੇਸ਼ਾ ਕਾਂਗਰਸ ਦੀ ‘ਬੀ’ ਟੀਮ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਬਰਨਾਲਾ ਨੇ ਕਾਂਗਰਸ ਨਾਲ ਸੌਦੇਬਾਜ਼ੀ ਕੀਤੀ ਹੈ, ਇਸ ਗੱਲ ਦੀ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਦੀ ਪ੍ਰੈਸ ਕਾਨਫਰੰਸ ਵਿਚ ਪੁਸ਼ਟੀ ਕਰ ਦਿੱਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸ੍ਰੀ ਬਰਨਾਲਾ ਨੂੰ ਸੂਬੇ ਦੇ ਲੋਕਾਂ ਨੂੰ ਕਈ ਸਵਾਲਾਂ ਦੇ ਜਵਾਬ ਦੇਣਗੇ ਪੈਣਗੇ ਜੋ ਲੋਕਾਂ ਨੇ ਪੁਛਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਸ੍ਰੀ ਬਰਨਾਲਾ ਕਦੇ ਵੀ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਪੰਜਾਬ ਪੱਖੀ ਮੰਗਾਂ ਨੂੰ ਪੂਰਾ ਨਹੀਂ ਕਰ ਸਕੇ। ਇਹ ਵੀ ਇਤਿਹਾਸਕ ਤੱਥ ਹੈ ਕਿ ਚੰਡੀਗੜ੍ਹ ਦਾ ਪੰਜਾਬ ਨੂੰ ਤਬਾਦਲੇ ਦਾ ਫੈਸਲਾ ਵੀ ਕਦੇ ਲਾਗੂ ਨਹੀਂ ਹੋ ਸਕਿਆ ਕਿਉਂਕਿ ਸ੍ਰੀ ਬਰਨਾਲਾ ਨੇ ਸਤਲੁਜ ਯਮੁਨਾ ¦ਿਕ ਨਹਿਰ ਪੁੱਟਣ ਦੀ ਖੁਦ ਨਿਗਰਾਨੀ ਕੀਤੀ ਜਿਸ ਰਾਹੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਣਾ ਸੀ। ਉਹਨਾਂ ਕਿਹਾ ਕਿ ਸ੍ਰੀਬਰਨਾਲਾ ਦੀ ਕਾਂਗਰਸ ਪ੍ਰਤੀ ਨਰਮ ਪਹੁੰਚ ਨੇ ਉਹਨਾਂ ਨੂੰ ਕਾਂਗਰਸ ਦੀ ਝੋਲੀ ਵਿਚ ਪਹੁੰਚਾ ਦਿੱਤਾ ਹੈ ਤੇ ਲੋਕ ਹੁਣ ਸਾਰਾ ਕੁਝ ਸਮਝ ਰਹੇ ਹਨ।
ਸ੍ਰੀ ਢੀਂਡਸਾ ਨੇ ਅਕਾਲੀ ਦਲ ਲੌਂਗੋਵਾਲ ਤੇ ਕਾਂਗਰਸ ਦੇ ਸ਼ਰ੍ਹੇਆਮ ਗਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਸ੍ਰੀ ਬਰਨਾਲਾ ਤੇ ਉਹਨਾਂ ਦੇ ਸੰਗਠਨ ਦਾ ਅਸਲ ਸਰੂਪ ਹੁਣ ਸੰਗਰੂਰ ਅਤੇ ਪੰਜਾਬ ਵਾਸੀਆਂ ਦੇ ਸਾਹਮਣੇ ਆ ਗਿਆ ਹੈ। ਸ੍ਰੀ ਬਰਨਾਲਾ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਉਣ ਦਾ ਯਤਨ ਕਰਦੇ ਸਨ ਕਿ ਉਹ ਅਕਾਲੀ ਦਲ ਵਿਚ ਹਨ ਪਰ ਉਹਨਾਂ ਦਾ ਕਾਂਗਰਸ ਨਾਲ ਗਠਜੋੜ ਉਹਨਾਂ ਨੂੰ ਸੂਬੇ ਵਿਚ ਪੂਰਨ ਤੌਰ ’ਤੇ ਨਕਾਰੇ ਜਾਣਾ ਯਕੀਨੀ ਬਣਾ ਦੇਵੇਗਾ। ਉਹਨਾਂ ਕਿਹਾ ਕਿ ਸਿਆਸਤ ਵਿਚ ਮੌਕਾਪ੍ਰਸਤੀ ਕਦੇ ਵੀ ਕਾਮਯਾਬ ਨਹੀਂ ਹੁੰਦੀ ਅਤੇ ਅਜਿਹੇ ਗਠਜੋੜ ਦਾ ਹਸ਼ਰ ਹਮੇਸ਼ਾ ਉਹੀ ਹੁੰਦਾ ਹੈ ਜੋ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਜ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਤੇ ਉਹ ਕੇਂਦਰ ਵਿਖੇ ਐਨ ਡੀ ਏ ਸਰਕਾਰ ਦੇ ਗਠਨ ਲਈ ਵੋਟਾਂ ਪਾਉਣਗੇ।