ਕੋਟਕਪੂਰਾ 22 ਮਾਰਚ (ਰੋਹਿਤ ਸ਼ਰਮਾ) :- ਕੋਟਕਪੂਰੇ ’ਚ ਸਿਆਸੀ ਨੇਤਾਵਾਂ ਨੇ ਵਿਕਾਸ ਕਾਰਜਾਂ ਦੇ ਨਾਂਅ ’ਤੇ ਅਣਗਿਣਤ ਨੀਂਹ ਪੱਥਰ ਰੱਖੇ। ਇਨ੍ਹਾਂ ਥਾਵਾਂ ਉਪਰ ਵਿਕਾਸ ਦੇ ਕੰਮ ਨਹੀ ਹੋਏ। ਇਹ ਨੀਂਹ ਪੱਥਰ ਕਾਫੀ ਸਮੇਂ ਤੱਕ ਖੜੇ-ਖੜੇ ਥੱਕ ਗਏ ਫੇਰ ਟੁੱਟ ਗਏ ਤੇ ਅੰਤ ਵਿਚ ਢੇਰੀ ਹੋ ਗਈ। ਵਿਕਾਸ ਕਾਰਜਾਂ ਦੇ ਨਾਂ ਉਪਰ ਵਿਖਾਏ ਜਨਤਾਂ ਨੂੰ ਸੁਪਨੇ ਵੀ ਇਨ੍ਹਾਂ ਨੀਂਹ ਪੱਥਰਾਂ ਨਾਲ ਹੀ ਮਿੱਟੀ ’ਚ ਰੁੱਲ ਗਏ। ਨੀਂਹ ਪੱਥਰਾਂ ਨਾਲ ਲੋਕਾਂ ਰਿਜਾਉਣ ਦਾ ਸਿਲਸਿਲਾ ਬਹੁਤ ਪੁਰਾਣਾ ਹੈ। ਇਸ ਮਾਮ
ਲੇ ਵਿਚ ਅਕਾਲੀ-ਭਾਜਪਾ ਸਰਕਾਰ ਹੀ ਨਹੀ ਬਲਕਿ ਕਾਂਗਰਸ ਦੀ ਸਰਕਾਰਾਂ ਨੇ ਵੀ ਲੋਕਾਂ ਨੂੰ ਰੱਜ ਕੇ ਗੁੰਮਰਾਹ ਕੀਤਾ ਹੈ। ਸਾਲ 2008 ਦੇ ਦਸੰਬਰ ਮਹੀਨੇ ਦੀ ਅੱਠ ਤਾਰੀਕ ਨੂੰ ਸਥਾਨਕ ਨਗਰ ਕੌਂਸਲ ਨੇ ਉਸ ਸਮੇਂ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸੰਸਦ ਸੁਖਬੀਰ ਸਿੰਘ ਬਾਦਲ ਤੋਂ ਕੋਟਕਪੂਰੇ ਦੇ ਸਰਬਪੱਖੀ ਵਿਕਾਸ ਕਰਵਾਉਣ ਦਾ ਨੀਂਹ ਪੱਥਰ ਬੱਤੀਆਂ ਵਾਲਾ ਚੌਂਕ ਵਿਖੇ ਰਖਵਾਇਆ ਗਿਆ ਸੀ। ਸ਼੍ਰੀ ਬਾਦਲ ਨੇ ਉਸ ਸਮੇਂ ਸ਼ਹਿਰ ਨੂੰ ਗਰਾਂਟਾਂ ਦੇ ਗੱਫੇ ਦੇ ਕੇ ਇਸ ਦੀ ਨੁਹਾਰ ਬਦਲਣ ਦਾ ਦਾਅਵਾ ਕੀਤਾ ਸੀ ਪਰ ਛੇ ਸਾਲ ਪਿੱਛੋਂ ਵੀ ਸ਼ਹਿਰ ਆਪਣੇ ਸਰਬਪੱਖੀ ਵਿਕਾਸ ਨੂੰ ਤਰਸ ਰਿਹਾ ਹੈ। ਚੌਂਕ ਵਿਚਕਾਰ ਲੱਗਾ ਇਸ ਨੀਂਹ ਪੱਥਰ ਵੀ ਹੁਣ ਆਪਣੇ ਆਪ ’ਤੇ ਸ਼ਰਮ ਮਹਿਸੂਸ ਕਰ ਰਿਹਾ ਹੈ। ਇਸੇ ਸਾਲ ਹੀ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਜੈਤੋ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਖੁਲਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਕਾਫੀ ਸਮੇਂ ਤੱਕ ਇਹ ਨੀਂਹ ਪੱਥਰ ਨਿਰਮਾਣ ਕਾਰਜ ਨੂੰ ਉਡੀਕਦਾ ਰਿਹਾ ਤੇ ਬਾਅਦ ਵਿਚ ਖੜਾ-ਖੜਾ ਥੱਕ ਕੇ ਟੁੱਟ ਗਿਆ ਅੰਤ ਢੇਰੀ ਹੋ ਗਿਆ। ਕੁਝ ਦਿਨਾਂ ਪਿਛੋਂ ਢੇਰੀ ਹੋਇਆ ਇਹ ਪੱਥਰ ਚੋਰੀ ਹੋ ਜਾਣ ਬਾਰੇ ਪਤਾ ਲੱਗਿਆ ਹੈ।
ਸਾਲ 1993 ਦੇ ਮਾਰਚ ਮਹੀਨੇ ਦੀ 13 ਤਾਰੀਕ ਨੂੰ ਸਥਾਨਕ ਨਗਰ ਕੌਂਸਲ ਨੇ ਉਸ ਸਮੇਂ ਦੇ ਮਰਹੂਮ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਤੋਂ ਸ਼ਹਿਰ ’ਚ ਛੱਪੜ ਵਿਚ ਭਰਤ ਪਾ ਕੇ ਰੋਜ਼ ਗਾਰਡਨ ਬਣਾਉਣ ਦਾ ਨੀਂਹ ਪੱਥਰ ਰੱਖਵਾਇਆ ਸੀ। ਮੁੱਖ ਮੰਤਰੀ ਦੇ ਇਸ ਨੀਂਹ ਪੱਥਰ ਨੇ ਲੋਕਾਂ ਦੇ ਮਨਾਂ ਵਿਚ ਇਥੇ ਰੋਜ਼ਗਾਰਡ ਹੋਣ ਦਾ ਸੁਪਨਾ ਸੰਜੋਇਆ ਪਰ ਅੱਜ 17 ਸਾਲ ਪਿਛੋਂ ਵੀ ਰੋਜ਼ਗਾਰਡਨ ਦੇ ਨਿਰਮਾਣ ਦੀ ਇਕ ਇੱਟ ਨਹੀ ਲੱਗੀ। 1997 ਵਿਚ ਦੁਆਰੇਆਣਾ ਰੋਡ ’ਤੇ ਦਲਿਤ ਭਾਈਚਾਰੇ ਲਈ ਕਾਲੌਨੀ ਬਣਾਉਣ ਦਾ ਨੀਂਹ ਪੱਥਰ ਵੀ ਉਸ ਸਮੇਂ ਦੇ ਮੁੱਖ ਮੰਤਰੀ ਨੇ ਰੱਖਿਆ। ਕਾਲੌਨੀ ਨੂੰ ਬਾਦਲ ਕਾਲੌਨੀ ਦਾ ਨਾਂਅ ਵੀ ਦਿੱਤਾ ਗਿਆ ਪਰ ਕਾਲੌਨੀ ਦਾ ਨਿਰਮਾਣ ਅਜੇ ਤੀਕ ਸ਼ੁਰੂ ਨਹੀ ਹੋਇਆ। ਸਾਲ 2001 ਵਿਚ ਕੋਟਕਪੂਰੇ ਤੋਂ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਸਰਕਾਰੀ ਮਿਡਲ ਸਕੂਲ ਕਰੀਰਵਾਲੀ ਅਤੇ ਸਰਕਾਰੀ ਮਿਡਲ ਸਕੂਲ ਦਲ ਸਿੰਘ ਵਾਲਾ ਨੂੰ ਮਿਡਲ ਤੋਂ ਹਾਈ ਸਕੂਲ ਬਣਾਉਣ ਲਈ ਨੀਂਹ ਪੱਥਰ ਰੱਖਿਆ। ਇਹ ਸਕੂਲ ਹਾਲੇ ਤੀਕ ਮਿਡਲ ਸਕੂਲ ਹੀ ਚੱਲ ਰਹੇ ਹਨ। ਕੋਟਕਪੂਰੇ ਤੇ ਜੈਤੋ ਅਤੇ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਵਿਚ ਅਜਿਹੇ ਅਣਗਿਣਤ ਨੀਂਹ ਪੱਥਰ ਆਪੋ-ਆਪਣੀ ਕਹਾਣੀ ਬਿਆਨ ਕਰ ਰਹੇ ਹਨ। ਇਨ੍ਹਾਂ ਵਿਚ ਰੱਖੇ ਗਏ ਕੁਝ ਤਾਜਾ ਨੀਂਹ ਪੱਥਰਾਂ ਵੀ ਸ਼ਾਮਲ ਹੋ ਗਏ।
ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਜਦੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਇਕ ਹੈਰਾਨੀਜਨਕ ਤੱਥ ਸਾਹਮਣੇ ਲਿਆਉਂਦਾ ਹੈ। ਉਨ੍ਹਾਂ ਆਖਿਆ ਕਈ ਵਾਰ ਕਿਸੇ ਵੀ.ਆਈ.ਪੀ.ਦੇ ਆਉਣ ਮੌਕੇ ਪ੍ਰਸ਼ਾਸਨ ਅਜਿਹੇ ਪੱਥਰ ਰੱਖਣ ਦਾ ਸਮਾਗਮ ਆਪਣੇ ਖੇਤਰਾਂ ਵਿਚ ਰੱਖਣ ਲੈਂਦਾ ਹੈ ਜਿਸ ਨਾਲ ਉਹ ਵੀ.ਆਈ.ਪੀ.ਨੂੰ ਖੁਸ਼ ਕਰ ਸਕੇ। ਜਦਕਿ ਉਨ੍ਹਾਂ ਨੀਂਹ ਪੱਥਰਾਂ ਦੀ ਭਵਿੱਖ ਵਿਚ ਕੋਈ ਯੋਜਨਾ ਨਹੀ ਹੁੰਦੇ ਜੋ ਸਾਲਾਂਬੱਧੀ ਖੜੇ-ਖੜੇ ਟੁੱਟ ਜਾਂਦੇ ਹਨ ਤੇ ਖਤਮ ਹੋ ਜਾਂਦੇ ਹਨ। ਡਿਪਟੀ ਕਮਿਸ਼ਨਰ ਮੁਹੰਮਦ ਤਾਇਅਬ ਨੇ ਇਸ ਸਬੰਧੀ ਆਖਿਆ ਉਕਤ ਨੀਂਹ ਪੱਥਰਾਂ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਰੱਖੇ ਗਏ ਹਨ ਜਿਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਬਾਰੇ ਕੁਝ ਨਹੀ ਪਤਾ। ਫੇਰ ਵੀ ਉਹ ਇਸ ਬਾਰੇ ਪੜਤਾਲ ਕਰਨਗੇ। ਇਧਰ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਸਿੱਖਾਂਵਾਲਾ ਨੇ ਆਖਿਆ ਕਿ ਇਸ ਮਾਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਖਿਆ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਯੋਜਨਾਵਾਂ ਤੋਂ ਨੀਂਹ ਪੱਥਰ ਨਹੀ ਰਖਣੇ ਚਾਹੀਦੇ। ਅਜਿਹਾ ਕਰਨ ਨਾਲ ਸਰਕਾਰ ਦਾ ਅਕਸ ਲੋਕਾਂ ਵਿਚ ਧੁੰਦਲਾ ਪੈਂਦਾ ਹੈ। ਨੀਂਹ ਪੱਥਰ ਰੱਖਣ ਤੋਂ ਬਾਅਦ ਸਰਕਾਰ ਨੂੰ ਉਹ ਯੋਜਨਾਵਾਂ ਸਿਰੇ ਚੜਾਉਣੀਆਂ ਚਾਹੀਦੀਆਂ ਹਨ।