ਰਾਮਪੁਰਾ ਫੂਲ, 8 ਅਕਤੂਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਨੇੜਲੇ ਪਿੰਡ ਕਰਾੜਵਾਲਾ ਦੇ ਇੱਕ ਕਿਸਾਨ ਵੱਲੋਂ ਜਹਿਰੀਲੀ ਚੀਜ ਨਿਗਲਣ ਨਾਲ ਖੁਦਕੁਸ਼ੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਸੁਖਦੇਵ ਸਿੰਘ (65) ਪਿਛਲੇ ਕਾਫੀ ਸਮੇਂ ਤੋਂ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਵਾਸੀ ਬਾਦਲ ਨੇ ਦੱਸਿਆ ਕਿ ਮ੍ਰਿਤਕ ਸਿੰਘ ਦੇ ਸਿਰ ਕਰੀਬ 9 ਲੱਖ ਰੁਪਏ ਦਾ ਕਰਜਾ ਸੀ ਅਤੇ ਉਸਦੀ ਬੈਂਕ ਲਿਮਟ ਵੀ ਬਣੀ ਹੋਈ ਸੀ। ਉਸ ਨੇ ਅੱਗੇ ਦੱਸਿਆ ਕਿ ਪੰਜ ਏਕੜ ਜਮੀਨ ਹੋਣ ਦੇ ਬਾਵਜੂਦ ਵੀ ਉਨਾਂ ਦੇ ਫਸਲ ਨਹੀ ਹੋਈ। ਸਰਕਾਰ ਵੱਲੋਂ ਮਿਲੀ ਕਰਜਾ ਮੁਆਫੀ ਵਿਚ ਵੀ ਮ੍ਰਿਤਕ ਦਾ ਕਰਜਾ ਮਾਫ ਨਹੀ ਹੋਇਆ ਅਤੇ ਉਸ ਦੇ ਸਿਰ ਕਰਜੇ ਦੀ ਪੰਡ ਦਿਨ-ਬ-ਦਿਨ ਭਾਰੀ ਹੁੰਦੀ ਗਈ। ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਸ਼ਾਮ ਘਰ ਵਿਚ ਉਸ ਨੇ ਕੋਈ ਜਹਿਰੀਲਾ ਪਦਾਰਥ ਨਿਗਲ ਲਿਆ। ਰੌਲਾ ਪੈਣ ਤੇ ਉਸਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਦਾ ਗਿਆ ਜਿੱਥੇ ਡਾਕਟਰਾਂ ਨੇ ਮਿਤ੍ਰਕ ਕਰਾਰ ਦੇ ਦਿੱਤਾ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ।