ਮੋਰਿੰਡਾ, 7 ਅਕਤੂਬਰ (ਹਰਜਿੰਦਰ ਸਿੰਘ ਛਿੱਬਰ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਵਿੱਖੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਇੰਨਸਾਫ਼ ਮੋਰਚੇ ਦੇ ਸਮਰਥਨ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਥਾਨਕ ਆਗੂ ਸਰਬਜੀਤ ਸਿੰਘ ਜੱਸੀ ਅਤੇ ਹਰਮੇਸ਼ ਸਿੰਘ ਬੜੌਦੀ ਸਰਕਲ ਇੰਚਾਰਜ ਮੋਹਾਲੀ ਦੀ ਅਗਵਾਈ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਦਾ ਵੱਡਾ ਜੱਥਾ ਮੋਰਿੰਡਾ ਤੋਂ ਬਰਗਾੜ੍ਹੀ ਮੋਰਚੇ ਲਈ ਰਵਾਨਾ ਹੋਇਆ। ਪੱਤਰਕਾਰਾਂ ਨਾਲ ਗੱਲ ਕਰਦਿਆ ਜੱਥੇ ਦੀ ਅਗਵਾਈ ਕਰ ਰਹੇ ਆਗੂ ਸਰਬਜੀਤ ਸਿੰਘ ਜੱਸੀ ਅਤੇ ਹਰਮੇਸ਼ ਸਿੰਘ ਬੜੌਦੀ ਨੇ ਕਿਹਾ ਕਿ 7 ਅਕਤੂਬਰ ਦਾ ਦਿਨ ਨਵਾਂ ਇਤਿਹਾਸ ਸਿਰਜੇਗਾ ਕਿਉਂਕਿ ਇਸ ਦਿਨ ਇੱਕ ਪਾਸੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨੂੰ ਲੈ ਕੇ ਬਰਗਾੜੀ ’ਚ ਲੱਗੇ ਇੰਨਸਾਫ਼ ਮੋਰਚੇ ’ਚ ਸ਼ਾਮਿਲ ਹੋਣ ਲਈ ਸਿੱਖ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ 7 ਅਕਤੂਬਰ ਦੇ ਦਿਨ ¦ਬੀ ਅਤੇ ਅਕਾਲੀ ਦਲ ਬਾਦਲ ਵੱਲੋਂ ਪਟਿਆਲੇ ’ਚ ਰੈਲੀ ਰੱਖ ਕੇ ਰੋਸ ਮਾਰਚ ਲੈ ਕੇ ਬਰਗਾੜੀ ਜਾਣ ਵਾਲੀਆਂ ਸੰਗਤਾਂ ਨੂੰ ਟੇਢੇ ਢੰਗ ਨਾਲ ਰੋਕਣ ਦਾ ਯਤਨ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਬਾਵਜੂਦ ਇਸਦੇ ਬਰਗਾੜੀ ’ਚ ਲੱਖਾਂ ਦੀ ਗਿਣਤੀ ’ਚ ਪਹੁੰਚੀਆਂ ਸਿੱਖ ਸੰਗਤਾਂ ਨਵਾਂ ਇਤਿਹਾਸ ਸਿਰਜ ਕੇ ਹੱਟਣਗੀਆਂ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਬਰਗਾੜੀ ਵਿੱਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦਾ ਡੱਟ ਕੇ ਸਾਥ ਦਿੱਤਾ ਜਾਵੇ। ਬਰਗਾੜੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਜਾਣ ਵਾਲੇ ਇਸ ਰੋਸ ਮਾਰਚ ਜੱਥੇ ਵਿੱਚ ਹੋਰਨਾ ਤੋਂ ਇਲਾਵਾ ਹਰਜੀਤ ਸਿੰਘ ਚਤਾਮਲਾ ਦਿਹਾਤੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਮੋਰਿੰਡਾ, ਰੱਖਾ ਸਿੰਘ ਦੁੱਮਣਾ, ਰਿਟਾ. ਥਾਣੇਦਾਰ ਦਲਜੀਤ ਸਿੰਘ, ਬਲਬੀਰ ਸਿੰਘ ਮੋਰਿੰਡਾ, ਯਾਦਵਿੰਦਰ ਸਿੰਘ ਅਮਰਾਲੀ, ਗੁਰਿੰਦਰ ਸਿੰਘ ਭਜੋਲੀ ਅਤੇ ਚਰਨ ਸਿੰਘ ਮੋਰਿੰਡਾ ਸਮੇਤ ਵੱਡੀ ਗਿਣਤੀ ਇਲਾਕੇ ਦੀਆਂ ਸਿੱਖ ਸੰਗਤਾਂ ਹਾਜ਼ਰ ਸਨ।