ਮੋਗਾ, 17 ਜੁਲਾਈ (ਅਮਰੀਕ ਮੁਦਕਾ)- ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਦੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਆਪਣੇ ਪੋਤਰੇ ਹਾਰਦਿਕ ਸਚਦੇਵਾ ਦਾ ਜਨਮ ਦਿਨ ਫ਼ਲਦਾਰ, ਛਾਂਦਾਰ ਅਤੇ ਫੁੱਲਦਾਰ ਪੌਦੇ ਲਗਵਾਕੇ ਮਨਾਇਆ ਅਤੇ ਪੌਦਿਆਂ ਦੀ ਦੇਖਭਾਲ ਦਾ ਪੂਰਾ ਪ੍ਰਬੰਧ ਵੀ ਕੀਤਾ।
ਰੁੱਖਾਂ ਦੀ ਮਹਾਨਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਰੁੱਖ ਨਾ ਹੁੰਦੇ ਤਾਂ ਮਨੁੱਖ ਦਾ ਜੀਵਤ ਰਹਿਣਾ ਅਸੰਭਵ ਸੀ ਕਿਉਕਿ ਰੁੱਖ ਸਾਨੂੰ ਜੀਉਣ ਲਈ ਮਹੱਤਵਪੂਰਨ ਤੱਤ ਆਕਸੀਜਨ ਉਤਪੰਨ ਕਰਕੇ ਦਿੰਦੇ ਹਨ ਅਤੇ ਜਿੰਦਾ ਰਹਿਣ ਲਈ ਖੁਰਾਕ ਦੇ ਨਾਲ-ਨਾਲ ਹੋਰ ਨਿਆਮਤਾਂ ਵੀ ਦਿੰਦੇ ਹਨ। ਡਾ. ਰੋਹਿਨ ਸਚਦੇਵਾ ਨੇ “ਇੱਕ ਰੁੱਖ ਸੌ ਸੁੱਖ” ਸ਼ਬਦ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਮੇਸ਼ਾ ਪ੍ਰਕਿਰਤੀ ਦੁਆਰਾ ਮਿਲੀ ਇਸ ਹਰਿਆਲੀ ਦੀ ਸੰਭਾਲ ਕਰਨੀ ਚਾਹੀਦੀ ਹੈ। ਧਰਤੀ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣੇ ਅਤਿ ਜ਼ਰੂਰੀ ਹਨ। ਪੌਦੇ ਸਾਨੂੰ ਜਾਨਲੇਵਾ ਕੁਦਰਤੀ ਆਫਤਾਂ ਤੋਂ ਵੀ ਬਚਾਉਂਦੇ ਹਨ।



