ਮੋਗਾ, 17 ਜੁਲਾਈ (ਅਮਰੀਕ ਮੁੱਦਕਾ)- ਪੰਜਾਬ ਸਰਕਾਰ ਵੱਲੋਂ ਡੇਅਰੀ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਦੇ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਸਸਤੇ ਰੇਟਾਂ ‘ਤੇ ਬੈਂਕਾਂ ਤੋਂ ਕਰਜ਼ਾ ਦਿਵਾਇਆ ਜਾਂਦਾ ਹੈ। ਇਹ ਜਾਣਕਾਰੀ ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਮੋਗਾ ਨੇ ਦਿੰਦਿਆਂ ਦੱਸਿਆ ਕਿ ਜਿੱਥੇ ਪੰਜਾਬ ਦੁੱਧ ਦੀ ਪੈਦਾਵਾਰ ਤੇ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਇੱਕ ਮੋਹਰੀ ਸੂਬਾ ਹੈ, ਉੱਥੇ ਸੂਬੇ ਭਰ ‘ਚੋਂ ਜਿਲਾ ਮੋਗਾ ਰੋਜਾਨਾ 8 ਲੱਖ ਲੀਟਰ ਤੋਂ ਵਧੇਰੇ ਦੁੱਧ ਪੈਦਾ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਦੀ ਅਗਾਂਹ-ਵਧੂ ਸੋਚ, ਨਵੀਆਂ ਤਕਨੀਕਾਂ ਅਪਨਾਉਣ ਦੀ ਰੁਚੀ ਅਤੇ ਸਹਿਰਾਂ ਵਿੱਚ ਦੁੱਧ ਦੀ ਵਧੇਰੇ ਖਪਤ ਹੋਣ ਕਾਰਨ ਇੱਥੇ ਡੇਅਰੀ ਦੇ ਧੰਦੇ ਨੇ ਬਹੁਤ ਤਰੱਕੀ ਕੀਤੀ ਹੈ। ਜ਼ਿਲ੍ਹੇ ‘ਚ ਡੇਅਰੀ ਸਿਖਲਾਈ ਕੇਂਦਰ ਗਿੱਲ ਬਾਘਾਪੁਰਾਣਾ ਨੌਜਵਾਨਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਸਿਖਲਾਈ ਦੇਣ ‘ਚ ਅਹਿਮ ਯੋਗਦਾਨ ਪਾ ਰਿਹਾ ਹੈ। ਡੇਅਰੀ ਵਿਕਾਸ ਵਿਭਾਗ ਪੰਜਾਬ ਨਾਲ ਮਿਲ ਕੇ ਮੈਸ: ਨੈਸਲੇ ਇੰਡੀਆ ਪ੍ਰਾਈਵੇਟ ਲਿਮ ਮੋਗਾ ਵੱਲੋਂ ਵੀ ਨਾ ਸਿਰਫ ਦੁੱਧ ਦੀ ਖਰੀਦ ਅਤੇ ਮੰਡੀਕਰਨ ਕੀਤਾ ਜਾ ਰਿਹਾ ਹੈ, ਸਗੋਂ ਡੇਅਰੀ ਧੰਦੇ ਦੇ ਵਿਕਾਸ, ਆਧੁਨਿਕ ਤਕਨੀਕਾਂ ਬਾਰੇ ਜਾਗਰੂਕਤਾ ਅਤੇ ਸਾਫ਼-ਸੁਥਰੇ ਤੇ ਵਧੇਰੇ ਦੁੱਧ ਦੀ ਪੈਦਾਵਾਰ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ। ਸ੍ਰੀ ਥਿੰਦ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਨੂੰ 5 ਦਿਨਾਂ ਦੀ ਡੇਅਰੀ ਸਿਖਲਾਈ ਜਿਲੇ ਵਿੱਚ ਹੀ ਪੈਂਦੇ ਡੇਅਰੀ ਸਿਖਲਾਈ ਕੇਂਦਰ, ਗਿੱਲ ਵਿਖੇ ਦਿੱਤੀ ਜਾਂਦੀ ਹੈ। ਸਿਖਲਾਈ ਉਪਰੰਤ ਉਮੀਦਵਾਰਾਂ ਨੂੰ ਦੋ ਦੁਧਾਰੂ ਪਸੂਆਂ ਦੀ ਖ੍ਰੀਦ ਲਈ 1,00,000/- ਰੁਪਏ ਦਾ ਲੋਨ ਬੈਂਕਾਂ ਤੋਂ ਜਾਰੀ ਕਰਵਾਇਆ ਜਾਂਦਾ ਹੈ, ਜਿਸ ਵਿੱਚੋਂ ਪੰਜਾਬ ਸਰਕਾਰ ਵੱਲੋਂ 25,000/- ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 15 ਦਿਨਾਂ ਡੇਅਰੀ ਸਿਖਲਾਈ ਪ੍ਰੋਗਰਾਮ ਤਹਿਤ ਸਿਖਲਾਈ ਕੇਂਦਰ, ਗਿੱਲ ਵਿਖੇ ਡੇਅਰੀ ਫਾਰਮਿੰਗ ਦਾ ਤਕਨੀਕੀ ਗਿਆਨ ਦੇ ਕੇ ਆਪਣਾ ਰੁਜਗਾਰ ਸਥਾਪਿਤ ਕਰਨ ਦੇ ਮੰਤਵ ਨਾਲ ਸਾਲ 2012-13 ਦੌਰਾਨ 368 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਕਿੱਤਾ ਸੁਰੂ ਕਰਨ ਲਈ ਗਿਆਨ ਅਤੀ ਮਹੱਤਵ ਰੱਖਦਾ ਹੈ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਧੰਦੇ ਨੂੰ ਹੋਰ ਪ੍ਰਫੁਲਤ ਕਰਨ ਅਤੇ ਵਪਾਰਕ ਲੀਹਾਂ ਤੇ ਤੋਰਨ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਕਈ ਸਕੀਮਾਂ ਰਾਹੀਂ ਲੋਕ ਸੇਵਾ ਵਿੱਚ ਲੱਗੇ ਹੋਏ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਡੇਅਰੀ ਵਿਕਾਸ ਵਿਭਾਗ ਦੇ 8 ਸਿਖਲਾਈ ਕੇਂਦਰ ਹਨ, ਜਿਹਨਾਂ ਵਿੱਚੋਂ ਇੱਕ ਡੇਅਰੀ ਸਿਖਲਾਈ ਕੇਂਦਰ, ਗਿੱਲ (ਬਾਘਾਪੁਰਾਣਾ) ਹੈ। ਇਸ ਸਿਖਲਾਈ ਕੇਂਦਰ ਤੇ ਜਿਲਾ ਮੋਗਾ, ਲੁਧਿਆਣਾ, ਫਿਰੋਜਪੁਰ, ਫਰੀਦਕੋਟ ਅਤੇ ਬਰਨਾਲਾ ਤੋਂ ਸਿਖਿਆਰਥੀ ਸਿਖਲਾਈ ਲੈਣ ਲਈ ਆਉਂਦੇ ਹਨ। ਜਿਸ ਦੇ ਲਈ ਵਿਭਾਗ ਵੱਲੋਂ ਕਿੱਤਾ ਮੁਖੀ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ। ਸਿਖਲਾਈਆਂ ਦਾ ਮੁੱਖ ਮਕਸਦ ਬੇ-ਰੋਜਗਾਰ ਲੜਕੇ ਲੜਕੀਆਂ ਨੂੰ ਡੇਅਰੀ ਫਾਰਮਿੰਗ ਦਾ ਤਕਨੀਕੀ ਗਿਆਨ ਦੇ ਕੇ ਆਪਣਾ ਰੋਜਗਾਰ ਸਥਾਪਿਤ ਕਰਨ ਲਈ ਡੇਅਰੀ ਯੂਨਿਟ ਬਣਾਉਣਾ ਹੈ। ਸਿਖਿਆਰਥੀਆਂ ਨੂੰ ਡੇਅਰੀ ਫਾਰਮ ਦੇ ਪ੍ਰਬੰਧ ਦੀਆਂ ਵੱਖ-ਵੱਖ ਤਕਨੀਕਾਂ ਦਾ ਗਿਆਨ ਦੇਣ ਤੋਂ ਇਲਾਵਾ ਪਸੂਆਂ ਦੀਆਂ ਨਸਲਾਂ ਤੇ ਨਸਲ ਸੁਧਾਰ ਸਬੰਧੀ ਜਾਣਕਾਰੀ, ਮਨਸੂਈ ਗਰਭਦਾਨ ਅਤੇ ਵੱਖ-ਵੱਖ ਦੁੱਧ ਪਦਾਰਥਾਂ ਦੀ ਬਣਤਰ ਸਬੰਧੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿਖਲਾਈ ਪ੍ਰਾਪਤ ਲੜਕੇ- ਲੜਕੀਆਂ ਨੂੰ ਵਪਾਰਕ ਡੇਅਰੀ ਫਾਰਮ ਸਥਾਪਿਤ ਕਰਨ ਲਈ ਬੈਂਕਾ ਤੋਂ ਲੋੜ ਮੁਤਾਬਿਕ ਵਿੱਤੀ ਸਹਾਇਤਾ ਵੀ ਦਿਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਸਾਲ 2012-13 ਦੌਰਾਨ ਸਵੈ-ਰੋਜਗਾਰ ਸਕੀਮ ਤਹਿਤ 700 ਤੋਂ ਵੱਧ ਸਿਖਿਆਰਥੀ ਨੂੰ 15 ਦਿਨਾਂ ਸਿਖਲਾਈ, ਡੇਅਰੀ ਉੱਦਮ ਸਿਖਲਾਈ ਤਹਿਤ 150 ਤੋਂ ਜਿਆਦਾ ਸਿਖਿਆਰਥੀਆਂ ਨੂੰ 45 ਦਿਨਾਂ, ਅਨੁਸੂਚਿਤ ਜਾਤੀ ਸਬ ਪਲਾਨ ਤਹਿਤ 150 ਤੋਂ ਵਧੇਰੇ ਸਿਖਿਆਰਥੀਆਂ ਨੂੰ ਪੰਜ ਦਿਨਾਂ ਅਤੇ ਸਹਿਕਾਰੀ ਮਿਲਕ ਪਲਾਂਟ ਵੱਲੋਂ ਸਪਾਂਸਰ ਲਗਭਗ 500 ਦੁੱਧ ਉਤਪਾਦਕਾਂ ਨੂੰ ਵੀ ਸਾਫ ਦੁੱਧ ਦੀ ਪੈਦਾਵਾਰ ਕਰਨ ਸਬੰਧੀ ਇੱਕ ਦਿਨਾਂ ਸਿਖਲਾਈ ਦਿੱਤੀ ਗਈ।



