June 18, 2026 3:56 am

ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਾਂ ਦਾ ਕੰਮ ਮੁਕੰਮਲ

ਚੋਣ ਨਤੀਜੇ 22 ਸਤੰਬਰ ਨੂੰ ਐਲਾਨੇ ਜਾਣਗੇ

ਚੰਡੀਗੜ੍ਹ, 19 ਸਤੰਬਰ- ਪੰਜਾਬ ਵਿੱਚ ਬੁੱਧਵਾਰ ਨੂੰ 22 ਜ਼ਿਲ੍ਹਿਆਂ ਦੀਆਂ ਪ੍ਰੀਸ਼ਦਾਂ ਅਤੇ 150 ਬਲਾਕ ਸੰਮਤੀਆਂ ਦੀ ਚੋਣ ਲਈ ਵੋਟਾਂ ਦਾ ਕਾਰਜ ਸ਼ਾਮੀ 4 ਵਜੇ ਸਮਾਪਤ ਹੋ ਗਿਆ। ਇਸ ਦੌਰਾਨ ਕੁਝ ਥਾਵਾਂ ’ਤੇ ਝਗੜੇ ਅਤੇ ਗੜਬੜ ਦੀਆਂ ਵੀ ਰਿਪੋਰਟਾਂ ਹਨ। ਉਂਝ ਕੁੱਲ ਮਿਲਾ ਕੇ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਰਿਹਾ। ਲੋਕਾਂ ਨੇ ਉਤਸ਼ਾਹ ਨਾਲ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਇਨ੍ਹਾਂ ਚੋਣਾਂ ਦੇ ਨਤੀਜੇ 22 ਸਤੰਬਰ ਦਿਨ ਸ਼ਨਿੱਚਰਵਾਰ ਨੂੰ ਐਲਾਨੇ ਜਾਣਗੇ। ਚੋਣਾਂ ਦੌਰਾਨ ਸਭ ਤੋਂ ਵਧ ਵੋਟ ਫੀਸਦੀ ਮਾਨਸਾ ਵਿੱਚ ਦਰਜ ਕੀਤੀ ਗਈ। ਮਾਨਸਾ ਵਿੱਚ ਚੋਣਾਂ ਦੌਰਾਨ ਸਭ ਤੋਂ ਵਧ ਸ਼ਾਂਤੀ ਵੀ ਰਹੀ। ਬਠਿੰਡਾ ਵਿੱਚ 55 ਫੀਸਦੀ, ਬਰਨਾਲਾ ਵਿੱਚ 57 ਫੀਸਦੀ, ਫਿਰੋਜ਼ਪੁਰ ’ਚ 57 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 64 ਫੀਸਦੀ, ਫਰੀਦਕੋਟ ’ਚ 63 ਫੀਸਦੀ, ਗੁਰਦਾਸਪੁਰ ’ਚ 47 ਫੀਸਦੀ, ਹੁਸ਼ਿਆਰਪੁਰ ’ਚ 50.86 ਫੀਸਦੀ, ਜਲੰਧਰ ਵਿੱਚ 51.6 ਫੀਸਦੀ, ਲੁਧਿਆਣਾ ’ਚ 57 ਫੀਸਦੀ, ਮੋਗਾ ’ਚ 57 ਫੀਸਦੀ, ਸ੍ਰੀ ਮੁਕਤਸਰ ਸਾਹਿਬ ’ਚ 58 ਫੀਸਦੀ, ਪਟਿਆਲਾ ’ਚ 62 ਫੀਸਦੀ, ਪਠਾਨਕੋਟ ’ਚ 57 ਫੀਸਦੀ, ਰੂਪਨਗਰ ’ਚ 61 ਫੀਸਦੀ, ਮੁਹਾਲੀ ’ਚ 65 ਫੀਸਦੀ ਅਤੇ ਨਵਾਂਸ਼ਹਿਰ ’ਚ 60.37 ਫੀਸਦੀ ਵੋਟਾਂ ਪੈਣ ਦੀ ਰਿਪੋਰਟ ਹੈ। ਪ੍ਰਸ਼ਾਸਨ ਵਲੋਂ ਸੁਰਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਦੂਲੇਵਾਲ ਵਿਚ ਅਕਾਲੀ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ।ਇਸ ਦੌਰਾਨ ਦੋਵਾਂ ਧਿਰਾਂ ਵਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ।ਝੜਪ ਦੌਰਾਨ ਬਚਾ ਗੰਭੀਰ ਜ਼ਖ਼ਮੀ ਹੋਇਆ ਹੈ।ਇਸ ਤੋਂ ਇਲਾਵਾ ਬਠਿੰਡਾ ਦੇ ਹੀ ਪਿੰਡ ਮਿਡਾ ਵਿਚ ਵਾਹਨਾਂ ਦੀ ਭੰਨ੍ਹਤੋੜ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਿੰਡ ਕਾਲ਼ਿਆਂਵਾਲੀ ਵਿਚ ਕਾਰਾਂ ਦੀ ਭੰਨ੍ਹਤੋੜ ਕੀਤੀ ਗਈ। ਇਥੇ ਪਿੰਡ ਬਾਦਲ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਵੋਟ ਪਾਈ।ਉਧਰ ਸ੍ਰੀ ਮੁਕਤਸਰ ਸਾਹਿਬ ਵਿਚ ਸਿੰਘ ਸਾਹਿਬ ਦੇ ਪੁੱਤਰ ਮਨਜਿੰਦਰ ਸਿੰਘ ਬਿਟੂ ਦੇ ਹੋਟਲ ਵਿਚੋਂ 10 ਅਣਪਛਾਤੇ ਬੰਦੇ ਫੜੇ ਗਏ। ਇਨ੍ਹਾਂ ਕੋਲੋਂ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਬਿਟੂ ਅਕਾਲੀ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਮੁੰਡਾ ਹੈ ਤੇ ਉਦੈਕਰਨ ਜ਼ੋਨ ਤੋਂ ਚੋਣਾਂ ਲੜ ਰਿਹਾ ਹੈ।
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੁਲ 17,268 ਪੋਲਿੰਗ ਬੂਥ ਬਣਾਏ ਗਏ ਹਨ। ਚੋਣ ਕਮਿਸ਼ਨ ਵਲੋਂ 35 ਆਬਜ਼ਰਵਰ ਅਧਿਕਾਰੀ ਅਤੇ 50 ਹਜ਼ਾਰ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਸਨ।

Send this to a friend