ਚੰਡੀਗੜ੍ਹ, 18 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਦੇ ਵਿਕਾਸ ਵਾਸਤੇ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਕੀਤੀ ਚੋਣਵੀ ਮੰਗ ਲਈ ਤਿਖੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਅਕਾਲੀ ਆਗੂ ਦਾ ਜ਼ਾਹਿਰਾ ਤੌਰ ’ਤੇ ਸੂਬੇ ਦੇ ਵਿਕਾਸ ਬਾਰੇ ਤੰਗ ਨਜ਼ਰੀਆ ਹੈ। ‘‘ਵਾਅਦਾ ਪੂਰਾ ਕਰਨ ਦੀ ਸ਼ਕਲ ਵਿਚ ਲੋਕਾਂ ਵਾਸਤੇ ਤੋਹਫੇ ਦੇ ਨਾਲ ਲੰਬੀ ਆਉਣ’’ ਬਾਰੇ ਬਾਦਲ ਵਲੋਂ ਦਿਤੇ ਗਏ ਬਿਆਨ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਬਜੁਰਗ ਆਗੂ ਦੀ ਤਰ੍ਹਾਂ ਸਿਰਫ ਦੇ ਲੰਬੀ ਦੇ ਹੀ ਮੁਖ ਮੰਤਰੀ ਨਹੀਂ ਹਨ ਸਗੋਂ ਉਹ ਪੂਰੇ ਪੰਜਾਬ ਦੇ ਮੁਖ ਮੰਤਰੀ ਹਨ ਪਰ ਉਨ੍ਹਾਂ ਦਾ ਲੰਬੀ ਦੇ ਲੋਕਾਂ ਦੇ ਪ੍ਰਤੀ ਉਚ ਸਤਿਕਾਰ ਹੈ। ਕੁਝ ਪਤਰਕਾਰਾਂ ਵਲੋਂ ਪੁਛੇ ਗਏ ਇਕ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਲਗਾਤਾਰ ਲੰਬੀ ਨੂੰ ਹੀ ਸੂਬੇ ਦਾ ਇਕੋ-ਇਕ ਹਲਕਾ ਦਸ ਰਿਹਾ ਹੈ ਜੋ ਵਿਕਾਸ ਦਾ ਹਕਦਾਰ ਹੈ। ਪਿਛਲੇ 10 ਸਾਲਾਂ ਦੇ ਕੁਸ਼ਾਸ਼ਨ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਅਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀਆਂ ਨਿਰਾਸ਼ਜਨਕ ਅਤੇ ਅਸਫਲ ਕੋਸ਼ਿਸ਼ਾਂ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁਖ ਮੰਤਰੀ ਦੀ ਤਿਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਬਾਦਲ ਸਿਰਫ਼ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਸਮੁਚੇ ਸੂਬੇ ਦੇ ਵਿਕਾਸ ਦੀ ਬਿਨਾਹ ’ਤੇ ਲੰਬੀ ਵਾਸਤੇ ਤੋਹਫੇ ਦੀ ਮੰਗ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਨੇ ਪਿਛਲੇ 18 ਮਹੀਨੇ ਦੌਰਾਨ ਪੰਜਾਬ ਦੇ ਕਿਸੇ ਵੀ ਹੋਰ ਖਿਤੇ ਲਈ ਕਦੀ ਵੀ ਤੋਹਫੇ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਾਬਕਾ ਮੁਖ ਮੰਤਰੀ ਨੂੰ ਸੂਬੇ ਦੇ ਲੋਕਾਂ ਦੀ ਰਤੀ ਭਰ ਵੀ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਛੇਤੀਂ ਹੀ ਲੰਬੀ ਦਾ ਦੌਰਾ ਕਰਨਗੇ ਅਤੇ ਇਸ ਇਲਾਕੇ ਦੀਆਂ ਵਿਕਾਸ ਜ਼ਰੂਰਤਾਂ ਨੂੰ ਸੰਬੋਧਤ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਹਰੇਕ ਹਿਸੇ ਲਈ ਵਿਕਾਸ ਯੋਜਨਾ ਨੂੰ ਅੰਤਮ ਰੂਪ ਦੇਣ ਅਤੇ ਇਸ ਦੀ ਸ਼ੁਰੂਆਤ ਨੂੰ ਯਕੀਨੀ ਬਨਾਉਣਗੇ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਚੋਣ ਵਾਅਦੇ ਪੂਰੇ ਕਰਨ ਸਬੰਧੀ ਇਕ ਹੋਰ ਸਵਾਲ ਦੇ ਜਵਾਬ ਵਿਚ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਤਾ ਵਿਚ ਆਉਣ ਤੋਂ ਬਾਅਦ ਦੋ ਦਿਨਾਂ ਦੇ ਅੰਦਰ-ਅੰਦਰ ਹੀ ਆਪਣੇ ਮੰਤਰੀ ਮੰਡਲ ਦੁਆਰਾ ਉਨ੍ਹਾਂ 117 ਫੈਸਲਿਆਂ ਨੂੰ ਲਾਗੂ ਕਰਨ ਲਈ ਪ੍ਰਵਾਨਗੀ ਦਿਵਾਈ ਜਿਨ੍ਹਾਂ ਦਾ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋ 70 ਫੈਸਲੇ ਪੂਰੀ ਤਰ੍ਹਾਂ ਲਾਗੂ ਕਰ ਦਿਤੇ ਗਏ ਹਨ ਜਦਕਿ 11 ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਖੁਦ ਦਸਣ ਕਿ 2012 ਵਿਚ ਸਤਾ ਵਿਚ ਆਉਣ ਵੇਲੇ ਉਸ ਦੀ ਸਰਕਾਰ ਨੇ ਕਿਨੇ ਚੋਣ ਵਾਅਦੇ ਪੂਰੇ ਕੀਤੇ ਸਨ। ਆਪਣੀ ਸਰਕਾਰ ਵਲੋਂ ਪੂਰੇ ਕੀਤੇ ਗਏ ਕੁਝ ਮਹਤਵਪੁਰਨ ਚੋਣ ਵਾਅਦਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਲਖ ਤੋਂ ਵਧ ਕਿਸਾਨਾਂ ਨੂੰ 1735 ਕਰੋੜ ਰੁਪਏ ਦੀ ਕਰਜ਼ਾ ਰਾਹਤ ਮੁਹਈਆ ਕਰਵਾਈ ਗਈ ਹੈ ਅਤੇ 314 ਕਰੋੜ ਰੁਪਏ ਦੀ ਅਗਲੀ ਕਿਸ਼ਤ ਉਨ੍ਹਾਂ ਸੀਮਾਂਤ ਕਿਸਾਨਾਂ ਲਈ ਛੇਤੀ ਹੀ ਜ਼ਾਰੀ ਕਰ ਦਿਤੀ ਜਾਵੇਗੀ ਜਿਨ੍ਹਾਂ ਨੇ ਵਪਾਰਕ ਬੈਂਕਾਂ ਤੋਂ ਕਰਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਸ਼ਾਸ਼ਨ ਦੌਰਾਨ ਕਦੀ ਵੀ ਕਿਸਾਨਾਂ ਨੂੰ ਸਿਧੀ ਸਬਸਿਡੀ ਜਾ ਰਾਹਤ ਮੁਹਈਆ ਨਹੀਂ ਕਰਵਾਈ।
ਮੁਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਸ਼ਾਸਨ ਦੌਰਾਨ 10 ਸਾਲ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫਸਲ ਵੇਚਣ ਲਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਦਕਿ ਉਨ੍ਹਾਂ ਦੀ ਸਰਕਾਰ ਨੇ ਖਰੀਦ ਕਾਰਜ਼ਾਂ ਨੂੰ ਬਿਨਾਂ ਕਿਸੇ ਅੜਚਨ ਦੇ ਨੇਪਰੇ ਚਾੜ੍ਹਿਆ। ਇਸ ਦੇ ਨਤੀਜੇ ਵਜੋਂ 10 ਲਖ ਕਿਸਾਨਾਂ ਵਿਚੋਂ ਬਹੁਤੇ ਉਸੇ ਦਿਨ ਹੀ ਆਪਣੀ ਫਸਲ ਵੇਚ ਕੇ ਖੁਸ਼ੀ –ਖੁਸ਼ੀ ਘਰਾਂ ਨੂੰ ਚਲੇ ਜਾਂਦੇ ਸਨ। ਮੁਖ ਮੰਤਰੀ ਨੇ ਇਹ ਵੀ ਦਸਿਆ ਕਿ ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਕਰ ਦਿਤੀ ਹੈ ਜਿਸ ਨਾਲ 19 ਲਖ ਲੋਕਾਂ ਨੂੰ ਫਾਇਦਾ ਹੋਇਆ ਹੈ ਜਦਕਿ ਬਾਦਲ ਸਰਕਾਰ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸਿਰਫ ਇਕ ਵਾਰੀ ਇਹ ਪੈਨਸ਼ਨ 250 ਤੋਂ ਵਧਾ ਕੇ 500 ਰੁਪਏ ਕੀਤੀ ਸੀ। ਉਸ ਵੇਲੇ ਵੀ ਇਸ ਦਾ ਉਦੇਸ਼ ਚੋਣਾਂ ਵਿਚੋਂ ਲਾਹਾ ਖਟਣਾ ਸੀ ਨਾ ਕਿ ਗਰੀਬਾਂ ਨੂੰ ਲਾਭ ਪਹੁੰਚਾਣਾ ਸੀ। ਉਨ੍ਹਾਂ ਦਸਿਆ ਕਿ ਆਸ਼ੀਰਵਾਦ ਸਕੀਮ ਹੇਠ ਦਿਤੀ ਜਾਂਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 21000 ਕਰ ਦਿਤੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਆਪਣੇ ਸ਼ਾਸਨ ਦੌਰਾਨ ਇਕ ਵੀ ਪੈਸਾ ਵਧਾਉਣ ਵਿਚ ਅਸਫਲ ਹੋਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਲਾਭਾਂ ਨਾਲ ਤਕਰੀਬਨ 25 ਲਖ ਲੋਕਾਂ ਨੂੰ ਫਾਇਦਾ ਹੋਇਆ ਹੈ ਜੋਕਿ ਸਮਾਜ ਦੇ ਗਰੀਬ ਤਬਕੇ ਨਾਲ ਸਬੰਧਤ ਹਨ।
ਬੁਨਿਆਦੀ ਢਾਂਚੇ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ 16 ਹਜ਼ਾਰ ਕਿਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਦਾ ਵਿਸ਼ਾਲ ਕਾਰਜ਼ ਉਨ੍ਹਾਂ ਦੇ ਸ਼ਾਸਨ ਦੇ ਪਹਿਲੇ ਵਰ੍ਹੇ ਦੌਰਾਨ ਹੀ 2000 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ।