ਕੌਮਾਂ ਦੇ ਨਿਰਮਾਣ ’ਚ ਵਿਦਿਅਕ ਅਦਾਰਿਆਂ ਦੀ ਭੂਮਿਕਾ ਹਮੇਸ਼ਾ ਬੇਹਦ ਅਹਿਮ ਰਹੀ ਹੈ। ਇਕ ਤਰ੍ਹਾਂ ਨਾਲ ਕਲਾਸ ਰੂਮ ਕੌਮਾਂ ਦੀ ਹੋਣੀ ਘੜਦੇ ਹਨ। ਪ੍ਰੰਤੂ ਇਹ ਸਾਡੀ ਤਕਰੀਰ ਦੇ ਹਿੱਸੇ ਆਇਆ ਹੈ ਕਿ ਅਸੀਂ ਵਿਦਿਅਕ ਅਦਾਰਿਆਂ ਦੀ ਅਹਿਮੀਅਤ ਨੂੰ ਮਹਿਸੂਸ ਨਹੀਂ ਕਰ ਸਕੇ। ਸਾਡੇ ਇਸ ਰਵੱਈਏ ਕਾਰਨ ਹੀ ਸਿੱਖ ਸਕੂਲ ਅਤੇ ਕਾਲਜ ਵਿੱਦਿਆ ਅਤੇ ਧਰਮ ਦੇ ਖੇਤਰ ਕੀਰਤੀਮਾਨ ਕਾਇਮ ਕਰਨ ਵਿੱਚ ਅਸਫਲ ਰਹੇ ਹਨ। ਸਿੱਖ ਸਕੂਲਾਂ ਅਤੇ ਕਾਲਜਾਂ ਨੇ ਜੇਕਰ ਧਰਮ ਅਤੇ ਵਿੱਦਿਆ ਦੇ ਖੇਤਰ ਵਿੱਚ ਆਦਰਸ਼ ਕਾਇਮ ਕਰਨ ਦੀ ਕੋਸਿਸ਼ ਕੀਤੀ ਹੁੰਦੀ ਤਦ ਸਿੱਖ ਕੌਮ ਅੱਜ ਸੰਸਾਰ ਦੇ ਨਿਵੇਕਲੀ ਸਥਿਤੀ ’ਚ ਹੁੰਦੀ। ਈਸਾਈ ਭਾਈਚਾਰਾ ਸਿਰਫ ਸਕੂਲਾਂ ਅਤੇ ਹਸਪਤਾਲਾਂ ਦੇ ਸਿਰ ਉਪਰ ਸੰਸਾਰ ਵਿੱਚ ਮਹਾਂਸ਼ਕਤੀ ਬਣ ਗਿਆ ਹੈ। ਇਹ ਬੇਹਦ ਦੁਖਦ ਹੈ ਕਿ ਜ਼ਿਆਦਾਤਰ ਸਿੱਖ ਸਕੂਲ ਅਤੇ ਕਾਲਜ ਸਾਡੀ ਸਾਡੀ ਸਿਆਸੀ ਧੜੇਬੰਦੀ ਅਤੇ ਨਿੱਜੀ ਲਾਲਸਾਵਾਂ ਦੀ ਭੇਟ ਚੜ੍ਹ ਗਏ ਹਨ। ਅਜਿਹੇ ਹਾਲਾਤਾਂ ਕਾਰਨ ਹੀ ਜ਼ਿਆਦਾਤਰ ਸਿੱਖ ਸਕੂਲਾਂ ਵਿੱਚ ਨਾ ਪੜ੍ਹਾਈ ਦਾ ਕੋਈ ਮਿਆਰ ਰਿਹਾ ਹੈ, ਨਾ ਧਰਮ ਦੇ ਖੇਤਰ ਵਿੱਚ ਕੋਈ ਵੱਡਾ ਯੋਗਦਾਨ। ਅਸਲ ’ਚ ਅਜਿਹੇ ਸਿੱਖ ਸਕੂਲ ਅਤੇ ਕਾਲਜ ਸਿੱਖ ਸੱਭਿਆਚਾਰ ਉਪਰ ਕਾਲਾ ਧੱਬਾ ਬਣ ਗਏ ਹਨ। ਕੌਮੀ ਉਸਾਰੀ ਦੇ ਨਾਂ ਉਪਰ ਖੜ੍ਹੇ ਕੀਤੇ ਗਏ ਅਜਿਹੇ ਬਦਨਾਮ ਸਕੂਲਾਂ ਅਤੇ ਕਾਲਜਾਂ ਨੂੰ ਸਿੱਖ ਸੰਸਥਾਵਾਂ ਕਹਿਣ ਤੋਂ ਵੀ ਸ਼ਰਮ ਮਹਿਸੂਸ ਹੁੰਦੀ ਹੈ। ਇਨ੍ਹਾਂ ਸਕੂਲਾਂ ਅਤੇ ਕਾਲਜਾਂ ਦੇ ਪ੍ਰਬੰਧਕ ਸਿਰਫ ਨੀਲੀਆਂ ਜਾਂ ਕੇਸਰੀ ਦਸਤਾਰਾਂ ਸਜਾ ਕੇ ਸਿੱਖ ਕੌਮ ਦੇ ਸੇਵਕ ਨਹੀਂ ਅਖਵਾ ਸਕਦੇ ਹਨ। ਸੱਚੇ ਕੌਮੀ ਸੇਵਕ ਬਣਨ ਲਈ ਉਨ੍ਹਾਂ ਨੂੰ ਆਪਣੇ ਪ੍ਰਬੰਧ ਹੇਠਲੀਆਂ ਸਿੱਖ ਸੰਸਥਾਵਾਂ ਦਾ ਵੱਕਾਰ ਅਤੇ ਸਾਖ ਨੂੰ ਕਾਇਮ ਕਰਨਾ ਪਵੇਗਾ। ਸਿੱਖ ਨੌਜਵਾਨਾਂ ਵਿਚ ਨਸ਼ਿਆਂ ਅਤੇ ਪਤਿਤਪੁਣੇ ਦਾ ਰੁਝਾਨ ਵੀ ਸਿੱਖ ਵਿਦਿਅਕ ਸੰਸਥਾਵਾਂ ਦੇ ਅਵੇਸਲੇਪਣ ਕਾਰਨ ਵੱਧ ਰਿਹਾ ਹੈ। ਸਿੱਖ ਵਿਦਿਅਕ ਅਦਾਰਿਆਂ ’ਚ ਅਜਿਹੇ ਵਿਦਿਆਰਥੀ ਦਾਖਲਾ ਲੈ ਰਹੇ ਹਨ ਜਿਹੜੇ ਆਪਣੇ ਧਰਮ ਵਿੱਚ ਪੱਕੇ ਨਹੀਂ ਹਨ ਅਤੇ ਵਰਜਿਤ ਨਸ਼ਿਆਂ ਦਾ ਸੇਵਨ ਤੱਕ ਕਰਦੇ ਹਨ। ਇਸ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਵਿਦਿਅਕ ਅਦਾਰਿਆਂ ਵਿੱਚ ਸਥਿਤੀ ਕੁਝ ਬੇਹਤਰ ਹੈ। ਪਤਿਤ ਸਿੱਖ ਵਿਦਿਆਰਥੀਆਂ ਨੂੰ ਸਿੱਖ ਵਿਦਿਅਕ ਅਦਾਰਿਆਂ ਵਿੱਚ ਦਾਖਲਾ ਦੇਣ ਦਾ ਸਿੱਧਾ ਮਤਲਬ ਇਹ ਹੈ ਕਿ ਅਸੀਂ ਧਰਮ ਦੀ ਇਸ ਗਿਰਾਵਟ ਨੂੰ ਪ੍ਰਵਾਨਗੀ ਦੇ ਰਹੇ ਹਾਂ। ਇਸ ਸੰਦਰਭ ਵਿੱਚ ਕੁਝ ਚੋਣਵੇਂ ਸਿੱਖ ਵਿਦਿਅਕ ਅਦਾਰੇ ਮਿਸਾਲੀ ਭੂਮਿਕਾ ਨਿਭਾਅ ਰਹੇ ਹਨ। ਇਸ ਭੂਮਿਕਾ ਨੂੰ ਹੋਰ ਅਸਰਦਾਰ ਬਣਾਉਣ ਦੀ ਲੋੜ ਹੈ। ਸਿੱਖ ਵਿਦਿਅਕ ਅਦਾਰਿਆਂ ਵਿੱਚ ਪਤਿਤ ਸਿੱਖ ਵਿਦਿਆਰਥੀਆਂ ਦਾ ਦਾਖਲਾ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ। ਧਾਰਮਿਕ ਭਾਈਚਾਰਿਆਂ ਨਾਲ ਜੁੜੇ ਸਕੂਲਾਂ ਅਤੇ ਕਾਲਜਾਂ ਦੇ ਕੌਮੀ ਫਰਜ਼ ਹਨ। ਸਾਡੇ ਅਵੇਸਲੇਪਣ ਕਰਕੇ ਹੀ ਕੌਮ ਦੀ ਨਵੀ ਪੀੜ੍ਹੀ ਧਰਮ ਅਤੇ ਕੇਸਰੀ ਵਿਰਾਸਤ ਤੋਂ ਦੂਰ ਜਾ ਰਹੀ ਹੈ। ਜੇਕਰ ਸਿੱਖ ਵਿਦਿਅਕ ਅਦਾਰੇ ਇਸ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਂਦੇ ਹਨ ਤਾਂ ਨਵੀਂ ਪੀੜ੍ਹੀ ਕੌਮੀ ਮੁੱਖ ਧਾਰਾ ਵਿੱਚ ਪਰਤ ਸਕਦੀ ਹੈ। ਪੰਥਕ ਧਿਰਾਂ ਵੱਲੋਂ ਇਸ ਮਾਮਲੇ ਵਿੱਚ ਇਕ ਸਾਂਝੀ ਰਣਨੀਤੀ ਘੜਨ ਦੀ ਲੋੜ ਹੈ। ਸਾਰੇ ਸਿੱਖ ਸਕੂਲ ਅਤੇ ਕਾਲਜ ਇਸ ਸਬੰਧ ’ਚ ਪੱਕੇ ਤੌਰ ’ਤੇ ਸਮੂਹਿਕ ਨਿਰਣਾ ਲੈਣ ਕਿ ਉਹ ਨਸ਼ਿਆਂ ਦਾ ਸੇਵਨ ਕਰਨ ਵਾਲੇ ਪਤਿਤ ਸਿੱਖ ਮੁੰਡਿਆਂ ਨੂੰ ਕਿਸੇ ਵੀ ਸ਼ਰਤ ’ਤੇ ਦਾਖਲਾ ਨਹੀਂ ਦੇਣਗੇ। ਇਸ ਸਮੂਹਿਕ ਫੈਸਲੇ ਦਾ ਨਵੀਂ ਪੀੜ੍ਹੀ ਉਪਰ ਬਹੁਤ ਡੂੰਘਾ ਅਸਰ ਪਵੇਗਾ। ਕੌਮੀ ਪੱਧਰ ’ਤੇ ਸਿੱਖ ਭਾਈਚਾਰਾ ਅੰਦਰ ਇਸ ਸਬੰਧੀ ਚੇਤਨਾ ਜਗਾਉਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੀ ਪਛਾਣ ਅਤੇ ਰੁਤਬਾ ਨਿਆਰੇਪਣ ਨਾਲ ਜੁੜਿਆ ਹੋਇਆ ਹੈ। ਇਹ ਨਿਆਰਾਪਣ ਦਸਤਾਰ ਅਤੇ ਸਾਬਤ ਸੁਰਤ ਹੋਣ ਦੇ ਨਾਲ-ਨਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ ਨਿਵੇਕਲੇ ਯੋਗਦਾਨ ਨਾਲ ਕਾਇਮ ਹੋ ਸਕਦਾ ਹੈ। ਸਿੱਖ ਵਿਦਿਅਕ ਅਦਾਰਿਆਂ ਨੂੰ ਨਵੇਂ ਦੌਰ ’ਚ ਆਪਣੀ ਨਵੀਂ ਭੂਮਿਕਾ ਨੂੰ ਸਮਝਣਾ ਚਾਹੀਦਾ ਹੈ। ਸਿੱਖ ਕੌਮ ਦੇ ਭਵਿੱਖ ਦੀ ਉਸਾਰੀ ਅਤੇ ਬਰਬਾਦੀ ਦੀ ਕੁੰਜੀ ਸਿਰਫ ਸਿੱਖ ਵਿਦਿਅਕ ਅਦਾਰਿਆਂ ਕੋਲ ਹੈ। ਜੇਕਰ ਨਵੀਂ ਪੀੜ੍ਹੀ ਲਾਇਕ ਅਤੇ ਧਰਮ ਨਾਲ ਜੁੜੀ ਹੋਵੇਗੀ ਤਦ ਹੀ ਅਸੀਂ ਸਿੱਖ ਭਾਈਚਾਰੇ ਦੇ ਬਿਹਤਰ ਕੱਲ੍ਹ ਦੀ ਕਾਮਨਾ ਕਰ ਸਕਦੇ ਹਾਂ। ਉਮੀਦ ਹੈ ਕਿ ਸਮੁੱਚੀ ਕੌਮ ਅਤੇ ਪੰਥਕ ਸਖਸ਼ੀਅਤਾਂ ਇਸ ਦਿਸ਼ਾ ਵਿੱਚੋਂ ਯਤਨ ਤੇਜ਼ ਕਰਨਗੀਆਂ।
– ਬਲਜੀਤ ਸਿੰਘ ਬਰਾੜ