ਸ਼ਰਧਾਲੂਆਂ ਨੂੰ ਨਹੀਂ ਲੈਣਾ ਪਵੇਗਾ ਪਾਕਿ ਵੀਜ਼ਾ
ਚੰਡੀਗੜ੍ਹ, 7 ਸਤੰਬਰ- ਪਾਕਿਸਤਾਨ ਸਰਕਾਰ ਅਗਲੇ ਸਾਲ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਸਹਿਮਤ ਹੋ ਗਈ ਹੈ।ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਨੇ ਸਲਾਹਕਾਰਾਂ ਨਾਲ ਵਖ-ਵਖ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਪਾਕਿਸਤਾਨ ਵੱਲੋਂ ਜਲਦ ਹੀ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਭਾਰਤ ਵੱਲੋਂ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੇ ਬਿਨਾ ਵੀਜ਼ਾ ਦਰਸ਼ਨ ਕਰ ਸਕਣ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ’ਤੇ ਕੰਮ ਕਰ ਰਿਹਾ ਹੈ। ਚੌਧਰੀ ਨੇ ਕਿਹਾ ਕਿ ਸਰਕਾਰ ਕਰਤਾਰਪੁਰ ਲਾਂਘੇ ਬਾਰੇ ਤਜਵੀਜ਼ ਤਿਆਰ ਕਰ ਰਹੀ ਹੈ ਅਤੇ ਲੋੜੀਂਦੇ ਢਾਂਚੇ ਦੀ ਸਥਾਪਨਾ ਬਾਰੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਅਗਲੇ ਸਾਲ ਗੁਰੂ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿਖ ਸੰਗਤਾਂ ਮਨਾਉਣ ਲਈ ਕਰਤਾਰਪੁਰ ਸਾਹਿਬ ਆ ਸਕਣ। ਇਮਰਾਨ ਸਰਕਾਰ ਦਾ ਇਹ ਫੈਸਲਾ ਭਾਰਤ-ਪਾਕਿ ਰਿਸ਼ਤਿਆਂ ਵਿਚ ਭਰੀ ਕੁੜਤਣ ਨੂੰ ਯਕੀਨੀ ਤੌਰ ’ਤੇ ਘਟ ਕਰ ਸਕਦਾ ਹੈ। ਮੰਤਰੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੀ ਜਵਾਬ ਦੀ ਉਡੀਕ ਕਰ ਰਹੇ ਹਨ।ਗੁਰੂ ਨਾਨਕ ਦੇਵ ਜੀ ਦੇ ਅੰਤਲੇ ਸਮੇਂ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਸਿਖਾਂ ਲਈ ਵਿਸ਼ੇਸ਼ ਸਥਾਨ ਰਖਦਾ ਹੈ। ਜੇਕਰ ਪਾਕਿਸਤਾਨ ਸਰਕਾਰ ਇਸ ਦੇ ਖੁਲ੍ਹਣ ਦਾ ਐਲਾਨ ਕਰ ਦਿੰਦੀ ਹੈ ਤਾਂ ਸ਼ਰਧਾਲੂ ਬਗ਼ੈਰ ਵੀਜ਼ਾ ਦੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਦੋਵਾਂ ਦੇਸ਼ਾਂ ਵਲੋਂ ਅਜਿਹਾ ਕਰਨਾ ਇਸ ਕਰਕੇ ਵੀ ਮੁਮਕਿਨ ਹੈ ਕਿਉਂਕਿ ਭਾਰਤੀ ਸਰਹਦ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਦੂਰੀ ਮਹਿਜ਼ 3 ਕਿਲੋਮੀਟਰ ਹੈ।ਇਸ ਰਜ਼ਾਮੰਦੀ ਤੋਂ ਬਾਅਦ ਆਪਣੀ ਪਾਕਿ ਫੇਰੀ ਕਰਕੇ ਵਿਵਾਦ ਚੱਲਣ ਵਾਲੇ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਦੀ ਹੁਣ ਬਲੇ-ਬਲੇ ਹੋ ਰਹੀ ਹੈ, ਉਥੇ ਹੀ ਪਾਕਿਸਤਾਨ ਸਰਕਾਰ ਦੇ ਐਲਾਨ ਤੋਂ ਬਾਅਦ ਭਾਰਤ ਦੀ ਮੋਦੀ ਸਰਕਾਰ ਬੇਹਦ ਮੁਸ਼ਕਲ ਵਿਚ ਫਸ ਸਕਦੀ ਹੈ। ਭਾਰਤੀ ਏਜੰਸੀਆਂ ਇਸ ਲਾਂਘੇ ਦੇ ਖੁਲ੍ਹਣ ਨੂੰ ਸੁਰਖਿਆ ਦੇ ਲਿਹਾਜ਼ ਨਾਲ ਸਹੀ ਨਹੀਂ ਮੰਨਦੀਆਂ।