ਨਵਾਂ ਸ਼ਹਿਰ, 15 ਮਾਰਚ (ਵਿਜੇ ਜਯੋਤੀ)-ਦੁਆਬੇ ਵਿਚ ਤਕੜਾ ਲੋਕ ਅਧਾਰ ਰੱਖਣ ਵਾਲੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਾਖਰ ਸਿੰਘ ਨਿਮਾਣਾ ਵਲੋਂ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਨਾਲ ਅਕਾਲੀ ਦਲ ਦੇ ਮੁਕਾਬਲੇ ਪਹਿਲਾਂ ਹੀ ਪਛੜੀ ਹੋਈ ਕਾਂਗਰਸ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਧੱਕਾ ਲੱਗਾ ਹੈ। ਸ੍ਰੀ ਪਾਖਰ ਸਿੰਘ ਨੇ ਹਲਕਾ ਬੰਗਾ ਤੋਂ 1997 ਦੀ ਵਿਧਾਨ ਸਭਾ ਚੋਣ ਲੜ ਕੇ ਚੋਖੀਆਂ ਵੋਟਾਂ ਪ੍ਰਾਪਤ ਕੀਤੀਆਂ ਸਨ। ਬੰਗਾ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਮੋਹਨ ਲਾਲ ਬੰਗਾ ਦੀ ਪ੍ਰੇਰਨਾ ਨਾਲ ਅੱਜ ਸਵੇਰੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੂੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਵਿਚ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ
ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਹਾਜ਼ਰੀ ਮੌਕੇ ਸ੍ਰੀ ਪਾਖਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਲੋਕ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਕਾਰਨ ਇਸ ਵੇਲੇ ਡੁੱਬ ਰਹੇ ਜਹਾਜ਼ ਦਾ ਰੂਪ ਧਾਰ ਰਹੀ ਹੈ, ਇਸ ਲਈ ਕੋਈ ਵੀ ਸੂਝਵਾਨ ਤੇ ਸਿਆਣਾ ਵਿਅਕਤੀ ਇਸ ਵਿਚ ਸਵਾਰ ਨਹੀਂ ਹੋਣਾ ਚਾਹੁੰਦਾ।
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਪਾਖਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਯਥਾਯੋਗ ਸਥਾਨ ਅਤੇ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸ੍ਰੀ ਬੁੱਧ ਸਿੰਘ ਬਲਾਖੀਪੁਰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਲਵਦੀਪ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨੰਬਰਦਾਰ ਤਿੰਬਰ ਨਾਸ਼ਕ, ਸ਼ਰਨਜੀਤ ਸਿੰਘ ਸਾਬਕਾ ਸਰਪੰਚ ਚੱਕਗੁਰੂ, ਰਣਜੀਤ ਸਿੰਘ ਪੰਚ ਚੱਕ ਗੁਰੂ, ਮਹਿੰਦਰ ਸਿੰਘ ਸਾਬਕਾ ਪੰਚ ਵੀ ਹਾਜ਼ਰ ਸਨ।