April 30, 2026 10:00 pm

ਗੁਰੂ ਰਾਮ ਰਾਇ ਮਾਤਾ ਪੰਜਾਬ ਕੌਰ ਨੰਗਲ ਅੰਬੀਆ ਸਕੂਲ ਦੀ ਬੱਸ ਪਲਟੀ, ਕਈ ਬੱਚੇ ਗੰਭੀਰ ਰੂਪ ’ਚ ਜ਼ਖਮੀ

ਸ਼ਾਹਕੋਟ, 29 ਅਗਸਤ (ਸੁਰਿੰਦਰ ਸਿੰਘ ਖਾਲਸਾ)-ਅੱਜ ਸਵੇਰੇ ਗੁਰੂ ਰਾਮ ਰਾਇ ਮਾਤਾ ਪੰਜਾਬ ਕੌਰ ਨੰਗਲ ਅੰਬੀਆ ਸਕੂਲ ਦੀ ਮਿਨੀ ਬੱਸ ਬੱਚਿਆ ਸਮੇਤ ਝੋਨੇ ਦੇ ਖੇਤਾਂ ਵਿਚ ਪਲਟ ਗਈ ਅਤੇ ਕਈ ਬੱਚੇ ਗੰਭੀਰ ਰੂਪ ‘ਚ ਜਖਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਕੋਈ 8 .30 ਵਜੇ ਗੁਰੂ ਰਾਮ ਰਾਇ ਮਾਤਾ ਪੰਜਾਬ ਕੌਰ ਨੰਗਲ ਅੰਬੀਆ ਸਕੂਲ ਦੀ ਮਿਨੀ ਬੱਸ ਨੰਬਰ ਐਚ,ਆਰ,23 ਏ 8235 ਜਿਸ ਨੂੰ ਡਰਾਈਵਰ ਹਰਮਨਪ੍ਰੀਤ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਨੰਗਲ ਅੰਬੀਆ ਚਲਾ ਰਿਹਾ ਸੀ। ਉਕਤ ਬੱਸ ਪਿੰਡ ਬੁਢਣਵਾਲ ਦੇ ਨਜ਼ਦੀਕ ਪਹੁੰਚੀ ਤਾਂ ਡਰਾਈਵਰ ਤੋ ਬੱਸ ਬੇਕਾਬੂ ਹੋ ਗਈ ਜਿਸ ਕਾਰਨ ਬੱਸ ਸੜਕ ਤੋਂ ਥੱਲੇ ਉਤਰ ਕੇ ਨੀਵੇ ਖੇਤਾਂ ਵਿਚ ਪਲਟ ਗਈ। ਜਦੋ ਰਾਹਗੀਰਾਂ ਨੇ ਬੱਚਿਆਂ ਦਾ ਚੀਕ-ਚਿਹਾੜਾ ਸੁਣਿਆ ਤਾਂ ਉਨ੍ਹਾਂ ਆ ਕੇ ਬੱਸ ਵਿਚੋਂ ਬੱਚਿਆ ਨੂੰ ਬਾਹਰ ਕੱਢਿਆ ਅਤੇ ਡਾਕਟਰੀ ਸਹਾਇਤਾ ਲਈ ਹਸਪਤਾਲ ਵੱਲ ਲੈ ਗਏ। ਜਿਨ੍ਹਾਂ ਬੱਚਿਆ ‘ਚ ਇਕ ਲੜਕੀ ਅਵਨੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਬਾਜਵਾ ਕਲਾਂ ਤੇ ਦੂਸਰੀ ਲੜਕੀ ਸਤਬੀਰ ਕੌਰ ਪੁੱਤਰੀ ਅਸ਼ੋਕਪਾਲ ਸਿੰਘ ਪਿੰਡ ਬੁਢਣਵਾਲ ਗੰਭੀਰ ਰੂਪ ‘ਚ ਜਖਮੀ ਹੋ ਗਈਆ ਜੋ ਇਸ ਵਕਤ ਸ਼ਾਹਕੋਟ ਦੇ ਸੁਰਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹਨ। 12 ਬੱਚਿਆ ਵਿਚੋਂ ਜਿਨ੍ਹਾ ਦੇ ਮਾਮੂਲੀ ਸੱਟਾ ਲੱਗੀਆ ਸਨ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਆਪੋ-ਆਪਣੇ ਘਰੀ ਭੇਜ ਦਿੱਤਾ ਗਿਆ।
ਮੌਕੇ ’ਤੇ ਪਹੁੰਚੇ ਥਾਣਾ ਸ਼ਾਹਕੋਟ ਦੇ ਏ ਐਸ ਆਈ ਲਾਭ ਸਿੰਘ ਨੇ ਦੱਸਿਆ ਕਿ ਗੱਡੀ ਦੀ ਰਫਤਾਰ ਤੇਜ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।

Send this to a friend