ਪੰਜਾਬੀ ਦੇ ‘ਕੀਟਸ’ ਸ਼ਿਵ ਕੁਮਾਰ ਨੂੰ ਮਰਨ ਬਾਅਦ ਆਪਣਾ ਦੋਸਤ ਕਹਿਣ ਵਾਲਿਆਂ ਵਾਂਗ ਤਕਰੀਬਨ ਇਕ ਦਹਾਕਾ ਚੱਲਣੋ ਅਸਮਰਥ, ਮੌਨ ਗੁੰਮਨਾਮੀ ਦੀ ਜ਼ਿੰਦਗੀ ਜਿਉਣ ਵਾਲੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਆਪਣਾ ਪ੍ਰੇਰਨਾ ਸਰੋਤ, ਸਿਆਸੀ ਗੁਰੂ, ਸਿਆਸੀ ਰਹਿਨੁਮਾ ਕਹਿ ਕੇ ਹੇਜ ਜਿਤਾਉਣ ਵਾਲਿਆਂ ਦੀ ਫਹਿਰਿਸਤ ਸ਼ਿਵ ਦੀ ਫਹਰਿਸਤ ਤੋਂ ਵੀ ਹੋਰ ਲੰਮੇਰੀ ਹੋ ਗਈ ਹੈ। ਇਹ ਗੱਲ ਵੱਖਰੀ ਪਰ ਸਮਾਨ ਹੈ ਕਿ ਜਦੋਂ ਇਹ ਦੋਵੇਂ ਬੀਮਾਰ ਮੌਤ ਨਾਲ ਜੂਝ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਸਾਰੇ ਨਹੀਂ ਪੁੱਛੀ।
ਖ਼ੈਰ! ਠਣ ਗਈ! ‘ਮੌਤ ਸੇ ਠਨ ਗਈ’ ਨੂੰ ਕਈ ਸਾਲ ਪਹਿਲਾਂ ਚੈਲਿੰਗ ਕਰਨ ਵਾਲੇ ਹਿੰਦੁਸਤਾਨੀ ਸਿਆਸਤ ਦੇ ਯੁਗ ਪੁਰਸ਼ ਅਟਲ ਬਿਹਾਰੀ ਵਾਜਪਾਈ ਨੂੰ ਤਦ ਤਾਂ ਮੁਲਕ ਦੇ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਿਆਸੀ ਬਹਾਨੇ ਅਮਰੀਕਾ ਭੇਜ ਇਲਾਜ ਕਰਵਾ ਕੇ ਮੌਤ ਦੇ ਮੂੰਹੋਂ ਬਚਾ ਲਿਆ ਸੀ, ਪਰ ਐਤਕੀਂ ਅਟਲ ਨੂੰ ਅਹਿਸਾਸ ਕਰਵਾ ਦਿੱਤਾ ਕਿ ਮੌਤ ਅਟਲ ਹੈ, ਸ਼ਾਇਰ ਅਟਲ! ਬਾਵਜੂਦ ਅਟਲ ਦੇ ਇਸ ਦਾਅਵੇ:
ਮੈਂ ਜੀ ਭਰ ਜੀਆ,
ਮੈਂ ਮਨ ਸੇ ਮਰੂੰ,
ਲੌਟ ਕਰ ਆਊਂਗਾ,
ਕੂਚ ਸੇ ਕਿਉਂ ਡਰੂੰ?
ਅਟਲ ਜਿੰਨਾਂ ਨੂੰ ਉਨ੍ਹਾਂ ਦੀ ਮਾਂ ਕ੍ਰਿਸ਼ਨਾ ‘ਅਟਲਾ’ ਕਹਿ ਕੇ ਪੁਕਾਰਿਆ ਕਰਦੀ ਸੀ ਬਹੁਤ ਹੀ ਫਿਰਾਖ ਦਿਲ ਇਨਸਾਨ ਸਨ ਜਿਨ੍ਹਾਂ ਆਪਣੀ ਜ਼ਿੰਦਗੀ ’ਚ ਸੌੜੀ ਸੋਚ ਨੂੰ ਕਦੇ ਵੀ ਨਹੀਂ ਪਨਪਣ ਦਿੱਤਾ। ਤੰਗ ਦਾਇਰਿਆਂ ਨੂੰ ਤੋੜਦੇ ਰਹੇ ਉਹ। ਦਿਆਲੂ, ਬਾ-ਕਮਾਲ ਅਗਵਾਈ, ਤਕਰੀਰ ਕਲਾ ਦੀ ਚੁੰਬਕੀ ਖਿੱਚ ਤੇ ਇਨਸਾਨੀ ਖੂਬੀਆਂ ਦੇ ਮੁਜੱਸਮੇ ਜਿਹੀਆਂ ਖੂਬੀਆਂ ਨੇ ਹੀ ਅਟਲ ਨੂੰ ਆਪਣੇ ਸਮਕਾਲੀ ਸਿਆਸਤਦਾਨਾਂ ਤੋਂ ਅਲੱਗ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪਹੁੰਚਾਈ ਰੱਖਿਆ। ਉਤੇਜਿਤ ਹੋਣਾ ਉਨ੍ਹਾਂ ਦੇ ਸੁਭਾਅ ਵਿੱਚ ਨਹੀਂ ਸੀ।
ਅਟਲ ਦਾ ਜਾਣਾ ਇਕ ਦਰਵੇਸ਼ ਸਿਆਸਤੀ ਯੁੱਗ ਦਾ ਅੰਤ ਹੈ ਜਿਸ ਨੇ ਸਿਆਸਤ ਨੂੰ ਦਲਾਂ ਦੀ ਦਲ ਦਲ ਤੋਂ ਉਤਾਂਹ ਉਠਾਇਆ ਤੇ ਜਦ ਵੀ ਸਿਆਸਤ ਆਪਣੀ ਰਾਹ ਤੋਂ ਭਟਕਣ ਲੱਗੀ, ਅਟਲ ਚਾਨਣ ਮੁਨਾਰੇ ਵਾਂਗ ਰਾਹ ਦਸੇਰੇ ਬਣੇ। ਇਹ ਵਾਜਪਾਈ ਹੀ ਸਨ ਜਿਨ੍ਹਾਂ ਦੁਸ਼ਮਣਾਂ ਨਾਲ ਬਿਨਾ ਨਫ਼ਰਤ ਕੀਤੇ ਲੜਨਾ ਸਿਖਾਇਆ, ਲੋਕਾਂ ਨੂੰ ਨਾਲ ਜੋੜਿਆ। ਉਨ੍ਹਾਂ ਨੇ ਦਰਿਆਵਾਂ ਨੂੰ ਜੋੜਿਆ, ਸੜਕਾਂ ਨੂੰ ਜੋੜਿਆ, ਸਿਆਸਤਦਾਨਾਂ ਨੂੰ ਜਿਉਂਦੇ ਜੀਅ ਤਾਂ ਗਲੇ ਲਾਈ ਹੀ ਰੱਖਿਆ, ਅਲਵਿਦਾ ਕਹਿਣ ਬਾਅਦ ਵੀ ਜੋੜ ਗਏ।
ਕਸ਼ਮੀਰ ਵਾਦੀ ਦੀ ਉਲਝੀ ਤਾਣੀ ਨੂੰ ਸੁਲਝਾਉਣ ਲਈ ‘ਕਸ਼ਮੀਰੀਅਤ, ਜਮਹੂਰੀਅਤ ਤੇ ਇਨਸਾਨੀਅਤ’ ਲਈ ਇਨ੍ਹਾਂ ਤਿੰਨਾਂ ਲਫਜ਼ਾਂ ਨਾਲ ਹੀ ਅਟਲ ਨੇ ਕਸ਼ਮੀਰੀਆਂ ਦਾ ਦਿਲ ਜਿੱਤ ਲਿਆ ਤੇ ਕਸ਼ਮੀਰੀ ਅਵਾਮ ਨੂੰ ਕਸ਼ਮੀਰ ਮਸਲੇ ਤੋਂ ਨਿਜਾਤ ਪਾਉਣ ਦੀ ਨਵੀਂ ਉਮੀਦ, ਨਵੀਂ ਆਸ ਦੀ ਕਿਰਨ ਨਜ਼ਰ ਆਈ
ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਧਾਉਣਾ ਉਨ੍ਹਾਂ ਦੀ ਪਹਿਲੀ ਹਕੂਮਤ ਵੱਲੋਂ ਲਏ ਸਟੈਂਡ ਕਿ ਜਦੋਂ ਤਕ ਸਰਹੱਦ ਪਾਰ ਦੇ ਅਤਿਵਾਦ ਦੀ ਹਮਾਇਤ ਖਤਮ ਨਹੀਂ ਹੁੰਦੀ। ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ, ਤੋਂ ਬਿਲਕੁਲ ਉਲਟ ਸੀ। ਇਹੋ ਵਜ੍ਹਾ ਰਹੀ ਕਿ ਜਦੋਂ ਅਟਲ ਦੋਸਤੀ ਦੀ ਬੱਸ ਲੈ ਕੇ ਲਾਹੌਰ ਪੁੱਜੇ ਤਾਂ ਦੋਵਾਂ ਮੁਲਕਾਂ ਦਰਮਿਆਨ ਦੋਸਤਾਨਾ ਰਿਸ਼ਤਿਆਂ ਦੀਆਂ ਨਵੀਆਂ ਉਮੀਦਾਂ ਜਾਗੀਆਂ ਸਨ। ਹਿੰਦ-ਪਾਕਿ ਦੇ ਹਮੇਸ਼ਾ ਠੰਢੇ-ਤੱਤੇ ਰਹੇ ਰਿਸ਼ਤਿਆਂ ਕਾਰਨ ਜੰਗੀ ਬਰਫ ਦਾ ਇਸ ਦਿੱਲੀ-ਲਾਹੌਰ ਬੱਸ ਦੇ ਜ਼ਰੀਏ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨਾਲ ਜੱਫੀ ਪੈਣ ’ਤੇ ਪਿਘਲਨਾ ਕੁਦਰਤੀ ਸੀ।
ਅਟਲ ਬਿਹਾਰੀ ਵਾਜਪਾਈ ਵੱਲੋਂ ਦੋਸਤੀ ਦੇ ਇਸ ਨਿੱਘ ਦੌਰਾਨ ਦਿੱਤੀ ਜਜ਼ਬਾਤੀ ਤਕਰੀਰ ਵਿੱਚ ਆਪਣਾ ਇਹੋ ਸੰਕਲਪ ਦੁਹਰਾਇਆ ਸੀ ਕਿ ਉਹ ਦੋਵਾਂ ਮੁਲਕਾਂ ਦਰਮਿਆਨ ਜੰਗ ਨਹੀਂ ਹੋਣ ਦੇਣਗੇ। ਉਹ ਜੀਉ ਤੇ ਜਿਉਣ ਦਿਉ ਵਿੱਚ ਯਕੀਨ ਰਖਦੇ ਸਨ। ਪਰ ਇਹ ਵੱਖਰਾ ਦੁਖਾਂਤ ਰਿਹਾ ਕਿ ਸ਼ਰੀਫ ਦੇ ਫੌਜ ਮੁਖੀ ਮੁਸ਼ਰਫ ਨੇ ਸ਼ਰਾਫਤੀ ਤਾਣੇ ਦੀਆਂ ਧੱਜੀਆਂ ਉਡਾ ਕਾਰਗਿਲ ਜੰਗ ਛੇੜ ‘ਜੰਗੀ ਗਰਦੋ-ਗੁਬਾਰ’ ਨਾਲ ਦੋਸਤੀ ਸ਼ਰਮਸਾਰ ਕਰ ਦਿੱਤੀ।
ਆਖਰ ਕਾਰਗਿਲ ’ਤੇ ਵਾਜਪਾਈ ਨੂੰ ਅਮਰੀਕਾ ਨੂੰ ਕਹਿਣਾ ਪਿਆ ਕਿ ਪਾਕਿ ਫੌਜ ਹਟਾਏ ਵਰਨਾ ਅਸੀਂ ਸਰਹੱਦ ਪਾਰ ਕਰਾਂਗੇ।
ਹਿੰਦੁਸਤਾਨੀ ਸਿਆਸਤ ਦੇ ਭੀਸ਼ਮ-ਪਿਤਾਮਾ ਅਟਲ ਭਾਵੇਂ ਸਾਰੀ ਉਮਰ ਛੜੇ ਰਹੇ, ਪਰ ਉਨ੍ਹਾਂ ਆਪਣੀ ਦੋਸਤ ਦੀ ਕੁੜੀ ਨਮਿਤਾ ਨੂੰ ਗੋਦ ਲੈ ਕੇ ‘ਯਾਰੀ ਹੈ ਕੋਈ ਚੋਲਿਆਂ ਦਾ ਵੱਢ ਨਹੀਂ’ ਦੀ ਪੰਜਾਬੀ ਗੁਣਵੱਤਾ ਨੂੰ ਪ੍ਰਪੱਕ ਕੀਤਾ। ਪਾਰਲੀਮੈਂਟ ਅੰਦਰ ਕਾਂਗਰਸੀ ਨੇਤਾ ਮਾਗਰੇਟ ਅਲਵਾ ਦੇ ਸੁਆਲ ਕਿ ਅਣ-ਵਿਆਹੇ ਵਾਜਪਾਈ ਕੀ ਜਾਨਣ ਕਿ ਗ੍ਰਹਿਸਥੀ ਕਿਵੇਂ ਚਲਦੀ ਹੈ, ਦਾ ਜਵਾਬ ਦੇ ਕੇ ਨਿਰਉਤਰ ਕਰ ਦਿੱਤਾ ਸੀ ਕਿ ‘ਮੈਂ ਅਣਵਿਵਾਹਤ ਜ਼ਰੂਰ ਹਾਂ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਮੈਂ ‘ਕੁਆਰਾ’ ਹਾਂ। ਸਦਨ ਠਹਾਕੇ ਮਾਰ ਕੇ ਹੱਸਿਆ।
ਆਪਣੇ ਵਿਰੋਧੀਆਂ ਨੂੰ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿੰਦਿਆਂ ਇਕ ਵਾਕ ਨਾਲ ਹੀ ਹਰਾ ਦੇਣ ਦੀ ਕਲਾ ਅਟਲ ਅੰਦਰ ਸੀ। ਪਦ ਤੋਂ ਵੱਡਾ ਕੱਦ ਤੇ ਕੱਦ ਤੋਂ ਵੱਡੀ ਸਖਸੀਅਤ ਅਟਲ ਦੇ ਜੀਵਨ ਦਾ ਸਭ ਤੋਂ ਵੱਡਾ ਪਹਿਲੂ ਰਿਹਾ ਹੈ। ਉਹ ਇਕ ਕਪਤਾਨ ਵਾਂਗ ਇਕ ਟੀਮ ਦੀ ਤਰ੍ਹਾਂ ਸਬੰਧ ਬਣਾਈ ਰੱਖਦੇ ਸਨ। ਹਾਸ਼ੀਏ ’ਤੇ ਚਲੀ ਗਈ ਪਾਰਟੀ ਜਨਸੰਘ (ਭਾਜਪਾ) ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਬੱਝਦਾ ਹੈ।
1953 ਵਿੱਚ ਪੱਤਰਕਾਰ ਤੋਂ ਸਿਆਸਤਦਾਨ ਬਣੇ ਅਟਲ ਬਿਹਾਰੀ ਵਾਜਪਾਈ ਲਈ ਸੱਤਾ ਕਦੇ ਆਕਰਸ਼ਣ ਦੀ ਚੀਜ਼ ਨਹੀਂ ਰਹੀ। ਬਕੌਲ ਵਾਜਪਾਈ ‘‘ਅਗਰ ਮੈਂ ਪਾਰਟੀ ਤੋੜਾਂ ਤੇ ਸੱਤਾ ਵਿੱਚ ਆਉਣ ਲਈ ਗਠਜੋੜ ਬਣਾਵਾਂ ਤਾਂ ਮੈਂ ਉਸ ਸੱਤਾ ਨੂੰ ਚਿਮਟੇ ਨਾਲ ਛੂਹਣਾ ਵੀ ਪਸੰਦ ਨਹੀਂ ਕਰਾਂਗਾ।’’
ਸ਼ਰਮਾਕਲ ਜੇਹੀ ਕੁੜੀ ਦੀ ਮੰਤਰ ਮੁਗਧ ਕਰਨ ਵਾਲੀ ਅਟਲ ਦੀ ਮੁਸਕਾਨ ਦਾ ਜਾਦੂ ਕਈਆਂ ਦੇ ਸਿਰ ਚੜ੍ਹ ਬੋਲਿਆ। ਅਟਲ ਉਨ੍ਹਾਂ ਗਿਣੇ-ਚੁਣੇ ਸਿਆਸਤਦਾਨਾਂ ’ਚੋਂ ਸਨ ਜਿਨ੍ਹਾਂ ਦੀ ਤਾਰੀਫ ਉਨ੍ਹਾਂ ਦੇ ਵਿਰੋਧੀ ਵੀ ਕਰਦੇ। ਇਥੋਂ ਤੱਕ ਕਿਹਾ ਜਾਂਦਾ ਕਿ ‘ਰਾਈਟ ਮੈਨ ਇਨ ਰਾਂਗ ਪਾਰਟੀ।’ ਯਾਨੀ ਅਟਲ ਗਲਤ ਪਾਰਟੀ ਵਿੱਚ ਸਹੀ ਇਨਸਾਨ ਹੈ। ਪਰ ਇਸ ਦੇ ਬਾਵਜੂਦ ਵਾਜਪਾਈ ਨੇ ਆਪਣੀ ਪਾਰਟੀ ਜਨ ਸੰਘ (ਭਾਜਪਾ) ਨਾਲ ਆਖ਼ਰ ਤੱਕ ਵਫ਼ਾ ਨਿਭਾਈ।
ਇਹ ਵਾਜਪਾਈ ਜੇਹੀ ਸਖਸ਼ੀਅਤ ਹੀ ਸੀ ਜਿਨ੍ਹਾਂ 1971 ਦੀ ਜੰਗ ਵਿੱਚ ਪਾਕਿਸਤਾਨ ’ਤੇ ਹਿੰਦੁਸਤਾਨ ਦੀ ਜਿੱਤ ਸਮੇਂ ਬਤੌਰ ਆਪੋਜੀਸ਼ਨ ਤਤਕਾਲੀਨ ਪ੍ਰਦਾਨ ਮੰਤਰੀ ਇੰਦਰਾ ਗਾਂਧੀ ਦੀ ਤਾਰੀਫ਼ ’ਚ ਉਹਨੂੰ ਦੁਰਗਾ ਤੱਕ ਦਾ ਖਿਤਾਬ ਦੇ ਦਿੱਤਾ। ਪਹਿਲਾਂ 13 ਦਿਨ, ਫਿਰ 13 ਮਹੀਨੇ ਤੇ ਫਿਰ ਆਪਣੇ ਪੂਰੇ 5 ਸਾਲਾ ਕਾਰਜਕਾਲ ਦੌਰਾਨ ਵਾਜਪਾਈ ਦੇ ਸਿਆਸੀ ਕੱਦ, ਲਏ ਇਤਿਹਾਸਕ ਫੈਸਲਿਆਂ ਖਾਸ ਤੌਰ ’ਤੇ 11 ਮਈ 1998 ਨੂੰ ਪੋਖਰਨ ਰਾਹੀਂ ਹਿੰਦ ਨੂੰ ਪ੍ਰਮਾਣੂ ਸ਼ਕਤੀ ਨਾਲ ਲਬਰੇਜ਼ ਹੋਣ ਦਾ ਫਖ਼ਰ ਦਿਵਾ ਕੇ ਹਿੰਦੁਸਤਾਨ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਸਾਲ 2004 ਸਾਰਕ ਸੰਮੇਲਨ ਵਿੱਚ ਪਾਕਿਸਤਾਨ ਤੋਂ ਇਹ ਵਾਅਦਾ ਲੈਣਾ ‘‘ਭਾਰਤ ਵਿਰੋਧੀ ਤਾਕਤਾਂ ਨੂੰ ਪਾਕਿਸਤਾਨ ਆਪਣੀ ਜ਼ਮੀਨ ਦੇ ਕਿਸੇ ਵੀ ਹਿੱਸੇ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਦੇਵੇਗਾ,’’ ਅੱਜ ਵੀ ਉਹਨੂੰ ਸ਼ੀਸ਼ਾ ਵਿਖਾਉਣ ਲਈ ਸਾਡਾ ਵੱਡਾ ਹਥਿਆਰ ਹੈ।
ਮੈਨੂੰ 11ਵੀਂ ਲੋਕ ਸਭਾ ਦੌਰਾਨ 1996 ਵਿੱਚ ਅਟਲ ਵਾਜਪਾਈ ਦੀ ਤਕਰੀਰ ਕਦੇ ਚੇਤਿਆਂ ’ਚੋਂ ਨਹੀਂ ਨਿਕਲੀ:
…ਮੈਂ ਅਜੇ ਪ੍ਰਧਾਨ ਮੰਤਰੀ ਹਾਂ। ਕੁਝ ਦੇਰ ਵਿੱਚ ਨਹੀਂ ਰਹਾਂਗਾ। ਪਰ ਇਸ ਨਾਲ ਮੇਰੇ ਮਨ ਨੂੰ ਕੋਈ ਪੀੜ ਨਹੀਂ ਹੋਵੇਗੀ, ਕੋਈ ਸ਼ੋਕ ਨਹੀਂ ਹੋਵੇਗਾ। ਸੱਤਾ ਦੀ ਖੇਡ ਤਾਂ ਚਲਦੀ ਰਹੇਗੀ। ਸਰਕਾਰਾਂ ਆਉਣਗੀਆਂ, ਜਾਣਗੀਆਂ। ਪਾਰਟੀਆਂ ਬਣਨਗੀਆਂ, ਵਿਗੜਨਗੀਆਂ। ਮਗਰ ਇਹ ਦੇਸ਼ ਰਹਿਣਾ ਚਾਹੀਦੈ। ਇਸ ਦੇਸ਼ ਦਾ ਲੋਕਤੰਤਰ ਅਮਰ ਰਹਿਣਾ ਚਾਹੀਦੈ। ਸਪੀਕਰ ਮਹੋਦਿਆ, ਮੈਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਦੇਣ ਜਾ ਰਿਹਾ ਹਾਂ।
ਅਟਲ ਨਾਲ ਹੁਣ ਹੇਜ ਜਿਤਾਉਣ ਵਾਲਿਆਂ ਨੇ ਬੱਸ ਇਕ ਹੋਰ ਮੌਕਾ ਦੇ ਦਿੱਤਾ ਹੁੰਦਾ ਤਾਂ ਮੁਲਕ ਦੇ ਹਾਲਾਤ ਯਕੀਨਨ ਹੀ ਕੁਝ ਹੋਰ ਹੁੰਦੇ। ਅਟਲ ਨੂੰ ਤਾਂ ਅਸੀਂ ਉਦੋਂ ਹੀ ਅਲਵਿਦਾ ਕਹਿ ਦਿੱਤੀ ਸੀ, ਹੁਣ ਤਾਂ ਉਹਨੇ ਸਿਰਫ ਦੇਹ ਤਿਆਗੀ ਹੈ। ਉਨ੍ਹਾਂ ਦੀ ਅਲਵਿਦਾ ਸਿਰਫ ਸਿਆਸਤਦਾਨ, ਪੱਤਰਕਾਰ, ਕਵੀ ਦੀ ਅਲਵਿਦਾ ਹੀ ਨਹੀਂ, ਇਕ ਯੁਗ ਦਾ ਅੰਤ ਹੈ।