ਤਲਵੰਡੀ ਸਾਬੋ, 26 ਅਗਸਤ (ਰਾਮ ਰੇਸ਼ਮ ਸ਼ਰਨ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 28 ਤੋਂ 30 ਅਗਸਤ ਤੱਕ ਮਨ੍ਹਾਏ ਜਾ ਰਹੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਦਿਆਂ ਵੀਚਾਰ ਵਟਾਂਦਰਾ ਕੀਤਾ। ਸਿੰਘ ਸਾਹਿਬ ਨੇ ਇਸ ਮੌਕੇ ਦੱਸਿਆ ਕਿ 28 ਤੋਂ 30 ਅਗਸਤ ਤੱਕ ਹਰ ਸਾਲ੍ਹ ਦੀ ਤਰ੍ਹਾਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਸਮਾਗਮ ਤਖਤ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਖਾਲਸਾਈ ਜਾਹੋ ਜਲਾਲ ਨਾਲ ਮਨ੍ਹਾਏ ਜਾ ਰਹੇ ਹਨ ਤੇ ਤਿੰਨੇ ਦਿਨ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ।ਉਨਾਂ ਦੱਸਿਆ ਕਿ 30 ਅਗਸਤ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਮੁੱਖ ਸਮਾਗਮ ਹੋਣਗੇ ਜਿਨਾਂ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵੀ ਸ਼ਿਰਕਤ ਕਰਕੇ ਸੰਗਤ ਨੂੰ ਕਥਾ ਵੀਚਾਰ ਰਾਹੀਂ ਨਿਹਾਲ ਕਰਨਗੇ।ਸਾਬਕਾ ਵਿਧਾਇਕ ਸਿੱਧੂ ਨੇ ਸਿੰਘ ਸਾਹਿਬ ਨੂੰ ਭਰੋਸਾ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੀ ਉਕਤ ਸਮਾਗਮਾਂ ਵਿੱਚ ਬਣਦੀ ਜਿੰਮੇਵਾਰੀ ਨਿਭਾਂਉਦਿਆਂ ਸਹਿਯੋਗ ਦੇਵੇਗਾ।ਉਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂੰਹ ਅਹੁਦੇਦਾਰਾਂ,ਪੰਚਾਂ, ਸਰਪੰਚਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਕਿ ਉਹ ਪਿੰਡਾਂ ਵਿੱਚੋਂ ਸੰਗਤਾਂ ਨੂੰ ਪ੍ਰੇਰ ਕੇ ਉਕਤ ਸਮਾਗਮਾਂ ਲਈ ਲੈ ਕੇ ਆਉਣ ਤਾਂ ਕਿ ਵੱਡੀ ਗਿਣਤੀ ਸੰਗਤ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੇ ਇਤਿਹਾਸ ਤੋਂ ਜਾਣੂੰ ਹੋ ਸਕਣ।