ਬਠਿੰਡਾ, 24 ਅਗਸਤ- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਜ 925 ਕਰੋੜ ਦੀ ਲਾਗਤ ਵਾਲੇ ਵਕਾਰੀ ਏਮਜ਼ ਬਠਿੰਡਾ ਪ੍ਰਾਜੈਕਟ ਦੀ ਉਸਾਰੀ ਵਾਸਤੇ ਪਹਿਲੀ ਇਟ ਲਗਾ ਕੇ ਪੰਜਾਬ ਦੇ ਮਾਲਵਾ ਖੇਤਰ ਵਿਚ ਸਿਹਤ ਸੇਵਾਵਾਂ ਅੰਦਰ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਇਸ ਮੈਡੀਕਲ ਕਾਲਜ ਕਮ ਹਸਪਤਾਲ ਦੀ ਇਮਾਰਤ ਦੀ ਉਸਾਰੀ ਦੀ ਸੰਕੇਤਕ ਸ਼ੁਰੂਆਤ ਕਰ ਦਿਤੀ ਹੈ।ਇਸ ਮੌਕੇ ਪ੍ਰਾਜੈਕਟ ਵਾਲੀ ਥਾਂ ਉਤੇ ਅਮਲਤਾਸ ਦੇ ਬੂਟੇ ਲਾਉਣ ਮਗਰੋਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕਾਂ ਲਈ ਅਜ ਇਕ ਇਤਿਹਾਸਕ ਦਿਨ ਹੈ ਅਤੇ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਮਹਤਵਪੂਰਨ ਦਿਹਾੜਾ ਹੈ। ਉਹਨਾਂ ਨੇ ਏਮਜ਼ ਬਠਿੰਡਾ ਨੂੰ ਸਚ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।ਪ੍ਰਾਜੈਕਟ ਵਾਲੀ ਥਾਂ ਉਤੇ ਇਕ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੈਂ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ, ਕਿਉਂਕਿ ਮੈਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਹੋਰ ਦੇਰੀ ਬਰਦਾਸ਼ਤ ਨਹੀਂ ਕਰ ਸਕਦੀ। ਸੂਬਾ ਸਰਕਾਰ ਚਾਹੁੰਦੀ ਹੈ ਤਾਂ ਬੇਸ਼ਕ ਆ ਕੇ ਉਸਾਰੀ ਦੇ ਕੰਮ ਨੂੰ ਰੋਕ ਦੇਵੇ। ਇਹ ਮੇਰਾ ਨਿਜੀ ਏਮਜ਼ ਨਹੀਂ ਹੈ। ਇਹ ਹਸਪਤਾਲ ਗਰੀਬ ਲੋਕਾਂ ਦੇ ਇਲਾਜ ਲਈ ਹੈ।ਬੀਬੀ ਬਾਦਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਪ੍ਰਾਜੈਕਟ ਜਿਸ ਵਿਚ ਇਕ ਮੈਡੀਕਲ ਕਾਲਜ ਅਤੇ 750 ਬਿਸਤਰਿਆਂ ਵਾਲੇ ਹਸਪਤਾਲ ਤੋਂ ਇਲਾਵਾ ਨਰਸਿੰਗ ਕਾਲਜ ਅਤੇ ਹੋਰ ਬਹੁਤ ਸਾਰੀਆਂ ਮੈਡੀਕਲ ਸਹੂਲਤਾਂ ਹੋਣਗੀਆਂ, ਦੋ ਸਾਲਾਂ ਵਿਚ ਚਾਲੂ ਹੋ ਜਾਵੇਗਾ।ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਗਲ ਬਹੁਤ ਹੀ ਨਿੰਦਣਯੋਗ ਹੈ ਕਿ ਸੂਬਾ ਸਰਕਾਰ ਜਾਣ ਬੁਝ ਕੇ ਪ੍ਰਾਜੈਕਟ ਵਾਸਤੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਦੇ ਰਹੀ ਹੈ, ਜਦਕਿ ਇਹ ਪ੍ਰਾਜੈਕਟ 100 ਫੀਸਦੀ ਕੇਂਦਰ ਵਲੋਂ ਤਿਆਰ ਕੀਤਾ ਜਾਣਾ ਹੈ।