ਚੰਡੀਗੜ੍ਹ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੋ ਜਨਮ ਦਿਵਸ ਮੌਕੇ ਕਰਤਾਰਪੁਰ ਦੇ ਇਤਿਹਾਸਕ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਸਮਰਥ ਬਨਾਉਣ ਵਾਸਤੇ ਪਾਕਿਸਤਾਨ ਸਰਕਾਰ ਕੋਲੋਂ ਲਾਂਘੇ ਦੀ ਮੰਗ ਕਰਨ ਵਾਸਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਦੇ ਨਿਜੀ ਦਖਲ ਦੀ ਮੰਗ ਕੀਤੀ ਹੈ।
ਕੇਂਦਰੀ ਮੰਤਰੀ ਨੂੰ ਲਿਖੇ ਪਤਰ ਵਿਚ ਮੁਖ ਮੰਤਰੀ ਨੇ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਉਠਾਉਣ ਅਤੇ ਜਨਮ ਦਿਵਸ ਸਮਾਰੋਹਾਂ ਮੌਕੇ ਅੰਤਰਰਾਸ਼ਟਰੀ ਸਰਹਦ ਤੋਂ ਕਰਤਾਰਪੁਰ ਤਕ ਗਲਿਆਰੇ ਨੂੰ ਖੁਲ੍ਹਵਾਉਣ ਤਾਂ ਜੋ ਸ਼ਰਧਾਲੂ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਰਾਵੀ ਤੋਂ ਪਰਲੇ ਪਾਸੇ ਅੰਤਰਰਾਸ਼ਟਰੀ ਸਰਹਦ ਤੋਂ 4 ਕਿ.ਮੀ. ਦੂਰ ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਕੋਲ ਹੈ। ਮੁਖ ਮੰਤਰੀ ਨੇ ਕਿਹਾ ਹੈ ਕਿ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਅੰਤਿਮ ਸਵਾਸ ਲਏ ਸਨ ਅਤੇ ਉਨ੍ਹਾਂ ਦਾ 550ਵਾਂ ਜਨਮ ਦਿਵਸ ਨਵੰਬਰ 2019 ਵਿਚ ਹੈ। ਉਨ੍ਹਾਂ ਕਿਹਾ ਕਿ ਸਿਖ ਭਾਈਚਾਰੇ ਦੀ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਤਕ ਪਹੁੰਚ ਯਕੀਨੀ ਬਣਾਏ ਜਾਣ ਦੀ ਇਕ ਇਤਿਹਾਸਕ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧ ਵਿਚ ਭਾਰਤ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਕੇ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਆਖਿਆ ਹੈ ਤਾਂ ਜੋ ਅੰਤਰਰਾਸ਼ਟਰੀ ਸਰਹਦ ਤੋਂ ਕਰਤਾਰਪੁਰ ਤਕ ਗਲਿਆਰਾ ਖੁਲ੍ਹਵਾਇਆ ਜਾ ਸਕੇ।ਕੈਪਟਨ ਅਮਰਿੰਦਰ ਸਿੰਘ ਨੇ ਅਗੇ ਕਿਹਾ ਕਿ ਇਹ ਮੰਗ ਲਮੇ ਸਮੇਂ ਤੋਂ ਚਲੀ ਆ ਰਹੀ ਮੰਗ ਦੇ ਸਬੰਧ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1 ਸਤੰਬਰ, 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਅੰਮ੍ਰਿਤਸਰ ਵਿਖੇ ਇਸ ਸਬੰਧੀ ਇਕ ਐਲਾਨ ਕੀਤਾ ਸੀ। ਉਨ੍ਹਾਂ ਨੇ ਸਾਲ 2005 ਅਤੇ 2006 ਦੇ ਸੂਬੇ ਦੇ ਦੌਰੇ ਦੌਰਾਨ ਇਸੇ ਨੂੰ ਦੁਹਰਾਇਆ ਸੀ ਪਰ ਇਸ ਸਬੰਧੀ ਵਧੀਆ ਕੋਸ਼ਿਸਾਂ ਦੇ ਬਾਵਜੂਦ ਇਸ ਨੂੰ ਅਮਲੀ ਰੂਪ ਨਹੀਂ ਮਿਲਿਆ। ਉਨ੍ਹਾਂ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਇਸ ਸਬੰਧ ਵਿਚ ਆਪਣੀਆਂ ਨਿਜੀ ਕੋਸ਼ਿਸਾਂ ਕਰਨ ਦੀ ਅਪੀਲ ਕੀਤੀ ਹੈ।