April 27, 2026 3:33 pm

ਨਵਜੋਤ ਸਿੱਧੂ ਦੇ ਹੱਕ ਵਿੱਚ ਉਤਰੇ ਭਗਵੰਤ ਮਾਨ, ਕਿਹਾ ਫੌਜੀ ਜਰਨੈਲ ਨੂੰ ਜੱਫੀ ਪਾ ਕੇ ਕੁਝ ਗਲਤ ਨਹੀਂ ਕੀਤਾ

ਤਲਵੰਡੀ ਸਾਬੋ, 21 ਅਗਸਤ (ਰਾਮ ਰੇਸ਼ਮ ਸ਼ਰਨ)- ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿਧੂ ਵਲੋਂ ਹਾਲੀਆ ਪਾਕਿਸਤਾਨੀ ਦੌਰੇ ਸਮੇਂ ਉਥੋਂ ਦੇ ਫੌਜੀ ਜਰਨੈਲ ਨੂੰ ਜਫੀ ਪਾਉਣ ਨੂੰ ਲੈ ਕੇ ਭਾਂਵੇ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹੋਣ ਪ੍ਰੰਤੂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਜ ਉਨਾਂ ਦੇ ਹਕ ਵਿਚ ਉਤਰ ਆਏ ਹਨ ਤੇ ਉਨਾਂ ਮੁਤਾਬਿਕ ਫੌਜੀ ਜਰਨੈਲ ਨੂੰ ਜਫੀ ਪਾ ਕੇ ਸਿਧੂ ਨੇ ਕੁਝ ਵੀ ਗਲਤ ਨਹੀ ਕੀਤਾ ਸਗੋਂ ਅਕਾਲੀ ਭਾਜਪਾ ਤੇ ਹੋਰ ਇਸ ਤੇ ਬੇਵਜ੍ਹਾ ਰਾਜਨੀਤੀ ਕਰ ਰਹੇ ਹਨ।ਅਜ ਹਲਕੇ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੇ ਗ੍ਰਹਿ ਵਿਖੇ ਪੁਜੇ ਭਗਵੰਤ ਮਾਨ ਦੇ ਚਿਹਰੇ ਤੇ ਪਾਰਟੀ ਵਿਚ ਚਲ ਰਹੇ ਵਿਵਾਦ ਦਾ ਅਸਰ ਤੇ ਅਜ ਵਿਧਾਇਕਾ ਦੇ ਗ੍ਰਹਿ ਵਿਖੇ ਰਖੇ ਇਕਠ ਵਿਚ ਬਹੁਤ ਥੋੜੀ ਮਾਤਰਾ ਵਿਚ ਪੁਜੇ ਕਾਰਕੁੰਨਾਂ ਦੀ ਮਾਯੂਸੀ ਸਾਫ ਦਿਖਾਈ ਦੇ ਰਹੀ ਸੀ।ਪਤਰਕਾਰਾਂ ਨਾਲ ਗਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਜੇ ਪਾਕਿਸਤਾਨੀ ਫੌਜੀ ਜਰਨੈਲ ਦੇ ਕਹੇ ਅਨੁਸਾਰ ਕਰਤਾਰ ਪੁਰ ਸਾਹਿਬ ਗੁਰਦੁਆਰਾ ਸਾਹਿਬ ਵਾਲਾ ਲਾਂਘਾ ਖੁਲਦਾ ਹੈ ਤਾਂ ਜਰਨੈਲ ਨੂੰ ਜਫੀ ਪਾ ਕੇ ਨਵਜੋਤ ਸਿਧੂ ਨੇ ਕੁਝ ਗਲਤ ਨਹੀ ਕੀਤਾ ਕਿਉਂਕਿ ਸਿਧੂ ਉਥੇ ਗਿਆ ਵੀ ਨਿਜੀ ਦੌਰੇ ਤੇ ਸੀ ਨਾ ਕਿ ਮੰਤਰੀ ਹੋਣ ਨਾਤੇ। ਪਾਰਟੀ ਵਿਚ ਪੈਦਾ ਹੋਏ ਵਿਵਾਦ ਤੇ ਬੋਲਦਿਆਂ ਪਹਿਲਾਂ ਤਾਂ ਭਗਵੰਤ ਮਾਨ ਨੇ ਕਿਹਾ ਕਿ ਘਰ ਦਾ ਮਸਲਾ ਹੈ ਦੋ ਭਰਾਵਾਂ ਵਿਚ ਵੀ ਕਈ ਵਾਰ ਕੰਧਾਂ ਨਿਕਲ ਜਾਂਦੀਆਂ ਹਨ ਇਸਲਈ ਜਲਦ ਮਸਲਾ ਸਮਝਾ ਲਿਆ ਜਾਵੇਗਾ ਪ੍ਰੰਤੂ ਜਦੋਂ ਉਨ੍ਹਾਂ ਦਾ ਧਿਆਨ ਖਹਿਰਾ ਦੇ ਬਿਆਨ ਵੱਲ ਦੁਆਇਆ ਗਿਆ ਕਿ ਬਠਿੰਡਾ ਕਨਵੈਨਸ਼ਨ ਵਿਚ ਪਾਸ ਹੋਏ ਮਤਿਆਂ ਨੂੰ ਪ੍ਰਵਾਨ ਕਰੇ ਬਿਨਾਂ ਗਲਬਾਤ ਨਹੀ ਹੋ ਸਕਦੀ ਤਾਂ ਉਨਾਂ ਹਮਲਾਵਰ ਰੁਖ ਅਪਨਾਂਉਦਿਆਂ ਕਿਹਾ ਕਿ ਪਾਰਟੀ ਵਿਚ ਪੀ.ਏ.ਸੀ ਸਭ ਤੋਂ ਵਡੀ ਹੈ ਤੇ ਉਸਦੀ ਸਹਿਮਤੀ ਨਾਲ ਹੀ ਸਭ ਕੁਝ ਪਾਰਟੀ ਵਿਚ ਹੁੰਦਾ ਹੈ।ਉਨ੍ਹਾਂ ਕਿਹਾ ਕਿ ਬਠਿੰਡਾ ਕਨਵੈਨਸ਼ਨ ਵਿਚ ਮਤੇ ਪਾਸ ਕਰਨ ਦਾ ਅਧਿਕਾਰ ਖਹਿਰਾ ਗਰੁਪ ਨੂੰ ਕਿਸਨੇ ਦਿਤ।ਮਾਨ ਨੇ ਕਿਹਾ ਕਿ ਜੇ ਕਾਂਗਰਸ ਦੇ 20 ਵਿਧਾਇਕ ਇਕਠੇ ਹੋ ਕੇ ਕਹਿ ਦੇਣ ਕੇ ਕੈਪਟਨ ਸਾਹਿਬ ਨੂੰ ਮੁਖ ਮੰਤਰੀ ਪਦ ਤੋਂ ਹਟਾ ਦਿਤਾ ਤੇ ਉਨਾਂ ਦੇ ਸਮਰਥਕ ਹਥ ਖੜੇ ਕਰ ਦੇਣ ਤਾਂ ਉਹ ਅਹੁਦੇ ਤੋਂ ਤਾਂ ਨਹੀ ਉਤਰ ਜਾਣਗੇ।ਉਨ੍ਹਾਂ ਕਿਹਾ ਕਿ ਪਾਰਟੀ ਸੰਵਿਧਾਨ ਮੁਤਾਬਿਕ ਚਲਦੀ ਹੈ ਬਕਾਇਦਾ ਅਨੁਸ਼ਾਸਨ ਬਣਿਆ ਹੋਇਆ ਹੈ।ਜਦੋਂ ਪਤਰਕਾਰਾਂ ਨੇ ਖਹਿਰਾ ਗਰੁਪ ਵਲੋਂ ਟਿਕਟਾਂ ਵੇਚਣ ਦੇ ਲਾਏ ਇਲਜਾਮਾਂ ਬਾਰੇ ਮਾਨ ਨੂੰ ਪੁਛਿਆ ਤਾਂ ਉਨ੍ਹਾਂ ਵਾਰ ਕਰਦਿਆਂ ਕਿਹਾ ਕਿ ਪਹਿਲਾਂ ਖਹਿਰੇ ਨਾਲ ਦੇ ਵਿਧਾਇਕ ਦਸਣ ਕਿ ਉਨ੍ਹਾਂ ਨੇ ਟਿਕਟਾਂ ਕਿੰਨੇ ਕਿੰਨੇ ਰੁਪਈਆਂ ਵਿਚ ਲਈਆਂ ਤੇ ਪੈਸੇ ਕਿਸਨੂੰ ਦਿਤੇ।ਉਨਾਂ ਕਿਹਾ ਕਿ ‘ਆਪ’ ਨੇ ਟਿਕਟਾਂ ਬੇਰੁਜਗਾਰਾਂ, ਪਤਰਕਾਰਾਂ ਤੇ ਲਾਈਨਮੈਨਾਂ ਨੂੰ ਦਿਤੀਆਂ ਹਨ ਨਾਂ ਕਿ ਵੇਚੀਆਂ ਗਈਆਂ ਹਨ।ਮਾਨ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਿਆਣਾ ਵਿਚ ਰੈਲੀ ਕਰਨ ਤੇ ਉਨਾਂ ਨੂੰ ਕਰੜੇ ਹਥੀਂ ਲੈਂਦਿਆਂ ਕਿਹਾ ਕਿ ਜਿਹੜੇ ਸਾਡੇ ਆਗੂਆਂ ਨੂੰ ਬਾਹਰੀ ਦਸਦੇ ਸਨ ਉਹ ਹੁਣ ਦਸਣ ਕਿ ਉਹ ਹਰਿਆਣੇ ਵਿਚ ਕੀ ਕਰਨ ਗਏ ਸਨ।ਇਸ ਮੌਕੇ ਭਗਵੰਤ ਮਾਨ ਨੇ ਵਿਧਾਇਕਾ ਬਲਜਿੰਦਰ ਕੌਰ ਦੇ ਗ੍ਰਹਿ ਵਿਖੇ ਪੁਜੇ ਕਾਰਕੁੰਨਾਂ ਨੂੰ ਵੀ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਮਜਬੂਤੀ ਲਈ ਡਟਣ ਦਾ ਸਦਾ ਦਿੰਦਿਆਂ ਭਰੋਸਾ ਦੁਆਇਆ ਕਿ ਜਲਦ ਸਭ ਕੁਝ ਠੀਕ ਹੋ ਜਾਵੇਗਾ।ਵਿਧਾਇਕਾ ਬਲਜਿੰਦਰ ਕੌਰ ਨੇ ਸਮੁਚੀਆਂ ਸਖਸ਼ੀਅਤਾਂ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁਜਣ ਤੇ ਧੰਨਵਾਦ ਕੀਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਨਛਤਰ ਸਿੰਘ ਦਾਨ ਸਿੰਘ ਵਾਲਾ, ਐਡਵੋਕੇਟ ਸਤਿੰਦਰ ਸਿਧੂ ਕੌਂਸਲਰ, ਬੂਟਾ ਸਿੰਘ ਮੈਂਬਰ ਬਲਾਕ ਸੰਮਤੀ, ਕੇਵਲ ਸਿੰਘ ਨਿਜੀ ਸਹਾਇਕ, ਤਰਸੇਮ ਸਿੰਗਲਾ, ਡਾ.ਰਾਜਵੀਰ ਸਿੰਘ ਤਲਵੰਡੀ ਸਾਬੋ, ਲਾਡੀ ਜੰਬਰ ਬਸਤੀ ਆਦਿ ਹਾਜ਼ਰ ਸਨ।

Send this to a friend