ਚੋਣ ਕਮਿਸ਼ਨ ਵੱਲੋਂ ਬਠਿੰਡਾ ਹਲਕਾ ਨਾਜ਼ੁਕ ਕਰਾਰ

ਬਠਿੰਡਾ ਲੋਕ ਸਭਾ ਹਲਕਾ ਵਕਾਰੀ ਸੀਟ

ਬਾਦਲ ਅਤੇ ਰਾਮੂਵਾਲੀਆ ਵੱਲੋਂ ਹਲਕੇ ਦਾ ਤੁਫ਼ਾਨੀ ਦੌਰਾ ਜਾਰੀ
ਦਿਓਰ-ਭਰਜਾਈ ਵਿਚਾਲੇ ਕਾਂਟੇ ਦੀ ਟੱਕਰ
image image ਬਠਿੰਡਾ, 11 ਮਾਰਚ (ਅਵਤਾਰ ਸਿੰਘ ਕੈਂਥ)- ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਉਮੀਦਵਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਇਕਲੌਤੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਉਨ੍ਹਾਂ ਦੇ ਸਕੇ ਭਤੀਜੇ ਸ. ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ-ਕਾਂਗਰਸ ਦੇ ਗਠਜੋੜ ਦੇ ਉਮੀਦਵਾਰ ਵਜੋਂ ਬਕਾਇਦਾ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਇਸ ਘਟਨਾਕ੍ਰਮ ਦੇ ਬਾਅਦ ਵਿਸ਼ਵ ਭਰ ਨਿਵਾਸੀਆਂ ਦੀਆਂ ਅੱਖਾਂ ਬਠਿੰਡਾ ਲੋਕ ਸਭਾ ਹਲਕੇ ਵੱਲ ਹੋ ਗਈਆਂ ਹਨ, ਕਿਉਂਕਿ ਇਥੇ 16ਵੀਂਆਂ ਲੋਕ ਸਭਾ ਚੋਣਾਂ ਦੇ ਰੂਪ ਵਿਚ ‘‘ਮਹਾਂਭਾਰਤ’’ ਲੜੀ ਜਾਣੀ ਹੈ। ਸੱਤਾਧਾਰੀ ਬਾਦਲ ਪਰਿਵਾਰ ਵਿਚ ਸੱਤਾ ਦੀ ਵੰਡ ਪਿਛੇ ਰਾਜਸੀ ਜੰਗ ਦੀ ਸ਼ੁਰੂਆਤ ਹੋ ਗਈ।ਪੀਪਲਜ਼ ਪਾਰਟੀ-

ਕਾਂਗਰਸ ਗਠਜੋੜ ਦੇ ਐਲਾਨ ਤੋਂ ਪਹਿਲਾਂ ਹੀ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਦਾ ਆਗਾਜ਼ ਬਠਿੰਡਾ ਅਸੰਬਲੀ ਹਲਕੇ (ਦਿਹਾਤੀ) ਦੇ 10 ਪਿੰਡਾਂ ਦਾ ਤੁਫ਼ਾਨੀ ਦੌਰਾ ਕਰਕੇ ਕੀਤਾ, ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਅਤੇ ਸ: ਮਨਪ੍ਰੀਤ ਸਿੰਘ ਬਾਦਲ ਤੇ ਤਾਬੜਤੋੜ ਹਮਲੇ ਕੀਤੇ, ਉਥੇ ਆਪਣੀ ਪਾਰਟੀ ਦੇ ਪੰਜਾਬ ਵਿਚ ਭਾਈਚਾਰਕ ਏਕਤਾ, ਅਮਨ ਅਤੇ ਵਿਕਾਸ ਦੇ ਏਜੰਡਾ ਨੂੰ ਲੋਕਾਂ ਦੇ ਸਾਹਮਣੇ ਰੱਖਕੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਾਂਗਰਸ ਦੇ 55 ਸਾਲ ਦੇ ਰਾਜ ਵਿਚ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦੀ ਖੁੱਲਕੇ ਚਰਚਾ ਕੀਤੀ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ਼ਰਧਾ ਵਜੋਂ ਮੱਥਾ ਟੇਕ ਅਰਦਾਸ ਕੀਤੀ ਹੈ। ਬਾਅਦ ਵਿਚ ਉਨ੍ਹਾਂ ਨੇ ਬਠਿੰਡਾ ਸ਼ਹਿਰ ਵਿਚ ਮਕਬਰਾ ਮੀਰਾ ਸਾਹਿਬ, ਰੇਲਵੇ ਚਰਚ ਅਤੇ ਸ਼੍ਰੀ ਹਨੂੰਮਾਨ ਜੀ ਦੇ ਡਾਕਘਰ ਬਜ਼ਾਰ ਮੰਦਰ ਵਿਚ ਸ਼ਰਧਾ ਵਜੋਂ ਹਾਜ਼ਰੀਆਂ ਭਰਕੇ ‘ਰੱਬ-ਰੱਬ’ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਸੰਸਦੀ ਸਕੱਤਰਸ਼੍ਰੀ ਸਰੂਪ ਚੰਦ ਸਿੰਗਲਾ ਤੇ ਹੋਰ ਸੀਨੀਅਰ ਪਾਰਟੀ ਆਗੂ ਮੌਜੂਦ ਸਨ।
ਸ: ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨਾਲ ਮਿਲਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਣ ਦਾ ਸਪਸ਼ਟ ਐਲਾਨ ਕਰ ਦਿੱਤਾ, ਪਰ ਉਹ ਚੋਣ ਨਿਸ਼ਾਨ ‘ਪਤੰਗ’ ਤੋਂ ਚੋਣ ਲੜਣਗੇ, ਕਾਂਗਰਸ ਦਾ ਪੰਜਾ ਉਨ੍ਹਾਂ ਨਹੀ ਮਿਲ ਸਕਿਆ, ਜਿਸ ਦੀ ਪਾਰਟੀ ਨੂੰ ਸ਼ਹਿਰੀ ਲੋਕਾਂ ਵਲੋਂ ਪਹਿਲੀ ਵੱਡੀ ਹਾਰ ਕਰਾਰ ਦਿੱਤਾ ਗਿਆ ਹੈ। ਸਾਂਝੇ ਮੋਰਚੇ ਵਿਚ ਸ਼ਾਮਿਲ ਭਾਰਤੀ ਕਮਿਊਨਿਸਟ ਪਾਰਟੀ, ਮਾਰਕਸੀ ਕਮਿਊਨਿਸਟ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਵੱਲੋਂ ਇਸ ਹਲਕੇ ਸਬੰਧੀ ਅਜੇ ਤੱਕ ਕੋਈ ਸਪਸ਼ਟ ਐਲਾਨ ਨਹੀਂ ਹੋਇਆ ਕਿ ਉਹ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਕਰਨ ਜਾਂ ਨਹੀਂ। ਬਠਿੰਡਾ ਲੋਕ ਸਭਾ ਹਲਕੇ ਵਿਚ ਪੈਂਦੇ ਅਸੰਬਲੀ ਹਲਕਾ ਤਲਵੰਡੀ ਸਾਬੋ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਕਾਂਗਰਸ ਨੂੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਰਾਜਸੀ ਪੈਂਤਰੇਬਾਜ਼ੀ ਵਿਚ ਮਾਹਿਰ ਸੱਤਾਧਾਰੀ ਬਾਦਲ ਪਰਿਵਾਰ ਨੇ ਕਾਂਗਰਸ ਨੂੰ ਕਰਾਰਾ ਝਟਕਾ ਦੇ ਕੇ ਇਹ ਸੰਦੇਸ਼ ਭੇਜ ਦਿੱਤਾ ਹੈ ਕਿ ਉਹ ਰਾਜਸੀ ਦੁਸ਼ਮਣਾਂ ਨਾਲ ਸਿੱਝਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
25 ਮੈਂਬਰੀ ਰਾਜਸੀ ਵਿੰਗ ਡੇਰਾ ਸਿਰਸਾ ਦਾ ਵੀ ਡੇਰਾ ਸ਼ਰਧਾਲੂਆਂ ਨਾਲ ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਕਰਕੇ ਚੋਣਾਂ ਸਬੰਧੀ ਆਪਣੀ ਨੀਤੀ ਨੂੰ ਅੰਤਿਮ ਰੂਪ ਦੇ ਰਿਹਾ ਹੈ। ਇਸ ਹਲਕੇ ਵਿਚ ਡੇਰਾ ਸਿਰਸਾ ਦਾ ਚੰਗਾ ਵੋਟ ਬੈਂਕ ਹੈ, ਜੋ ਰਾਜਸੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਾਰਟੀ ਸੂਤਰਾਂ ਅਨੁਸਾਰ ਮਨਪ੍ਰੀਤ ਬਾਦਲ ਅੱਜ ਜਾਂ ਕੱਲ੍ਹ ਬਠਿੰਡਾ ਪਹੁੰਚ ਜਾਣਗੇ। ਭਾਰਤੀ ਕਮਿਊਨਿਸਟ ਲਿਬਰੇਸ਼ਨ ਵੱਲੋਂ ਸ: ਭਗਵੰਤ ਸਿੰਘ ਸਮਾਓਂ ਵੀ ਇਸ ਹਲਕੇ ਤੋਂ ਚੋਣ ਲੜਣ ਦਾ ਐਲਾਨ ਕਰ ਚੁੱਕੇ ਹਨ। ਇਸ ਸਮੇਂ ਸਿਵਾਏ ਹਰਸਿਮਰਤ ਕੌਰ ਬਾਦਲ ਨੂੰ ਛੱਡਕੇ ਕਿਸੇ ਉਮੀਦਵਾਰ ਨੇ ਚੋਣ ਮੁਹਿੰਮ ਸ਼ੁਰੂ ਕੀਤੀ ਹੈ।
ਸਾਲ 2012 ਦੀਆਂ ਅਸੰਬਲੀ ਚੋਣਾਂ ਵਿਚ ਜੇ ਸਾਂਝੇ ਮੋਰਚੇ ਤੇ ਕਾਂਗਰਸ ਦੀਆਂ ਵੋਟਾਂ ਜੋੜ ਕੇ ਦੇਖੀਆਂ ਜਾਣ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਨਾਲੋਂ 1.20 ਲੱਖ ਵੋਟਾਂ ਵੱਧ ਸਨ, ਪਰ ਇਨ੍ਹਾਂ ਵਿਚਾਲੇ ਚੋਣ ਸਮਝੌਤਾ ਨਾ ਹੋਣ ਕਰਕੇ ਬਠਿੰਡਾ ਲੋਕ ਸਭਾ ਹਲਕੇ ਦੀਆਂ 9 ਸੀਟਾਂ ਵਿਚੋਂ 6 ਸੀਟਾਂ ਸ਼ਹਿਰੀ ਬਠਿੰਡਾ, ਮਾਨਸਾ, ਮੌੜ ਮੰਡੀ, ਬੁਢਲਾਡਾ, ¦ਬੀ ਅਤੇ ਬਠਿੰਡਾ ਦਿਹਾਤੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਸਨ, ਜਦੋਂ ਕਿ ਤਲਵੰਡੀ ਸਾਬੋ, ਭੁੱਚੋਂ ਮੰਡੀ ਅਤੇ ਸਰਦੂਲਗੜ੍ਹ ਦੀਆਂ ਸੀਟਾਂ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਸਨ। ਮੌੜ ਮੰਡੀ ਹਲਕੇ ਵਿਚ ਸ. ਮਨਪ੍ਰੀਤ ਸਿੰਘ ਬਾਦਲ, ਮਾਨਸਾ ਹਲਕੇ ਵਿਚ ਕਮਿਊਨਿਸ਼ਟ ਪਾਰਟੀ ਦੇ ਉਮੀਦਵਾਰ ਸ. ਹਰਦੇਵ ਸਿੰਘ ਅਰਸ਼ੀ, ਬਠਿੰਡਾ ਸ਼ਹਿਰੀ ਹਲਕੇ ਵਿਚ ਸੁਖਦੀਪ ਸਿੰਘ ਭਿੰਡਰ, ਬੁਢਲਾਡਾ ਹਲਕੇ ਪੀਪਲਜ਼ ਪਾਰਟੀ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਭੱਟੀ ਅਤੇ ਬਠਿੰਡਾ ਦਿਹਾਤੀ ਹਲਕੇ ਵਿਚ ਕਮਿਊਨਿਸ਼ਟ ਪਾਰਟੀ ਦੇ ਉਮੀਦਵਾਰ ਸ. ਸੁਰਜੀਤ ਸਿੰਘ ਸੋਹੀ ਅਤੇ ਤਲਵੰਡੀ ਸਾਬੋ ਹਲਕੇ ਵਿਚ ਪੀਪਲਜ਼ ਪਾਰਟੀ ਦੇ ਉਮੀਦਵਾਰ ਸ. ਸੁਖਦੇਵ ਸਿੰਘ ਚਹਿਲ ਨੇ ਚੰਗੀ ਕਾਰਗੁਜਾਰੀ ਦਿਖ਼ਾਈ ਸੀ
ਬਠਿੰਡਾ ਲੋਕ ਸਭਾ ਹਲਕੇ ਦੇ ਇਤਿਹਾਸ ਅਨੁਸਾਰ ਸਾਲ 1952 ਅਤੇ 1957 ਦੀਆਂ ਲੋਕ ਸਭਾ ਚੋਣਾਂ ਮੌਕੇ ਇਸ ਦੁੂਹਰੇ ਹਲਕੇ ਤੋਂ ਕਾਂਗਰਸ ਪਾਰਟੀ ਦੇ ਸ. ਹੁਕਮ ਸਿੰਘ ਤੇ ਰਾਂਖਵੇਂ ਹਲਕੇ ਤੋਂ ਸ. ਅਜੀਤ ਸਿੰਘ ਆਕਲੀਆ ਜਲਾਲ ਜੇਤੂ ਰਹੇ। 1962 ਦੀ ਲੋਕ ਸਭਾ ਚੋਣ ਵਿਚ ਇਸ ਹਲਕੇ ਤੋਂ ਸ੍ਰ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਧੰਨਾ ਸਿੰਘ ਗੁਲਸ਼ਨ ਸਫ਼ਲ ਰਹੇ। 1967 ਦੀ ਲੋਕ ਸਭਾ ਚੋਣ ਵਿਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫਤਹਿ ਸਿੰਘ ਦੇ ਡਰਾਈਵਰ ਸ. ਕਿੱਕਰ ਸਿੰਘ 1971 ਵਿਚ ਕਮਿਊਨਿਸ਼ਟ ਉਮੀਦਵਾਰ ਕਾ. ਭਾਨ ਸਿੰਘ ਭੌਰਾ ਸਾਲ 1977 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸ. ਧੰਨਾ ਸਿੰਘ ਗੁਲਸ਼ਨ, ਸਾਲ 1980 ਵਿਚ ਕਾਂਗਰਸ ਦੇ ਉਮੀਦਵਾਰ ਹਾਕਮ ਸਿੰਘ ਮੀਆਂ, 1985 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਤੇਜਾ ਸਿੰਘ ਦਰਦੀ, 1989 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਬਾਬਾ ਸੁੱਚਾ ਸਿੰਘ ਮਲੋਆ, ਅਕਾਲੀ ਦਲ ਦੇ ਬਾਈਕਾਟ ਦੌਰਾਨ 1992  ਦੀਆਂ ਚੋਣਾਂ ਵਿਚ ਕਾਂਗਰਸ ਦੇ ਸ. ਕੇਵਲ ਸਿੰਘ, 1996 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਹਰਵਿੰਦਰ ਸਿੰਘ ਖਾਲਸਾ ਨਾਰਵੇ, 1998 ਵਿਚ ਸ. ਚਤਿੰਨ ਸਿੰਘ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ, ਸਾਲ 1999 ਵਿਚ ਕਮਿਊਨਿਸ਼ਟ ਪਾਰਟੀ ਦੇ ਉਮੀਦਕਾਰ ਕਾ. ਭਾਨ ਸਿੰਘ ਭੌਰਾ, ਸਾਲ 2004 ਵਿਚ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ 2009 ਦੀਆਂ ਚੋਣਾਂ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇ ਸਨ।

Send this to a friend