April 29, 2026 6:32 am

ਸਿੱਧੂ ਵੱਲੋਂ ਪਾਕਿ ਫੌਜ ਮੁਖੀ ਨੂੰ ਗਲਵੱਕੜੀ ਪਾਉਣਾ ਚੰਗਾ ਸੰਕੇਤ ਨਹੀਂ : ਕੈਪਟਨ

ਮੁੱਖ ਮੰਤਰੀ ਵੱਲੋਂ ਖੁਮਾਣੋਂ ਸ਼ੈਲਰ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ


ਚੰਡੀਗੜ੍ਹ, 19 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਗਲਵੱਕੜੀ ਪਾਉਣਾ ਚੰਗਾ ਸੰਕੇਤ ਨਹੀਂ ਸੀ ਅਤੇ ਇਹ ਪੂਰੀ ਤਰ੍ਹਾਂ ਟਾਲਣਯੋਗ ਸੀ। ਅੱਜ ਇੱਥੇ ਫੋਟੋ ਪ੍ਰਦਰਸ਼ਨੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹਰ ਰੋਜ਼ ਸਰਹੱਦਾਂ ’ਤੇ ਸਾਡੇ ਭਾਰਤੀ ਸੈਨਿਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਤਾਂ ਸ੍ਰੀ ਸਿੱਧੂ ਨੂੰ ਅਜਿਹੇ ਸੰਕੇਤ ਦਾ ਇਜ਼ਹਾਰ ਕਰਨ ਤੋਂ ਬਚਣਾ ਚਾਹੀਦਾ ਸੀ। ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਖਰ ਮਾਰਨ ਦੇ ਹੁਕਮ ਦੇਣ ਵਾਲਾ ਤਾਂ ਸੈਨਾ ਦਾ ਮੁਖੀ ਹੀ ਹੁੰਦਾ ਹੈ ਅਤੇ ਸੈਨਿਕ ਤਾਂ ਆਪਣੇ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਸੈਨਿਕਾਂ ਦੀਆਂ ਹੱਤਿਆਵਾਂ ਲਈ ਪਾਕਿਸਤਾਨ ਦਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਜ਼ਿੰਮੇਵਾਰ ਹੈ ਅਤੇ ਸਿੱਧੂ ਨੂੰ ਉਸ ਪ੍ਰਤੀ ਅਜਿਹੇ ਸੰਕੇਤ ਦਾ ਪ੍ਰਗਟਾਵਾ ਨਹੀਂ ਸੀ ਕਰਨਾ ਚਾਹੀਦਾ। ਸ੍ਰੀ ਸਿੱਧੂ ਵੱਲੋਂ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਸਦਰ ਨਾਲ ਬੈਠਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਕੈਬਨਿਟ ਮੰਤਰੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਨਾਲ ਕੌਣ ਬੈਠਾ ਹੈ ਅਤੇ ਬੈਠਣ ਦੇ ਇੰਤਜ਼ਾਮ ਵੀ ਉਸ ਦੇ ਹੱਥਾਂ ਵਿੱਚ ਨਹੀਂ ਸਨ। ੍ਯਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਵੱਲੋਂ ਸ੍ਰੀ ਸਿੱਧੂ ਦਾ ਅਸਤੀਫਾ ਲੈਣ ਦੀ ਮੰਗ ਨੂੰ ਗੈਰ-ਵਾਜਬ ਦੱਸਦਿਆਂ ਰੱਦ ਕਰ ਦਿੱਤਾ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਸ੍ਰੀ ਸਿੱਧੂ ਦੇ ਇਮਰਾਨ ਖਾਨ ਦੇ ਹਲਫ਼ਦਾਰੀ ਸਮਾਗਮ ਵਿੱਚ ਜਾਣ ਦੀ ਗੱਲ ਹੈ, ਕ੍ਰਿਕਟ ਖੇਡਣ ਦੇ ਸਮੇਂ ਦੌਰਾਨ ਉਸ ਦੇ ਸਾਬਕਾ ਕ੍ਰਿਕਟਰ ਨਾਲ ਨੇੜਲੇ ਸਬੰਧਾਂ ਕਾਰਨ ਨਿੱਜੀ ਹੈਸੀਅਤ ਵਿੱਚ ਉਹ ਸ਼ਾਮਲ ਹੋਣ ਲਈ ਗਏ ਸਨ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਨਸ਼ਿਆਂ ਦੀ ਸਮੱਸਿਆ ’ਤੇ ਵਿਚਾਰ-ਵਟਾਂਦਰਾ ਕਰਨ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਤਿਆਰ ਕਰਨਗੇ। ਇਸ ਦੌਰਾਨ ਟ੍ਰਾਈਸਿਟੀ ਫੋਟੋ ਆਰਟ ਸੁਸਾਇਟੀ ਵੱਲੋਂ ਲਾਈ ਸਾਲਾਨਾ ਫੋਟੋ ਪ੍ਰਦਰਸ਼ਨੀ ‘ਦ੍ਰਿਸ਼ਟੀ-2018’ ਵਿੱਚ ਆਪਣੀਆਂ ਫੋਟੋਆਂ ਦੀ ਪ੍ਰਦਰਸ਼ਨੀ ਕਰਨ ਵਾਲੇ ਫੋਟੋਗ੍ਰਾਫਰਾਂ ਨੂੰ ਮੁੱਖ ਮੰਤਰੀ ਨੇ ਵਧਾਈ ਦਿੱਤੀ।
ਫਤਿਹਗੜ੍ਹ ਸਾਹਿਬ ’ਚ ਪੈਂਦੇ ਪਿੰਡ ਲਖਣਪੁਰ ’ਚ ਸਵੇਰੇ ਨਿਰਮਾਣ ਅਧੀਨ ਇੱਕ ਸ਼ੈਲਰ ਦੀ ਕੰਧ ਡਿੱਗਣ ਕਾਰਨ ਵਾਪਰੇ ਇੱਕ ਹਾਦਸੇ ’ਚ 6 ਮਜ਼ਦੂਰ ਮਾਰੇ ਗਏ ਹਨ।ਇਸ ਹਾਦਸੇ ’ਤੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਵੀ ਕੀਤਾ ਹੈ।

Send this to a friend