ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਦੇ ਪਰਿਵਾਰਾਂ ਨੂੰ ਵੰਡੇ 90 ਕਰੋੜ
ਬੁਢਲਾਡਾ(ਅਰਵਿੰਦ ਗਰਗ)-, 10 ਮਾਰਚ -ਬਠਿੰਡਾ ਲੋਕ ਸਭਾ ਹਲਕੇ ਤੋਂ 16ਵੀਂ ਲੋਕ ਸਭਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬੱਛੋਆਣਾ ਅਤੇ ਰੱਲੀ ਦੀਆਂ ਸੱਥਾਂ ਵਿੱਚ ਜੁੜੇ ਇਕੱਠਾਂ ਵਿੱਚ ਮਨਪ੍ਰੀਤ ਬਾਦਲ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸੋਹ ਖਾਣ ਵਾਲੇ ਨਿਆਣੇ ਮਛੋਹਰ ਦਾ ਰਾਜਸੀ ਹਸ਼ਰ ਬਹੁਤ ਮਾੜਾ ਹੋਵੇਗਾ ਕਿਉਂਕਿ ਉਸਨੇ ਸਿੱਖਾਂ ਅਤੇ ਸੂਬੇ ਦੀ ਮਾਂ ਪਾਰਟੀ ਅਕਾਲੀ ਦਲ ਦੀ ਦੁਸ਼ਮਣ ਜਮਾਤ ਕਾਂਗਰਸ ਨਾਲ ਸਾਂਝ ਪਾ ਲਈ ਹੈ। ਉਨ੍ਹਾਂ ਕਿਹਾ ਕਿ ਪੰਥਕ ਸੋਚ ਵਾਲੇ ਸੱਜਣੋ ਮੇਰੀ ਇਹ ਖੁਦਕਿਸਮਤੀ ਹੈ ਕਿ ਮੈਨੂੰ ਅੱਜ ਲੰਬੇ ਸਮੇਂ ਬਾਅਦ ਤੁਹਾਡੇ ਦਰਸ਼ਨ ਹੋਏ
ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਜੀਵਨ ਵਿੱਚ ਬਹੁਤ ਚੋਣਾਂ ਲੜ੍ਹ ਚੁੱਕਾ ਹਾਂ ਅਤੇ ਮੈਂ ਦੇਖਿਆ ਹੈ ਕਿ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਈ ਗਈ ਸੀ ਤਾਂ ਉਦੋਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੀ ਹੋ ਗਿਆ ਸੀ। ਖੁੱਦ ਇੰਦਰਾ ਗਾਂਧੀ ਵੀ ਹਾਰ ਗਈ ਸੀ। ਸੋ 16ਵੀਂ ਲੋਕ ਸਭਾ ਚੋਣ ਵਿੱਚ ਵੀ 1977 ਵਾਲੇ ਹਾਲਾਤ ਬਣ ਗਏ ਹਨ ਕਿਉਂਕਿ ਭਾਜਪਾ ਸਮੇਤ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਦੇਸ਼ ਨੂੰ ਕਾਂਗਰਸ ਰਹਿਤ ਦੇਸ਼ ਬਣਾਉਣ ਦੀ ਮੁਹਿੰਮ ਆਰੰਭ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਿੱਥੇ ਦੇਸ਼ ਦੇ ਚਾਰ ਵੱਡੇ ਸੂਬਿਆਂ ਵਿੱਚੋਂ ਵਿਧਾਨ ਸਭਾ ਚੋਣਾਂ ਹਾਰ ਗਈ ਹੈ ਉਥੇ ਦਿੱਲੀ ਜਿਹੜੀ ਸਾਰੇ ਦੇਸ਼ ਦਾ ਨਿਚੋੜ ਅਤੇ ਦਿਮਾਗ ਹੈ ਵਿੱਚੋਂ ਵੀ ਹਾਰ ਗਈ। ਇੰਦਰਾ ਗਾਂਧੀ ਦੀ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਕਿਲ੍ਹਾ ਵੀ ਢੇਹ ਗਿਆ। ਉਨ੍ਹਾਂ ਕਿਹਾ ਕਿ ਮੈਂ ਜੋਤਸ਼ੀ ਤਾਂ ਨਹੀਂ ਹਾਂ ਪਰ ਸਿਆਸੀ ਜੋਤਸ਼ੀ ਜ਼ਰੂਰ ਹਾਂ ਮੈਨੂੰ ਹਾਲਾਤ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ? ਮੇਰੀ ਭਵਿੱਖਬਾਣੀ ਹੈ ਕਿ ਪੂਰੇ ਦੇਸ਼ ਵਿੱਚ ਕਾਂਗਰਸ ਚੋਣ ਮੁਕਾਬਲਿਆਂ ਵਿੱਚੋਂ ਹੀ ਬਾਹਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾ ਹੀ ਦਗਾ ਕੀਤਾ ਪਰ ਕਾਂਗਰਸ ਵਾਲਿਆਂ ਨੂੰ ਇਸਦਾ ਕਦੇ ਅਹਿਸਾਸ ਹੀ ਨਹੀਂ ਹੋਇਆ। ਮੈਂ ਅੱਖੀ ਵੇਖਿਆ ਹੈ ਕਿ ਕਾਂਗਰਸ ਨੇ ਧਾਰਮਿਕ ਅਤੇ ਆਰਥਿਕ ਤੌਰ ਤੇ ਸਾਡੇ ਬਹੁਤ ਸੱਟਾ ਮਾਰੀਆਂ ਹਨ। ਚਾਹੇਂ ਉਹ ਹਰਮਿੰਦਰ ਸਾਹਿਬ ਤੇ ਫੌਜੀ ਹਮਲਾ ਸੀ ਜਾਂ ਦਿੱਲੀ ਦੰਗਿਆਂ ਦਾ ਦਰਦ। ਉਨ੍ਹਾਂ ਕਿਹਾ ਕਿ ਪੰਥਕ ਵੀਰੋ ਆਪਾ ਕਦੇ ਵੀ ਕਾਂਗਰਸ ਨਾਲ ਹੱਥ ਨਹੀਂ ਮਿਲਾਉਣਾ ਅਤੇ ਨਾ ਹੀ ਕਾਂਗਰਸ ਨਾਲ ਹੱਥ ਮਿਲਾਉਣ ਵਾਲਿਆਂ ਨਾਲ ਹੱਥ ਮਿਲਾਉਣਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੋਲੀ ਦੇ ਆਧਾਰ ਤੇ ਸੂਬੇ ਬਣੇ। ਪ੍ਰੰਤੂ ਹੁਣ ਤੱਕ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਪੰਜਾਬ ਦੀ ਸਾਰੀ ਕਿਰਸਾਨੀ ਕਰਜਾਈ ਹੋ ਗਈ ਹੈ ਸਾਡੇ ਤੋਂ ਪਾਣੀ ਖੋਹ ਲਏ ਗਏ ਹਨ ਧਰਤੀ ਵੰਜਰ ਬਣ ਗਈ ਹੈ। ਫਸਲਾਂ ਦੇ ਭਾਅ ਕੇਂਦਰ ਦੀ ਕਾਂਗਰਸ ਸਰਕਾਰ ਮਿਥਦੀ ਹੈ। ਖਰਚੇ ਵੱਧ ਗਏ ਹਨ, ਫਸਲਾਂ ਦੇ ਭਾਅ ਘੱਟ ਗਏ ਹਨ ਇਸ ਤਰ੍ਹਾਂ ਕਰਜਾਈ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ। ਜਿਨ੍ਹਾਂ ਦੇ ਪਰਿਵਾਰਾਂ ਨੂੰ ਸਾਡੀ ਸਰਕਾਰ ਵੱਲੋਂ 90 ਕਰੋੜ ਰੁਪਏ ਵੰਡ ਕੇ ਉਨ੍ਹਾਂ ਨੂੰ ਸਹਾਰਾ ਦਿੱਤਾ ਗਿਆ। ਉਨ੍ਹਾ ਕਿਹਾ ਕਿ ਕਿਸਾਨ ਭਰਾਵਾਂ ਦੀਆਂ ਮੋਟਰਾਂ ਦੇ ਬਿੱਲ ਦੇ ਲੰਬੇ ਸਮੇਂ ਤੋਂ ਮੈਂ ਭਰਦਾ ਆ ਰਿਹਾ ਹਾਂ। ਕਿਸਾਨ ਫਿਰ ਕੁੰਡੀਆਂ ਲਾ ਲੈਂਦੇ ਹਨ ਜਦੋਂ ਫੜੇ ਜਾਂਦੇ ਹਨ ਤਾਂ ਕੁੰਡੀਆਂ ਦਾ ਖਰਚਾ ਵੀ ਮੈਂ ਉਤਾਰਦਾ ਹਾਂ। ਉਨ੍ਹਾਂ ਜਿੰਨ੍ਹੀਆਂ ਸਕੀਮਾਂ ਬਣੀਆਂ ਉਹ ਅਕਾਲੀ ਸਰਕਾਰ ਦੀਆਂ ਹਨ। ਉਨ੍ਹਾ ਕਿਹਾ ਕਿ ਕਦੇ ਕਿਸੇ ਨੇ ਸੁਣਿਆ ਸੀ ਕਿ ਆਟਾ ਦਾਲ ਇੰਨੀ ਸਸਤੀ ਹੋ ਜਾਵੇਗੀ। ਇੱਥੋਂ ਤੱਕ ਕਿ ਹੁਣ ਤਾਂ ਗਰੀਬਾਂ ਦੀਆਂ ਬਕਰੀਆਂ ਵੀ ਦਾਲ ਖਾਂਦੀਆਂ ਹਨ ਮੂੰਗੀ ਇੰਨੀ ਵਾਧੂ ਕਰ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਹੁਣ ਤੁਸੀਂ ਇਨ੍ਹਾਂ ਜੋਰ ਲਗਾ ਦਿਓ ਕਿ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਬਹੁਮਤ ਵੋਟਾ ਪਾ ਕੇ ਜਿੱਤਾ ਦਿਓ। ਉਨ੍ਹਾਂ ਕਿਹਾ ਕਿ ਜਿਹੜਾ ਹਲਕਾ ਵੋਟਾਂ ਵਿੱਚ ਵੱਧ ਵਧੂਗਾ ਉਸਨੂੰ ਗੋਲਡ ਮੈਡਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਲੇ ਨਾਅਰੇ ਕੀ ਕਰਨਗੇ ਤੁਸੀਂ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾ ਕੇ ਵੀ ਰਿਸ਼ਤੇਦਾਰਾਂ ਨੂੰ ਬੀਬੀ ਦੇ ਹੱਕ ਵਿੱਚ ਭੁਗਤਨ ਲਈ ਰਾਜੀ ਕਰੋ। ਉਨ੍ਹਾ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਅਸੀਂ ਤਾਂ ਆਪਣੀ ਨੂੰਹ ਨੂੰ ਚੋਣਾਂ ਵਿੱਚ ਖੜ੍ਹੀ ਕਰਨਾ ਹੀ ਨਹੀਂ ਚਾਹੁੰਦੇ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਕਿ ਜੇ ਕਿਸੇ ‘ਚ ਹਿੰਮਤ ਹੈ ਤਾਂ ਮੇਰੇ ਪੁੱਤਰ ਰਣਇੰਦਰ ਦੇ ਮੁਕਾਬਲੇ ਚੋਣ ਲੜ੍ਹ ਕੇ ਵੇਖੇ। ਸੋ ਅਸੀਂ ਆਪਣੀ ਗੈਰਤ ਨੂੰ ਮੁੱਖ ਰੱਖ ਕੇ ਬੀਬੀ ਹਰਸਿਮਰਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਉਨ੍ਹਾ ਕਿਹਾ ਕਿ ਕਾਂਗਰਸ ਬੜ੍ਹੀ ਚੀਜ ਹੈ ਹੁਣ ਸਾਡੇ ਵਾਲੇ ਛੋਟੇ ਨੂੰ ਫੜ੍ਹ ਲਿਆ। ਕਾਂਗਰਸ ਆਪ ਤਾਂ ਚੋਣ ਮੈਦਾਨ ਵਿੱਚ ਭੱਜ ਗਈ। ਹੁਣ ਸਾਡੇ ਵਾਲੇ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਉਸ ਦਾ ਖੁਰਾਖੋਂਜ ਹੀ ਖਤਮ ਕਰ ਦੇਵੇਗੀ। ਇਸ ਮੌਕੇ ਤੇ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਹਲਕਾ ਵਿਧਾਇਕ ਚਤਿੰਨ ਸਿੰਘ ਸਮਾਓ, ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਤੇ ਜਿਲ੍ਹਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ, ਜਿਲ੍ਹਾ ਪ੍ਰੀਸ਼ਦ ਮੈਂਬਰ ਮਲਕੀਤ ਸਿੰਘ ਸਮਾਓ, ਰਾਜਨ ਮਹਿਤਾ, ਸਰਪੰਚ ਗੁਰਦੀਪ ਕੌਰ ਰੱਲੀ, ਸਰਪੰਚ ਨਛੱਤਰ ਸਿੰਘ ਸੰਧੂ, ਨੰਬਰਦਾਰ ਦਰਸ਼ਨ ਸਿੰਘ ਨੇ ਵੀ ਵੋਟਾਂ ਮੰਗੀਆਂ।