April 25, 2026 11:43 am

ਮਾਂ ਦਾ ਦੁੱਧ – ਨਵਜੰਮੇ ਬੱਚੇ ਲਈ ਵਰਦਾਨ

ਪੂਰੇ ਸੰਸਾਰ ਵਿੱਚ ਇੱਕ ਅਗਸਤ ਤੋਂ ਲੈ ਕੇ ਸੱਤ ਅਗਸਤ ਤੱਕ ਵਿਸ਼ਵ ਸਤਨਪਾਨ ਸਪਤਾਹ ਮਨਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ ਸੰਨ 1992 ਵਿੱਚ ਕੀਤੀ ਗਈ ਸੀ । ਇਹ ਸਪਤਾਹ ਭਾਰਤ ਵਿੱਚ ਅਲੱਗ ਅਲੱਗ ਪੱਧਰ ਤੇ ਸਬੰਧਤ ਵਿਭਾਗਾਂ ਵੱਲੋਂ ਲੋਕਾਂ ਖਾਸਕਰ ਮਾਵਾਂ ਨੂੰ ਜਾਗਰੂਕ ਕਰਨ ਹਿਤ ਕਈ ਤਰਾਂ ਦੇ ਪ੍ਰੋਗਰਾਮ ਉਲੀਕ ਕੇ ਮਨਾਇਆ ਜਾਂਦਾ ਆ ਰਿਹਾ ਹੈ । ਹਰ ਸਾਲ ਅਲੱਗ ਅਲੱਗ ਵਿਸ਼ਾ ਰੱਖ ਕੇ ਇਸਨੂੰ ਅਯੋਜਤ ਕੀਤਾ ਜਾਂਦਾ ਹੈ ਅਤੇ ਇਸ ਸਾਲ ਵੀ ਇਸ ਦਾ ਵਿਸ਼ਾ ‘ਸਤਨਪਾਨ ਜੀਵਨ ਦੀ ਨੀਂਹ’ ਅਧੀਨ ਇਹ ਹਫਤਾ ਮਨਾਇਆ ਜਾ ਰਿਹਾ ਹੈ । ਸਾਡੇ ਦੇਸ਼ ਭਾਰਤ ਵਿੱਚ ਜੇਕਰ ਅੰਕੜਿਆਂ ਤੇ ਝਾਤ ਮਾਰੀਏ ਤਾਂ ਮਾਵਾਂ ਦੀ ਮ੍ਰਿਤੂ ਦਰ ਅਤੇ ਨਵਜੰਮੇਂ ਬੱਚਿਆਂ ਦੀ ਮ੍ਰਿਤੂ ਦਰ ਕਈ ਸੂਬਿਆਂ ਵਿੱਚ ਕਾਫੀ ਜਿਆਦਾ ਹੈ। ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਪੂਰੇ ਸੰਸਾਰ ਵਿੱਚ ਇਕੱਲਾ ਭਾਰਤ ਅਜਿਹਾ ਦੇਸ਼ ਹੈ ਜਿੱਥੇ ਹਰ ਸਾਲ ਨਵਜੰਮੇ ਬੱਚਿਆਂ ਦੀ ਜਨਮ ਦਰ ਅਤੇ ਮ੍ਰਿਤੂ ਦਰ ਦੀ ਅਨੁਪਾਤ ਸਭ ਤੋਂ ਜਿਆਦਾ ਹੈ ।ਭਾਰਤ ਵਿੱਚ ਸਭ ਤੋਂ ਜਿਆਦਾ ਕੁਪੋਸ਼ਣ ਦੇ ਸ਼ਿਕਾਰ ਬੱਚੇ ਮੱਧ ਪ੍ਰਦੇਸ਼ ਵਿੱਚ ਹਨ । ਪੂਰੇ ਦੇਸ਼ ਵਿੱਚ 46 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ।ਯੂ.ਪੀ. ਵਿੱਚ 40 ਪ੍ਰਤੀਸ਼ਤ ਬੱਚੇ ਔਸਤ ਦਰਜੇ ਤੋਂ ਘੱਟ ਭਾਰ ਵਾਲੇ ਪੈਦਾ ਹੁੰਦੇ ਹਨ । ਕੁਪੋਸ਼ਣ ਦਾ ਕਾਰਣ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਮਾਂ ਦਾ ਦੁੱਧ ਨਾ ਮਿਲਣਾ ਹੈ।ਇਸ ਲਈ ਜੇਕਰ ਬੱਚਿਆਂ ਦੀ ਮ੍ਰਿਤੂ ਦਰ ਨੂੰ ਘਟਾਉਣਾ ਹੈ ਅਤੇ ਬੱਚਿਆਂ ਨੁੰ ਕੁਪੋਸ਼ਣ ਤੋਂ ਬਚਾਉਣਾ ਹੈ ਤਾਂ ਅਜਿਹੇ ਪ੍ਰੋਗਰਾਮ ਇੱਕ ਹਫਤੇ ਲਈ ਨਹੀਂ ਸਗੋਂ ਪੂਰਾ ਸਾਲ ਚਲਾਉਣ ਦੀ ਲੋੜ ਹੈ।
ਸਤਨਪਾਨ, ਮਾਂ ਅਤੇ ਬੱਚੇ ਦੋਵਾਂ ਲਈ ਜੀਵਨ ਦਾਨ ਦੇਣ ਵਾਲੀ ਕਿਰਿਆ ਹੈ। ਇਸ ਨਾਲ ਜਿੱਥੇ ਬੱਚੇ ਦਾ ਸ਼ਰੀਰਿਕ ,ਮਾਨਸਿਕ ਅਤੇ ਬੌਧਿਕ ਵਿਕਾਸ ਹੁੰਦਾ ਹੈ ਉਥੇ ਮਾਂ ਨੁੰ ਵੀ ਅਨੇਕਾਂ ਬੀਮਾਰੀਆਂ ਤੋਂ ਬਚਣ ਦਾ ਲਾਭ ਮਿਲਦਾ ਹੈ,ਇਸੇ ਕਾਰਣ ਜਦੋਂ ਤੋਂ ਮਨੁੱਖ ਜਾਤਿ ਦਾ ਅਰੰਭ ਹੋਇਆ ਹੈ , ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਆ ਰਹੀ ਹੈ। ਜਨਮ ਤੋਂ ਬਾਅਦ ਲੱਗਭੱਗ ਛੇ ਮਹੀਨੇ ਤੱਕ ਬੱਚੇ ਲਈ ਮਾਂ ਦਾ ਦੁੱਧ ਜਰੂਰੀ ਹੁੰਦਾ ਹੈ । ਬੱਚੇ ਦੇ ਜਨਮ ਤੋਂ ਫੌਰਨ ਬਾਅਦ ਮਾਂ ਦੀ ਛਾਤੀ ਵਿੱਚੋਂ ਨਿੱਕਲਣ ਵਾਲਾ ਪਹਿਲਾ ਪੀਲਾ ਗਾੜ੍ਹਾ ਦੁੱਧ ਨਵਜੰਮੇਂ ਬੱਚੇ ਲਈ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਮਾਂ ਦੇ ਦੁੱਧ ਨੂੰ ਬੱਚੇ ਦਾ ਪਹਿਲਾ ਟੀਕਾਕਰਣ ਕਿਹਾ ਜਾ ਸਕਦਾ ਹੈ। ਇਸ ਦੁੱਧ ਵਿੱਚ ਬੱਚੇ ਦੀ ਰੋਗਾਂ ਨਾਲ ਲੜਨ ਦੀ ਭਰਪੂਰ ਤਾਕਤ ਹੁੰਦੀ ਹੈ ਅਤੇ ਉਹ ਬੀਮਾਰੀਆਂ ਨਾਲ ਆਸਾਨੀ ਨਾਲ ਲੜ ਸਕਦਾ ਹੈ। ਮਾਂ ਦਾ ਦੁੱਧ ਅੰਮ੍ਰਿਤ ਸਮਾਨ ਹੁੰਦਾ ਹੈ ਪਰ ਸਾਡੇ ਭਾਰਤ ਦੇਸ਼ ਵਿੱਚ ਸਤਨਪਾਨ ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਫੈਲੀਆਂ ਹੋਈਆਂ ਹਨ ਜਿਸ ਕਾਰਣ ਮਾਂ ਅਤੇ ਬੱਚੇ ਦੋਹਾਂ ਨੂੰ ਇਸਤੋਂ ਹੋਣ ਵਾਲੇ ਨੁਕਸਾਨ ਨੂੰ ਝੱਲਣਾ ਪੈਂਦਾ ਹੈ।ਕਈ ਮਾਡਰਨ ਮਾਵਾਂ ਇਸ ਲਈ ਬੱਚੇ ਨੁੰ ਦੁੱਧ ਪਿਲਾਉਣਾ ਬੰਦ ਕਰ ਦਿੰਦਿਆ ਹਨ ਕਿ ਕਿੱਧਰੇ ਉਨਾਂ ਦੀ ਫਿੱਗਰ ਬਦਸੂਰਤ ਨਾ ਹੋ ਜਾਵੇ ਜਿਸਦਾ ਹਰਜਾਨਾ ਬੱਚੇ ਨੂੰ ਭੁਗਤਣਾ ਪੈਂਦਾ ਹੈ ਤੇ ਬਆਦ ਵਿੱਚ ਮਾਪਿਆਂ ਨੂੰ ਵੀ ਰਜਾਰਾਂ ਰੁਪਇਆ ਬੱਚਿਆਂ ਦੀਆਂ ਬੀਮਾਰੀਆਂ ਉਪਰ ਖਰਚ ਕਰਨਾ ਪੈਂਦਾ ਹੈ। ਹਜ਼ਾਰਾਂ ਬੱਚਿਆਂ ਨੂੰ ਬਿਨਾ ਕਾਰਣ ਸੇਹਤ ਸਬੰਧੀ ਸਮੱਸਿਆਵਾਂ ਨਾਲ ਇਸ ਲਈ ਜੂਝਣਾ ਪੈਂਦਾ ਹੈ ਕਿ ਉਨਾਂ ਨੂੰ ਸਹੀ ਸਮੇਂ ਸਹੀ ਮਿਕਦਾਰ ਵਿੱਚ ਮਾਂ ਦਾ ਦੁੱਧ ਨਸੀਬ ਨਹੀਂ ਹੁੰਦਾ।ਜੇਕਰ ਪਹਿਲੇ ਛੇ ਮਹੀਨੇ ਹਰ ਨਵਜੰਮਾਂ ਬੱਚਾ ਮਾਂ ਦਾ ਦੁੱਧ ਪੀਵੇ ਤਾਂ ਹਰ ਸਾਲ ਹਜ਼ਾਰਾਂ ਬੱਚਿਆਂ ਦਾ ਜੀਵਨ ਬਚਾਇਆ ਜਾ ਸਕਦਾ ਹੈ ਜੋ ਮਾਂ ਦਾ ਦੁੱਧ ਨਾ ਮਿਲਣ ਕਾਰਣ ਕੁਪੋਸ਼ਣ ਦੀ ਵਜ੍ਹਾ ਨਾਲ ਮਰ ਜਾਂਦੇ ਹਨ। ਕੌਮਾਂਤਰੀ ਪੱਧਰ ਤੇ ਅਜਿਹੇ ਸਪਤਾਹ ਮਨਾਉਣ ਦਾ ਮਕਸਦ ਇਹੀ ਹੈ ਕਿ ਮਾਵਾਂ ਨੂੰ ਸਤਨਪਾਨ ਦੀ ਮਹੱਤਾ ਬਾਰੇ ਦੱਸਿਆ ਜਾਵੇ ਅਤੇ ਹਰ ਮਾਂ ਨੂੰ ਪਹਿਲੇ ਛੇ ਮਹੀਨੇ ਬੱਚੇ ਨੂੰ ਦੁੱਧ ਪਿਲਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਅਨਪੜ੍ਹਤਾ ਕਾਰਣ ਜਾਂ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਕਾਰਣ ਬਹੁਤ ਸਾਰੀਆਂ ਮਾਵਾਂ ਬੱਚੇ ਦੇ ਜਨਮ ਤੋਂ ਥੋੜੀ ਦੇਰ ਬਾਅਦ ਹੀ ਬੱਚੇ ਨੂੰ ਦੁੱਧ ਪਿਲਾਉਣਾ ਬੰਦ ਕਰ ਦਿੰਦਿਆਂ ਹਨ ਅਤੇ ਬਜਾਰੂ ਦੁੱਧ ਪਿਲਾਉਣਾ ਅਰੰਭ ਕਰ ਦਿੰਦਿਆਂ ਹਨ ਜੋ ਬੀਮਾਰੀਆਂ ਦਾ ਕਾਰਣ ਬਣਦਾ ਹੈ। ਅਜਿਹੀਆਂ ਮਾਵਾਂ ਨੁੰ ਸਿੱਖਿਅਤ ਕਰਨ ਦੀ ਲੋੜ ਹੈ ਅਤੇ ਦੱਸਣਾ ਬਣਦਾ ਹੈ ਕਿ ਮਾਂ ਦਾ ਦੁੱਧ ਹਮੇਸ਼ਾ ਸਾਫ ਸੁਥਰਾ ਅਤੇ ਸ਼ੁੱਧ ਹੁੰਦਾ ਹੈ , ਮਾਂ ਦਾ ਦੁੱਧ ਬੱਚਿਆਂ ਨੂੰ ਅਨੇਕਾਂ ਬੀਮਾਰੀਆਂ ਤੋਂ ਬਚਾਉਂਦਾ ਹੈ ,ਇਸ ਨਾਲ ਬੱਚੇ ਦਾ ਬੌਧਿਕ ਵਿਕਾਸ ਹੁੰਦਾ ਹੈ , ਮਾਂ ਦਾ ਦੁੱਧ 24 ਘੰਟੇ ਉਪਲਭਧ ਹੁੰਦਾ ਹੈ ,ਉਸ ਲਈ ਕਿਸੇ ਕਿਸਮ ਦੀ ਤਿਆਰੀ ਦੀ ਲੋੜ ਨਹੀਂ ਹੁੰਦੀ , ਮਾਂ ਦਾ ਦੁੱਧ ਬੱਚੇ ਅਤੇ ਮਾਂ ਵਿੱਚ ਵਿਸ਼ੇਸ਼ ਸਬੰਧ ਪੈਦਾ ਕਰਦਾ ਹੈ, ਜਲਦੀ ਪਚਦਾ ਹੈ,ਮਾਤਾ ਪਿਤਾ ਲਈ ਬੱਚਿਆਂ ਦੇ ਜਨਮ ਦੀ ਦੂਰੀ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ ਅਤੇ ਨਾਲ ਹੀ ਗਰਭ ਧਾਰਣ ਦੌਰਾਨ ਵਧੇ ਵਜ਼ਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਮਾਂ ਦੇ ਪਹਿਲੇ ਦੁੱਧ ਵਿੱਚ ਪੂਰੇ ਕਾਰਬੋਹਾਈਡ੍ਰੇਟਸ ਹੁੰਦੇ ਹਨ ਅਤੇ ਮਾਂ ਦੇ ਪਹਿਲੇ ਗਾੜੇ ਦੁੱਧ ਨੂੰ ਕੋਲੋੇਸਟ੍ਰਮ ਕਿਹਾ ਜਾਂਦਾ ਹੈ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ , ਯੂਨੀਸੈਫ ਜਾਂ ਹੋਰ ਵੱਡੀਆਂ ਸੰਸਥਾਵਾਂ ਵੀ ਕੋਲੋਸਟ੍ਰਮ ਨੂੰ ਬੱਚਿਆਂ ਵਿੱਚ ਬੀਮਾਰੀਆਂ ਦੇ ਖਾਤਮੇ ਲਈ ਬੇਹੱਦ ਲਾਭਦਾਇਕ ਮੰਨਦੀਆਂ ਹਨ । ਕੋਲੋਸਟ੍ਰਮ ਤੋਂ ਇਲਾਵਾ ਮਾਂ ਦਾ ਆਮ ਦੁੱਧ ਵੀ ਬੱਚੇ ਲਈ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਵਿੱਚ ਪੂਰੇ ਮਿਨਰਲਜ਼ , ਵਿਟਾਮਿਨ, ਏਮਿਨੋਏਸਿਡ ਜੇਹੇ ਪੋਸ਼ਕ ਤੱਤ ਅਤੇ ਕਾਫੀ ਪਾਣੀ ਹੁੰਦਾ ਹੈ ਅਤੇ ਜਿਹੜੀ ਮਾਂ ਆਪਣੇ ਬੱਚੇ ਨੂੰ ਪਹਿਲੇ ਛੇ ਮਹੀਨੇ ਆਪਣਾ ਦੁੱਧ ਪਿਲਾਉਂਦੀ ਹੈ ਉਸ ਬੱਚੇ ਨੂੰ ਪਹਿਲੇ ਛੇ ਮਹੀਨੇ ਹੋਰ ਕੁੱਝ ਵੀ ਆਹਾਰ ਦੇਣ ਦੀ ਲੋੜ ਨਹੀਂ ਹੁੰਦੀ।