ਸਮਾਜ ਸੇਵਾ ਅਤੇ ਸਿਆਸਤ ਕਿਸੇ ਸਮੇਂ ਇਕੋ ਸਿੱਕੇ ਦੇ ਦੋ ਪਾਸੇ ਗਿਣੇ ਜਾਂਦੇ ਸਨ। ਪੁਰਾਣੇ ਜ਼ਮਾਨੇ ਵਿਚ ਹਰ ਸਿਆਸਤਦਾਨ ਸਮਾਜ ਸੇਵਾ ਤੋਂ ਹੀ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਦਾ ਹੁੰਦਾ ਸੀ। ਸਮੇਂ ਦੀ ਤੇਜ਼ੀ ਅਤੇ ਇਨਸਾਨ ਦੀ ਮਾਨਸਿਕਤਾ ਵਿਚ ਤਬਦੀਲੀ ਨਾਲ ਸਿਆਸਤ ਵਿਚ ਖ਼ੁਦਗਰਜ਼ੀ ਸ਼ਾਮਲ ਹੋ ਗਈ, ਜਿਸਨੇ ਸਿਆਸਤ ਨੂੰ ਗੰਧਲਾ ਕਰਕੇ ਸ਼ਰਮਸਾਰ ਕਰ ਦਿੱਤਾ। ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਜਿਹੜਾ ਸਿਆਸਤਦਾਨਾ ਦਾ ਪੋਚ ਸੀ, ਉਹ ਸਾਰੇ ਸਮਾਜ ਸੇਵਕ ਪਹਿਲਾਂ ਅਤੇ ਸਿਆਸਤਦਾਨ ਬਾਅਦ ਵਿਚ ਹੁੰਦੇ ਸਨ। ਸਿਆਸਤ ਦੀ ਪੌੜੀ ਚੜ੍ਹਨ ਤੋਂ ਪਹਿਲਾਂ ਸਮਾਜ ਸੇਵਾ ਦਾ ਬੀੜਾ ਚੁੱਕਦੇ ਸਨ। ਉਨ੍ਹਾਂ ਸਿਆਸਤਦਾਨਾ ਵਿਚ ਕਾਮਰੇਡ ਸਤ ਪਾਲ ਡਾਂਗ ਇੱਕ ਅਜਿਹੇ ਮਹਾਨ, ਸੁਲਝੇ ਹੋਏ ਅਤੇ ਜ਼ਮੀਨੀ ਪੱਧਰ ਦੇ ਸਿਆਸਤਦਾਨ ਸਨ, ਜਿਨ੍ਹਾਂ ਆਪਣਾ ਸਾਰਾ ਜੀਵਨ ਸਮਾਜ ਸੇਵਾ ਨੂੰ ਸਮਰਪਤ ਕਰ ਦਿੱਤਾ। ਸਾਰਾ ਜੀਵਨ ਉਹ ਸਚਾਈ ਦੇ ਪਹਿਰੇਦਾਰ ਬਣੇ ਰਹੇ। ਸਿਆਸਤ ਉਨ੍ਹਾਂ ਲਈ ਮੁੱਖ ਨਹੀਂ ਸਗੋਂ ਸਮਾਜ ਸੇਵਾ ਮੁੱਖ ਕੰਮ ਸੀ। ਭਾਰਤ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਹੈ। ਉਨ੍ਹਾਂ ਦਾ ਜਨਮ 4 ਅਕਤੂਬਰ 1920 ਵਿਚ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਜਿਲ੍ਹੇ ਦੇ ਰਸੂਲਪੁਰ ਕਸਬੇ ਵਿਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਆਪ 1952 ਵਿਚ ਅੰਮ੍ਰਿਤਸਰ ਜਿਲ੍ਹੇ ਦੇ ਛੇਹਰਟਾ ਕਸਬੇ ਵਿਚ ਆ ਕੇ ਵਸ ਗਏ ਸਨ। 1952 ਵਿਚ ਹੀ ਆਪਦੀ ਸ਼ਾਦੀ ਵਿਮਲਾ ਬਾਕਿਆ ਨਾਲ ਹੋ ਗਈ, ਜਿਸਨੂੰ ਬਾਦ ਵਿਚ ਵਿਮਲਾ ਡਾਂਗ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਵਿਮਲਾ ਭਾਕਿਆ ਆਪਦੇ ਨਾਲ ਲਾਹੌਰ ਵਿਖੇ ਸਕੂਲ ਵਿਚ ਪੜ੍ਹਦੇ ਰਹੇ ਸਨ ਅਤੇ ਉਸਤੋਂ ਬਾਅਦ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿਚ ਵੀ ਕੰਮ ਕਰਦੇ ਰਹੇ ਸਨ। ਆਪ ਭਰ ਜਵਾਨੀ ਵਿਚ 25 ਸਾਲ ਦੀ ਉਮਰ ਵਿਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਬਾਅਦ ਵਿਚ ਉਪ ਪ੍ਰਧਾਨ ਬਣ ਗਏ ਸਨ। ਇਨ੍ਹਾਂ ਦੇਵੇਂ ਅਹੁਿਦਆਂ ਤੇ ਆਪ ¦ਮਾਂ ਸਮਾਂ ਰਹੇ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਆਪ ਅਤੇ ਵਿਮਲਾ ਵਿਦਿਆਰਥੀ ਦੇ ਤੌਰ ਤੇ ਹਿੱਸਾ ਲੈਂਦੇ ਰਹੇ। ਆਪ ਨੇ ਆਪਣੀ ਸਾਰੀ ਪੜ੍ਹਾਈ ਲਾਹੌਰ ਤੋਂ ਹੀ ਪ੍ਰਾਪਤ ਕੀਤੀ। ਬੀ ਏ ਸਰਕਾਰੀ ਕਾਲਜ ਲਾਹੌਰ ਤੋਂ ਪਾਸ ਕੀਤੀ। ਪਹਿਲਾਂ ਆਪਨੇ ਥੋੜ੍ਹਾ ਸਮਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਖੱਬੇ ਪੱਖੀ ਵਿੰਗ ਵਿਚ ਕੰਮ ਕੀਤਾ ਪ੍ਰੰਤੂ ਬਾਅਦ ਵਿਚ 1940 ਵਿਚ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਏ। ਕਮਿਊਨਿਸਟ ਪਾਰਟੀ ਦੀ ਪਹਿਲੀ ਕਾਂਗਰਸ 1943 ਵਿਚ ਬੰਬਈ ਵਿਚ ਹੋਈ, ਜਿਸ ਵਿਚ ਆਪ ਪਹਿਲੀ ਵਾਰ ਡੈਲੀਗੇਟ ਦੇ ਤੌਰ ਤੇ ਸ਼ਾਮਲ ਹੋਏ। ਉਸ ਸਮਂੇ ਵਿਮਲਾ ਭਾਕਿਆ ਇਸ ਸੈਸ਼ਨ ਵਿਚ ਗਾਇਕ ਸੁਕਐਡ ਦੇ ਮੈਂਬਰ ਦੇ ਤੌਰ ਤੇ ਸ਼ਾਮਲ ਹੋਈ ਸੀ। ਉਸ ਕਾਂਗਰਸ ਵਿਚ ਗ਼ਦਰ ਲਹਿਰ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ, ਸੋਹਨ ਸਿੰਘ ਜੋਸ਼ ਅਤੇ ਤੇਜਾ ਸਿੰਘ ਸੁਤੰਤਰ ਵੀ ਪੰਜਾਬ ਵੱਲੋਂ ਸ਼ਾਮਲ ਹੋਏ ਸਨ। ਇਨ੍ਹਾਂ ਸਾਰਿਆਂ ਨੇ ਰੇਲ ਗੱਡੀ ਦੇ ਇਕੋ ਡੱਬੇ ਵਿਚ ਇਕੱਠਿਆਂ ਬੰਬਈ ਤੱਕ ਸਫਰ ਕੀਤਾ ਸੀ। ਇਨ੍ਹਾਂ ਸੀਨੀਅਰ ਨੇਤਾਵਾਂ ਦੀਆਂ ਵਿਚਾਰ ਚਰਚਾਵਾਂ ਨੂੰ ਬੜੇ ਧਿਆਨ ਨਾਲ ਸੁਣਿਆਂ ਜਿਨ੍ਹਾਂ ਤੋਂ ਆਪ ਬਹੁਤ ਹੀ ਪ੍ਰਭਾਵਤ ਹੋ ਗਏ। ਉਨ੍ਹਾਂ ਦੋਹਾਂ ਨੇ ਬਹੁਤ ਕੁਝ ਇਨ੍ਹਾਂ ਸੀਨੀਅਰ ਸਿਆਸਤਦਾਨਾਂ ਤੋਂ ਸਿੱਖਿਆ। ਸਤ ਪਾਲ ਡਾਂਗ ਅਤੇ ਵਿਮਲਾ ਡਾਂਗ ਨੇ ਛੇਹਰਟਾ ਨੂੰ ਹੀ ਆਪਣੀ ਕਰਮ ਭੂਮੀ ਬਣਾਇਆ। 1953 ਵਿਚ ਪਹਿਲੀ ਵਾਰ ਨਗਰ ਕੌਂਸਲ ਛੇਹਰਟਾ ਦੀ ਚੋਣ ਹੋਈ ਅਤੇ ਆਪ ਇਸ ਕਮੇਟੀ ਦੇ ਪਹਿਲੇ ਪ੍ਰਧਾਨ ਚਣੇ ਗਏ। ਆਪ 1967 ਤੱਕ ਲਗਾਤਾਰ ਨਗਰ ਕੌਂਸਲ ਛੇਹਰਟਾ ਦੇ ਪ੍ਹਧਾਨ ਰਹੇ। 1958 ਤੋਂ ਵਿਮਲਾ ਡਾਂਗ ਨੇ ਵੀ ਪਾਰਟੀ ਲਈ ਕੁਲਵਕਤੀ ਮੈਂਬਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਛੇਹਰਟਾ ਨੂੰ ਮਾਡਲ ਕਸਬਾ ਬਣਾ ਦਿੱਤਾ। ਉਹ ਕਿਹੜੀ ਸਹੂਲਤ ਨਹੀਂ ਜਿਹੜੀ ਛੇਹਰਟਾ ਵਿਚ ਨਹੀਂ ਮਿਲਦੀ ਸੀ। ਉਥੇ ਬਾਲ ਭਲਾਈ ਕੇਂਦਰ, ਡਿਸਪੈਂਸਰੀ, ਪ੍ਰਸੂਤੀ ਸਹੂਲਤ, ਕਮਿਊਨਿਟੀ ਹਾਲ, ਲਾਇਬਰੇਰੀ ਅਤੇ ਰੀਡਿੰਗ ਰੂਮ ਬਣਵਾਏ। ਡਿਸਪੈਂਸਰੀ ਅਤੇ ਹਸਪਤਾਲ ਵਿਚ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਸੀ। ਛੇਹਰਟਾ ਕਮੇਟੀ ਸਮੁੱਚੇ ਪੰਜਾਬ ਦੀਆਂ ਨਗਰ ਕੌਂਸਲਾਂ ਲਈ ਨਮੂਨੇ ਦੀ ਮਾਰਗ ਦਰਸ਼ਕ ਕਮੇਟੀ ਗਿਣੀ ਜਾਂਦੀ ਸੀ। ਇਸ ਕਮੇਟੀ ਨੂੰ ਆਦਰਸ਼ ਕਮੇਟੀ ਕਿਹਾ ਜਾਂਦਾ ਸੀ। ਭਰਿਸ਼ਟਾਚਾਰ ਬਿਲਕੁਲ ਹੀ ਖ਼ਤਮ ਕਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਆਪ ਅਤੇ ਵਿਮਲਾ ਡਾਂਗ ਦੀ ਜੋੜੀ ਸਮਾਜ ਸੇਵਾ ਕਰਦੀ ਰਹੀ, ਜਿਸ ਕਰਕੇ ਆਪ ਉਸ ਇਲਾਕੇ ਦੇ ਲੋਕਾਂ ਲਈ ਰਹਿਬਰ ਦਾ ਰੂਪ ਧਾਰਨ ਕਰ ਗਏ। ਆਪ ਦੋਵੇਂ ਜ਼ਮੀਨੀ ਪੱਧਰ ਦੇ ਸਿਆਸਤਦਾਨ ਸਨ। ਇਸ ਸਿਆਸੀ ਜੋੜੀ ਨੇ ਬੱਚਾ ਨਾ ਪੈਦਾ ਕਰਨ ਦਾ ਫੈਸਲਾ ਕਰ ਲਿਆ ਕਿਉਂਕਿ ਜੇਕਰ ਉਹ ਕਬੀਲਦਾਰੀ ਵਿਚ ਪੈ ਜਾਂਦੇ ਤਾਂ ਲੋਕ ਸੇਵਾ ਦੇ ਰਸਤੇ ਵਿਚ ਰੁਕਾਵਟ ਆਉਣੀ ਸੀ। 1965 ਦੀ ਭਾਰਤ ਦੀ ਪਾਕਿਸਤਾਨ ਨਾਲ ਹੋਈ ਲੜਾਈ ਸਮੇਂ ਛੇਹਰਟਾ ਦੀ ਮਜ਼ਦੂਰ ਬਸਤੀ ਵਿਚ ਪਾਕਿਸਤਾਨ ਨੇ ਬੰਬ ਸੁਟਿਆ, ਜਿਸ ਵਿਚ 60 ਮਜ਼ਦੂਰ ਮਾਰੇ ਗਏ ਸਤ ਪਾਲ ਡਾਂਗ ਨੇ ਆਪਣੇ ਖ਼ਰਚੇ ਤੇ ਉਨ੍ਹਾਂ ਦਾ ਸਸਕਾਰ ਕਰਵਾਇਆ ਅਤੇ ਬਾਅਦ ਵਿਚ ਉਨ੍ਹਾਂ ਦੀ ਯਾਦ ਵਿਚ ਇਕ ਸ਼ਹੀਦ ਮੈਮੋਰੀਅਲ ਜੰਝ ਘਰ ਉਸਾਰਿਆ। ਪਾਰਟੀ ਨੇ ਡਾਂਗ ਜੋੜੀ ਨੂੰ ਅੰਮ੍ਰਿਤਸਰ ਰੀਜਨ ਵਿਚ ਪਾਰਟੀ ਨੂੰ ਸੰਗਠਤ ਕਰਨ ਦੀ ਜ਼ਿੰਮੇਵਾਰੀ ਲਗਾ ਦਿੱਤੀ। ਆਪਨੇ ਦ੍ਰਿੜ੍ਹਤਾ ਅਤੇ ਲਗਨ ਨਾਲ ਪਾਰਟੀ ਲਈ ਕੰਮ ਕੀਤਾ। ਆਪ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਇਸ ਕਰਕੇ ਆਪ ਨੂੰ ਪਾਰਟੀ ਵੱਲੋਂ ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਵਿਚਾਰ ਵਟਾਂਦਰੇ ਮੌਕੇ ਪ੍ਰਤੀਨਿਧ ਮੰਡਲਾਂ ਵਿਚ ਸ਼ਾਮਲ ਕੀਤਾ ਜਾਂਦਾ ਰਿਹਾ। ਬੰਗਾਲ ਦੇ ਕਾਲ ਸਮੇਂ ਸਟੂਡੈਂਟ ਫੈਡਰੇਸ਼ਨ ਦੇ ਚਾਰ ਮੈਂਬਰੀ ਪ੍ਰਤੀਨਿਧ ਮੰਡਲ ਵਿਚ ਗਏ। ਫ਼ਰੈਂਡਜ਼ ਆਫ ਸੋਵੀਅਤ ਯੂਨੀਅਨ ਦੀ ਸਥਾਪਤੀ ਵਿਚ ਵੀ ਹਿੱਸਾ ਪਾਇਆ। ਚੈਕੋਸਲਵਾਕੀਆ ਵਿਚ ਪਰਾਗ ਵਿਖੇ ਚੀਨੀ ਡੈਲੀਗੇਸ਼ਨ ਨਾਲ ਵਿਚਾਰ ਵਟਾਂਦਰੇ ਵਿਚ ਵੀ ਸ਼ਾਮਲ ਹੋਏ। ਆਪ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਬਦਲੇ ਪਹਿਲੀ ਵਾਰ 1967 ਵਿਚ ਅੰਮ੍ਰਿਤਸਰ ਪੱਛਵੀਂ ਹਲਕੇ ਤੋਂ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਦੇ ਵਿਰੁਧ ਵਿਧਾਨ ਸਭਾ ਦੀ ਚੋਣ ਲੜਨ ਲਈ ਟਿਕਟ ਦਿੱਤਾ। ਆਪਨੇ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਆਪ ਲਗਾਤਾਰ 67, 69, 72 ਅਤੇ 77 ਵਿਚ ਵਿਧਾਨਕਾਰ ਚੁਣੇ ਜਾਂਦੇ ਰਹੇ। 1967 ਵਿਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿਚ ਯੂਨਾਈਟਡ ਫਰੰਟ ਦੀ ਸਰਕਾਰ ਵਿਚ ਆਪਨੂੰ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਬਣਾਇਆ ਗਿਆ। ਆਪ ਮੰਤਰੀ ਹੁੰਦਿਆਂ ਵੀ ਆਪਣੇ ਕੁਆਰਟਰ ਵਿਚ ਹੀ ਛੇਹਰਟੇ ਰਹੇ। ਚੰਡੀਗੜ੍ਹ ਵਿਚ ਵੀ ਆਪਨੇ ਸਰਕਾਰੀ ਕੋਠੀ ਨਹੀਂ ਲਈ ਸਗੋਂ ਐਮ ਐਲ ਏ ਫਲੈਟ ਵਿਚ ਹੀ ਆਪਣਾ ਨਿਵਾਸ ਰੱਖਿਆ। ਆਪਨੇ ਸਾਰੀ ਉਮਰ ਸਾਦਾ ਪਹਿਰਾਵਾ ਪਹਿਨਿਆਂ ਅਤੇ ਸਾਧਾਰਣ ਜੀਵਨ ਬਸਰ ਕੀਤਾ। 1982 ਵਿਚ ਸਤ ਪਾਲ ਡਾਂਗ ਦੀ ਪਤਨੀ ਵਿਮਲਾ ਡਾਂਗ ਵਿਧਾਨਕਾਰ ਚੁਣੀ ਗਈ। 2009 ਵਿਚ ਵਿਮਲਾ ਡਾਂਗ ਦੀ ਮੌਤ ਹੋ ਗਈ। ਉਸਤੋਂ ਬਾਅਦ ਆਪ ਇਕੱਲੇ ਰਹਿ ਗਏ ਫਿਰ ਆਪਨੇ 2013 ਵਿਚ ਸਰਗਰਮ ਸਿਆਸਤ ਤੋਂ ਸਵੈ ਇਛਤ ਸੇਵਾ ਮੁਕਤੀ ਲੈ ਲਈ। ਆਪ ਭਾਵੇਂ ਕਮਿਊਨਿਸਟ ਪਾਰਟੀ ਦੇ ਨੇਤਾ ਸਨ ਪ੍ਰੰਤੂ ਹੋਰ ਸਿਆਸੀ ਪਾਰਟੀਆਂ ਦੇ ਨੇਤਾ ਆਪਦਾ ਸਤਿਕਾਰ ਪਾਰਟੀ ਪੱਧਰ ਤੋਂ ਉਪਰ ਉਠਕੇ ਕਰਦੇ ਸਨ। ਭਾਰਤੀ ਜਨਤਾ ਪਾਰਟੀ ਦੀ ਨੇਤਾ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਇਸ ਜੋੜੀ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ। ਸਤ ਪਾਲ ਡਾਂਗ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵੀ ਪੰਜਾਬ ਦੇ ਮੰਤਰੀ ਹੁੰਦਿਆਂ ਸਰਕਾਰੀ ਕੋਠੀ ਨਹੀਂ ਲਈ ਅਤੇ ਐਮ ਐਲ ਏ ਹੋਸਟਲ ਦੇ ਇਕ ਕਮਰੇ ਵਿਚ ਹੀ ਰਹਿੰਦੇ ਰਹੇ। ਪੰਜਾਬ ਦੇ ਖੱਬੇ ਪੱਖੀ ਸਿਆਸਤਦਾਨਾਂ ਦੀ ਡਾਂਗ ਜੋੜੀ ਪ੍ਰੇਰਨਾ ਸਰੋਤ ਬਣੀ ਹੋਈ ਹੈ। ਇਮਾਨਦਾਰ ਅਤੇ ਸੱਚੇ ਸੁੱਚੇ ਸਿਆਸਤਦਾਨਾ ਦੀ ਸੂਚੀ ਵਿਚ ਸਭ ਤੋਂ ਪਹਿਲਾਂ ਨਾਮ ਸਤਪਾਲ ਡਾਂਗ ਅਤੇ ਬਿਮਲਾ ਡਾਂਗ ਦਾ ਆਉਂਦਾ ਹੈ।
ਸਤ ਪਾਲ ਡਾਂਗ 92 ਸਾਲ ਦੀ ਉਮਰ ਵਿਚ 15 ਜੂਨ 2013 ਨੂੰ ਸਵਰਗ ਸਿਧਾਰ ਗਏ।