ਚੰਡੀਗੜ੍ਹ 30 ਜੁਲਾਈ- ਪੰਜਾਬ ਵਿੱਚ ਗੈਂਗਸਟਰਾਂ ਵਿਰੁਧ ਆਪਣੀ ਅਸਰਦਾਰ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਇੱਕ ਵੱਡੇ ਗੈਂਗਸਟਰਾਂ ਦੇ ਗਰੁਪ ਦਾ ਪਰਦਾਫਾਸ਼ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਇੰਟੈਲੀਜੈਂਸ ਵਿੰਗ ਦੇ ਸੰਗਠਿਤ ਕਰਾਈਮ ਕੰਟਰੋਲ ਯੂਨਿਟ (ਆਕੂ) ਨੇ ਇਹ ਕਾਰਵਾਈ ਕਰਦਿਆਂ ਅਮਨ ਕੁਮਾਰ ਉਰਫ਼ ਅਮਨਾ ਜੈਤੋਂ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦੂ ਜੈਤੋਂ ਸਣੇ ਦਵਿੰਦਰ ਬੰਬੀਹਾ ਸ਼ੂਟਰ ਗਰੁਪ ਨਾਲ ਸਬੰਧਿਤ 9 ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿੰਨਾਂ ਕੋਲੋ ਵੱਖ ਵੱਖ ਤਰਾਂ ਦੇ 17 ਹਥਿਆਰ ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਸੰਗਠਿਤ ਕਰਾਈਮ ਕੰਟਰੋਲ ਯੂਨਿਟ ਦੇ ਆਈ.ਜੀ.ਪੀ. ਇੰਟੈਲੀਜੈਂਸ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਹੁਣ ਤਕ ਦੀ ਮੁਢਲੀ ਜਾਂਚ ਅਨੁਸਾਰ ਇਹ ਦੋਵੇਂ ਗੈਂਗਸਟਰ ਬੀਤੀ 17 ਜੂਨ ਨੂੰ ਰਾਮਪੁਰਾ ਫੂਲ, ਬਠਿੰਡਾ ਵਿਖੇ ਹਰਦੇਵ ਸਿੰਘ ਉਰਫ਼ ਗੋਗੀ ਜਟਾਣਾ ਨੂੰ ਉਸਦੇ ਹੀ ਪੋਲਟਰੀ ਫਾਰਮ ਵਿਚ ਕਤਲ ਕਰਨ ਦੇ ਦੋਸ਼ ਅਧੀਨ ਲੋੜੀਂਦੇ ਸਨ। ਇੰਨਾਂ ਖਿਲਾਫ਼ ਆਈ.ਪੀ.ਸੀ. ਅਤੇ ਆਰਮਜ਼ ਐਕਟ ਦੀਆਂ ਵਖ-ਵਖ ਧਾਰਾਵਾਂ ਅਧੀਨ ਇਸ ਸਬੰਧੀ ਐਫ.ਆਈ.ਆਰ ਪਹਿਲਾਂ ਹੀ ਦਰਜ਼ ਸੀ।ਆਈ.ਜੀ.ਪੀ. ਇੰਟੈਲੀਜੈਂਸ ਨੇ ਦਸਿਆ ਕਿ ਇਹ ਕਤਲ ਕਥਿਤ ਤੌਰ ‘ਤੇ ਮੋਗਾ ਜ਼ਿਲੇ ਦੇ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁਢਾ ਅਤੇ ਉਸਦੇ ਸਾਥੀ ਗੁਰਬਖ਼ਸ਼ ਸਿੰਘ ਸੇਵੇਵਾਲਾ, ਫ਼ਰੀਦਕੋਟ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਇਸ ਕਤਲ ਤੋਂ ਬਾਅਦ ਸੁਖਪ੍ਰੀਤ ਬੁਢਾ ਨੇ ਇਸ ਕਤਲ ਦੀ ਜਿੰਮੇਵਾਰੀ ਲੈਣ ਲਈ ਇਸ ਹਮਲੇ ਵਿਚ ਆਪਣੇ ਕਥਿਤ ਤੌਰ ‘ਤੇ ਸ਼ਾਮਿਲ ਹੋਣ ਦਾ ਫੇਸਬੁਕ ਆਈ.ਡੀ. ’ਤੇ ਖੁਲਾਸਾ ਵੀ ਕੀਤਾ ਸੀ। ਇਹ ਸਾਰੇ ਦੋਸ਼ੀ ਪੰਜਾਬ ਅਤੇ ਹਰਿਆਣਾ ਵਿਚ ਵਖ-ਵਖ ਕੇਸਾਂ ਜਿਵੇਂ ਕਤਲ, ਕਤਲ ਕਰਨ ਦੀ ਕੋਸ਼ਿਸ਼, ਫਿਰੌਤੀ, ਕਾਰ ਚੋਰੀ, ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦਾ ਲੈਣ-ਦੇਣ ਅਤੇ ਹੋਰ ਚੋਰੀਆਂ ਵਿਚ ਸ਼ਾਮਿਲ ਸਨ।ਆਈ.ਜੀ.ਪੀ. ਇੰਟੈਲੀਜੈਂਸ ਨੇ ਦਸਿਆ ਕਿ ਇਹ ਸਮੁਚਾ ਆਪ੍ਰੇਸ਼ਨ ਸੰਗਠਿਤ ਕਰਾਈਮ ਕੰਟਰੋਲ ਯੂਨਿਟ ਦੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ।