April 24, 2026 3:15 am

ਪਾਕਿਸਤਾਨ ਚੋਣਾਂ ’ਚ ਇਮਰਾਨ ਖਾਨ ਦੀ ਪਾਰਟੀ 114 ਸੀਟਾਂ ’ਤੇ ਜੇਤੂ ਕਰਾਰ

ਵਜ਼ੀਰ-ਏ-ਆਜ਼ਮ ਬਣਨ ਲਈ ਖਾਨ ਨੂੰ ਛੋਟੀਆਂ ਪਾਰਟੀਆਂ ਦੀ ਹਾਸਿਲ ਕਰਨੀ ਪਵੇਗੀ ਹਮਾਇਤ

ਇਸਲਾਮਾਬਾਦ, 27 ਜੁਲਾਈ- ਪਾਕਿਸਤਾਨ ਚੋਣ ਕਮਿਸ਼ਨ ਨੇ ਕੌਮੀ ਅਸੈਂਬਲੀ ਦੀਆਂ 270 ਵਿਚੋਂ 250 ਸੀਟਾਂ ਦੇ ਨਤੀਜੇ ਅਧਿਕਾਰਕ ਤੌਰ ‘ਤੇ ਐਲਾਨ ਕਰ ਦਿਤੇ ਹਨ।ਨਤੀਜਿਆਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਭ ਤੋਂ ਵਡੀ ਪਾਰਟੀ ਬਣੀ ਹੈ। ਹਾਲਾਂਕਿ ਸਰਕਾਰ ਬਨਾਉਣ ਲਈ ਉਸ ਨੂੰ ਹੋਰ ਸੰਸਦ ਮੈਂਬਰਾਂ ਦੀ ਲੋੜ ਹੋਵੇਗੀ।ਇਸ ਵਾਰ ਚੋਣਾਂ ਦੀ ਗਿਣਤੀ ਵਿਚ ਕਾਫੀ ਸਮਾਂ ਲਿਆ ਗਿਆ। ਪਾਕਿਸਤਾਨ ਚੋਣ ਕਮਿਸ਼ਨ ਮੁਤਾਬਿਕ ਪੀ.ਟੀ.ਆਈ. ਨੂੰ 270 ਸੀਟਾਂ ਵਿਚੋਂ 114 ਸੀਟਾਂ ’ਤੇ ਜਿਤ ਹਾਸਲ ਹੋਈ ਹੈ।ਦੂਜੇ ਨੰਬਰ ‘ਤੇ ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਨੂੰ 63 ਸੀਟਾਂ ਮਿਲੀਆਂ ਹਨ। ਤੀਜੇ ਨੰਬਰ ‘ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਰਹੀ, ਜਿਸ ਨੂੰ 42 ਸੀਟਾਂ ਮਿਲੀਆਂ ਹਨ। ਆਜ਼ਾਦ ਉਮੀਦਵਾਰਾਂ ਨੇ 12 ਸੀਟਾਂ ‘ਤੇ ਜਿਤ ਦਰਜ ਕੀਤੀ ਹੈ।ਖਬੇ ਪਖੀ ਧਾਰਮਿਕ ਦਲਾਂ ਮਤਲਬ ਜਮਾਤ-ਏ-ਇਸਲਾਮੀ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਦੇ ਗਠਜੋੜ ਮੁਤਾਹਿਦਾ ਮਜਲਿਸ-ਏ-ਅਮਾਲ-ਪਾਕਿਸਤਾਨ (ਐਮ.ਐਮ.ਏ.ਪੀ.) ਨੇ 11 ਸੀਟਾਂ ’ਤੇ ਜਿਤ ਹਾਸਲ ਕੀਤੀ ਹੈ। ਪੰਜਾਬ ਦੇ ਸਾਬਕਾ ਮੁਖ ਮੰਤਰੀ ਪਰਵੇਜ਼ ਇਲਾਹੀ ਦੀ ਪਾਕਿਸਤਾਨ ਮੁਸਲਿਮ ਲੀਗ ਨੂੰ 5 ਸੀਟਾਂ ਮਿਲੀਆਂ ਹਨ। ਈ.ਸੀ.ਪੀ. ਨੇ ਨਤੀਜਿਆਂ ਮੁਤਾਬਕ ਕਰਾਚੀ ਦੇ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐਮ.ਕਿਊ.ਐਮ.ਪੀ.) ਨੂੰ ਸਭ ਤੋਂ ਘਟ ਸੀਟਾਂ ਮਿਲੀਆਂ ਹਨ।

Send this to a friend