April 23, 2026 10:24 pm

ਹਜ਼ਾਰ ਰੁਪਏ ਦੇ ਦੇਣ-ਲੈਣ ਪਿੱਛੇ ਸਿਰੀ ਸਾਹਿਬ ਨਾਲ ਵਿਅਕਤੀ ਦਾ ਕਤਲ

ਜਗਰਾਉਂ, 26 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਅੱਜ ਦੇ ਸਮੇਂ ’ਚ ਲੋਕਾਂ ਅੰਦਰ ਇਨਸਾਨੀਅਤ ਖ਼ਤਮ ਹੋ ਚੁੱਕੀ ਹੈ, ਲੋਕ ਥੋੜੇ ਪੈਸਿਆਂ ਖਾਤਰ ਇਕ-ਦੂਜੇ ਦਾ ਕਤਲ ਕਰਨ ਲੱਗ ਹੋਏ ਹਨ। ਇਹੋਂ ਜਿਹੀ ਇਕ ਘਟਨਾ ਜਗਰਾਉਂ ਨਜ਼ਦੀਕੀ ਪਿੰਡ ਚੀਮਾ ਵਿਖੇ ਵਾਪਰੀ, ਜਿੱਥੇ ਇਕ ਵਿਅਕਤੀ ਦਾ ਸਿਰਫ਼ ਹਜ਼ਾਰ ਰੁਪਏ ਖਾਤਰ ਸਿਰੀ ਸਾਹਿਬ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਪਿੰਡ ਚੀਮਾ ਵਿਖੇ ਅਵਤਾਰ ਸਿੰਘ (45) ਪੁੱਤਰ ਚਮਕੌਰ ਸਿੰਘ ਜੋ ਕਿ ਇਟਲੀ ਤੋਂ ਵਾਪਸ ਆਇਆ ਸੀ ਤੇ ਇਟਲੀ ਜਾਣ ਤੋਂ ਪਹਿਲਾ ਉਸ ਨੇ ਪਿੰਡ ਦੇ ਕਿਸੇ ਵਿਅਕਤੀ ਨਾਲ ਸਿਰਫ਼ ਇਕ ਹਜ਼ਾਰ ਰੁਪਏ ਦੇਣ-ਲੈਣ ਸੀ, ਜਦੋਂ ਅਵਤਾਰ ਸਿੰਘ ਇਟਲੀ ਤੋਂ ਵਾਪਸ ਆਇਆ ਤਾਂ ਉਸ ਨੇ ਉਕਤ ਵਿਅਕਤੀ ਤੋਂ ਪੈਸੇ ਮੰਗਣ ਲੱਗ ਗਿਆ। ਅੱਜ ਸਵੇਰੇ ਉਕਤ ਵਿਅਕਤੀ ਆਪਣੀ ਮਾਂ ਅਤੇ ਪਿਓ ਨਾਲ ਅਵਤਾਰ ਸਿੰਘ ਦੇ ਘਰ ਆ ਕੇ ਦਰਵਾਜਾ ਖੜ੍ਹਾਉਣ ਲੱਗਾ ਤੇ ਪੈਸਿਆਂ ਦੇ ਦੇਣ-ਲੈਣ ਨੂੰ ਲੈ ਕੇ ਰੋਲਾ ਪਾਉਣ ਲੱਗੇ, ਇੱਥੇ ਹੀ ਉਕਤ ਵਿਅਕਤੀ ਨੇ ਆਪਣੀ ਸਿਰੀ ਸਾਹਿਬ ਕੱਢੀ ਤੇ ਅਵਤਾਰ ਸਿੰਘ ਦੇ ਲਗਾਤਾਰ ਵਾਰ ਕਰ ਦਿੱਤੇ, ਜਿਸ ਕਾਰਨ ਅਵਤਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਪਿੰਡ ਅੰਦਰ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਪੀ. (ਇੰਨ:) ਰੁਪਿੰਦਰ ਭਾਰਦਵਾਜ, ਡੀ. ਐਸ. ਪੀ. ਰਾਏਕੋਟ ਗੁਰਮੀਤ ਸਿੰਘ, ਐਸ. ਐਚ. ਓ. ਹਠੂਰ ਜਸਪਾਲ ਸਿੰਘ ਸਮੇਤ ਸੀ. ਆਈ. ਏ. ਸਟਾਫ਼ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਹਾਸਿਲ ਕੀਤੀ। ਥਾਣਾ ਹਠੂਰ ਦੇ ਇੰਚਾਰਜ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ’ਤੇ ਹਮਲਾ ਕਰਨ ਵਾਲੇ ਸੁਖਵਿੰਦਰ ਕੌਰ, ਕਰਮਜੀਤ ਸਿੰਘ, ਬੇਟੇ ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ਤੇ ਲਖਵੀਰ ਸਿੰਘ ਨੂੰ ਸਿਰੀ ਸਾਹਿਬ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਇਨ੍ਹਾਂ ਪੰਜਾਂ ਖਿਲਾਫ਼ ਥਾਣਾ ਹਠੂਰ ਵਿਖੇ ਮੁਕੱਦਮਾ ਨੰਬਰ 123 ਧਾਰਾ 302, 148 ਤਹਿਤ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਨੇ ਉਕਤ ਵਿਅਕਤੀਆਂ ਕੋਲੋ ਇਕ ਹਜ਼ਾਰ ਰੁਪਏ ਲੈਣੇ ਸਨ, ਜਿਸ ਕਰਕੇ ਇਨ੍ਹਾਂ ’ਚ ਆਪਸੀ ਰੋਲਾ ਸੀ ਤੇ ਇਨ੍ਹਾਂ ਨੇ ਸਿਰਫ਼ ਹਜ਼ਾਰ ਰੁਪਏ ਖਾਤਰ ਉਸ ਦਾ ਕਤਲ ਕਰ ਦਿੱਤਾ।

Send this to a friend