April 23, 2026 5:27 pm

ਅਕਾਲ ਤਖਤ ਸਾਹਿਬ ਵੱਲੋਂ ਡਾ. ਸਰੂਪ ਸਿੰਘ ਅਲੱਗ ਨੂੰ ਸਨਮਾਨਿਤ ਕਰਨ ਦਾ ਫੈਸਲਾ

ਲੁਧਿਆਣਾ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕੌਮ ਦੇ ਮੰਨੇ ਪਰਮੰਨੇ ਵਿਦਵਾਨ ਵਕਤਾ ਤੇ ਉ¤ਘੇ ਗੁਰਮੁਖ ਲੇਖਕ, ਡਾ. ਸਰੂਪ ਸਿੰਘ ਅਲੱਗ ਚੇਅਰਮੈਨ ਅਲੱਗ ਸ਼ਬਦ ਯੱਗ ਟਰਸਟ ਲੁਧਿਆਣਾ ਨੂੰ ਹਾਲ ਹੀ ਵਿਚ ਅਕਾਲ ਤਖਤ ਸਾਹਿਬ ਤੇ ਹੋਈ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਸਰਬਸੰਮਤੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਡਾ. ਅਲੱਗ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਇਹ ਬਜ਼ੁਰਗ ਲੇਖਕ ਪੂਰੀ ਸ਼ਰਧਾ ਭਾਵਨਾ ਨਾਲ ਮਾਨਵਤਾ ਦੇ ਭਲੇ ਦੇ ਆਸ਼ੇ ਦੇ ਤਾਬੇ ਕਾਫੀ ਸਮੇਂ ਤੋਂ ਨਿਸ਼ਕਾਮ ਸੇਵਾ ਵਿੱਚ ਜੁਟਿਆ ਹੋਇਆ ਹੈ ਜਿਸ ਦੀ ਕੌਮ ਕਦਰ ਕਰਦੀ ਹੈ। ਡਾ. ਅਲੱਗ ਉਚ ਪਾਏ ਦਾ ਗੁਰਮਤਿ ਸਾਹਿਤ ਵੱਖ-ਵੱਖ ਭਾਸ਼ਾਵਾਂ ਵਿਚ ਲਿਖਕੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਛਪਵਾ ਕੇ ਸ਼ਬਦ ਦੇ ਲੰਗਰ ਦੇ ਰੂਪ ਵਿੱਚ ਵੰਡਣ ਦਾ ਇਕ ਨਵੇਕਲਾ ਕਾਰਜ ਸਫਲਤਾ ਪੂਰਵਕ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਨਮੁਖ ਰੱਖਦਿਆਂ, ਗੁਰੂ ਸਾਹਿਬ ਦੇ ਜੀਵਨ ਫਲਸਫੇ ਦਾ ਬੜੇ ਰੌਚਕ ਤੇ ਸਰਲ ਢੰਗ ਨਾਲ ਬਿਆਨ ਕਰਦੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਡਾ. ਅਲੱਗ ਨੇ ਤਿੰਨ ਪੁਸਤਕਾਂ ਲਿਖਿਆਂ ਹਨ ਤੇ ਉਨ੍ਹਾਂ ਦੇ ਹੁਣ ਤਕ 37 ਡੀਲਕਸ ਐਡੀਸ਼ਨ ਛਾਪਕੇ ਵੰਡੇ ਜਾ ਚੁੱਕੇ ਹਨ ਅਤੇ ਅਗਲੇ ਸਾਲ ਨਵੰਬਰ ਮਹੀਨੇ ਵਿਚ ਆਉਣ ਵਾਲੇ ਇਸ ਮਹਾਨ ਸੁਭਾਗੇ ਅਤੇ ਯਾਦਗਾਰੀ ਅਵਸਰ ਤਕ ਇੰਨ੍ਹਾਂ ਪੁਸਤਕਾਂ ਦੇ 100 ਐਡੀਸ਼ਨ ਛਾਪ ਕੇ ਵੰਡਣ ਲਈ ਉਨ੍ਹਾਂ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਡਾ. ਅਲੱਗ ਨੇ ਐਸ.ਜੀ.ਪੀ.ਸੀ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਤੇ ਹੋਰ ਸਿੰਘ ਸਾਹਿਬਾਨ ਦਾ ਧੰਨਵਾਦ ਕਰਦੇ ਹੋਏ ਬੜੀ ਨਿਰਮਾਣੀ ਭਾਵਨਾ ਨਾਲ ਇਹ ਕਹਿਣ ਵਿਚ ਸੰਤੋਖ ਪ੍ਰਗਟ ਕੀਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਸ਼ਲਾਘਾ ਜਨਕ ਫੈਸਲੇ ਨਾਲ ਉਨ੍ਹਾਂ ਨੂੰ ਹੋਰ ਵੱਧ ਲਗਨ ਤੇ ਉਤਸ਼ਾਹ ਨਾਲ ਕੰਮ ਕਰਨ ਦਾ ਮੌਕਾ ਪ੍ਰਦਾਨ ਹੋਇਆ ਹੈ ਅਤੇ ਕਈ ਨੌਜਵਾਨ ਲੇਖਕਾਂ ਨੂੰ ਇਸ ਨੇਕ ਨਿਰਨੇ ਨਾਲ ਨਵੀਂ ਸ਼ਕਤੀ ਪ੍ਰਾਪਤ ਹੋਵੇਗੀ।

Send this to a friend