April 23, 2026 9:04 am

ਆਤਮ ਪੜਚੋਲ ਦਾ ਮੌਕਾ ਹੈ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ

ਸਿਖ ਕੌਮ ਲਈ ਸੰਨ 2019 ਇਕ ਮਹਾਨ ਸਮਾਂ ਲਿਆਉਣ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਅਹਿਮ ਮੌਕਾ ਹੋਵੇਗਾ ਵਿਚਾਰਨ ਦਾ ਕਿ ਅਸੀਂ ਗੁਰੂ ਸਾਹਿਬ ਦੇ ਵਿਖਾਏ ਮਾਰਗ ਤੇ ਕਿਥੇ ਤਕ ਚਲੇ ਹਾਂ ਤੇ ਕਿਸ ਮੁਹਾਨੇ ਖੜੇ ਹਾਂ। ਮਹਾਪੁਰਖਾਂ , ਸੰਤਾਂ ਦੇ ਦਿਵਸ ਮਨਾਉਣ ਦਾ ਇਹੋ ਅਸਲ ਮਨੋਰਥ ਹੁੰਦਾ ਹੈ। ਇਕ ਸਿਖ ਲਈ ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਪ੍ਰਕਟ ਰੂਪ ਸਨ । ਇਸ ਕਾਰਣ ਮਨ ਦੀ ਸ਼ਰਧਾ ਤੇ ਭਾਵਨਾ ਦਾ ਸ਼ਿਖਰ ਤੇ ਜਾ ਪੁਜਣਾ ਸੁਭਾਵਕ ਹੈ। ਸੰਨ 2019 ਦੇ ਸਮਾਗਮਾ ਦੀਆਂ ਤਿਆਰੀਆਂ ਆਰੰਭ ਹੋ ਗਾਈਆਂ ਹਨ। ਪੰਜਾਬ ਸਰਕਾਰ ਨੇ ਇਸ ਲਈ ਕੇਂਦਰ ਸਰਕਾਰ ਤੋਂ 200 ਕਰੋੜ ਰੂਪਏ ਮੰਗੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਧਰ ਤੇ ਪ੍ਰੋਗ੍ਰਾਮ ਉਲੀਕ ਰਹੀ ਹੈ। ਜਦੋਂ ਕਿਸੇ ਮਹਾਪੁਰਖ ਜਾਂ ਆਮ ਮਨੁਖ ਨਾਲ ਸੰਬੰਧਤ ਵੀ ਕੋਈ ਦਿਵਸ ਮਣਾਇਆ ਜਾਂਦਾ ਹੈ , ਕੋਸ਼ਿਸ਼ ਹੁੰਦੀ ਹੈ ਕਿ ਇਸ ’ਚ ਉਸ ਦੀ ਸ਼ਖਸੀਅਤ ਨਜਰ ਆਵੇ। ਕੀ ਗੁਰੂ ਨਾਨਕ ਸਾਹਿਬ ਸੰਬੰਧਤ ਸਮਾਗਮ ਉਨ੍ਹਾਂ ਦੀ ਸੋਚ ਦੇ ਅਨੁਰੂਪ ਹੋਣਗੇ ਇਹ ਇਕ ਵਡਾ ਸਵਾਲ ਹੈ। ਜੇ ਨਹੀਂ ਤਾਂ ਇਨ੍ਹਾਂ ਵਿਸ਼ਾਲ ਸਮਾਗਮਾਂ ਦਾ ਸਾਰ ਕੀ ਨਿਕਲੇਗਾ।
ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸਿਧਾਂ , ਜੋਗੀਆਂ ਦਾ ਮੇਲ ਹੋਈਆਂ ਤਾਂ ਸਿਧਾਂ ਨੇ ਗੁਰੂ ਸਾਹਿਬ ਨੂੰ ਆਪਣੀ ਸ੍ਰੇਸ਼ਟਤਾ ਸਾਬਤ ਕਰਨ ਲਈ ਕੋਈ ਕਰਾਮਾਤ ਵਿਖਾਉਣ ਲਈ ਕਿਹਾ। ਗੁਰੂ ਸਾਹਿਬ ਨੇ ਕਿਹਾ ਕਿ ਉਨ੍ਹਾਂ ਕੋਲ ਪਰਮਾਤਮਾ ਦੇ ਨਾਲ ਤੋਂ ਬਿਨਾ ਹੋਈ ਕੁਝ ਨਹੀਂ ਹੈ “ ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਦਾ ਨਾਮ ਹੀ ਸੰਸਾਰ ਦੀ ਸਭ ਤੋਂ ਵਡੀ ਤਾਕਤ ਤੇ ਕਰਾਮਾਤ ਹੈ। ਮਨੁਖ ਅਗਨੀ ਦੇ ਵਸਤਰ ਪਾ ਲਵੇ ਜਾਂ ਬਰਫ਼ ਦਾ ਘਰ ਬਣਾ ਹਿਮਾਲੇ ਪਰਬਤ ਤੇ ਰਹਿਣ ਲਗ ਜਾਏ। ਲੋਹੇ ਦਾ ਭੋਜਨ ਕਰਨ ਲਗੇ, ਸਾਰੀ ਧਰਤੀ ਨੂੰ ਵਸ ’ਚ ਕਰ ਲਵੇ , ਸਾਰੀ ਧਰਤੀ ਤੇ ਆਕਾਸ਼ ਨੂੰ ਤਕੜੀ ਦੇ ਪਲੇ ਤੇ ਨਿਕੇ ਜਿਹੇ ਵਟੇ ਨਾਲ ਤੋਲ ਲਵੇ ਭਾਵ ਅਪਾਰ ਸ਼ਕਤੀਆਂ ਦਾ ਸੁਆਮੀ ਹੋ ਜਾਵੇ ਤਾਂ ਵੀ ਉਸ ਦੀਆਂ ਸ਼ਕਤੀਆਂ ਸਤਿਨਾਮ ਤੋਂ ਬਿਨਾ ਬਦਲ ਦੀ ਛਾਂ ਵਰਗੀਆਂ ਹਨ ਜੋ ਖਿਨ ’ਚ ਆਉਂਦੀ ਤੇ ਚਲੀ ਜਾਉਂਦੀ ਹੈ। ਬਾਹਰਲੀ ਸ਼ਕਤੀਆਂ , ਭੇਖ , ਵਿਖਾਵੇ ਗੁਰੂ ਨਾਨਕ ਸਾਹਿਬ ਦਾ ਮਾਰਗ ਨਹੀਂ ਸਨ। ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਕਿਰਤ ਕਰਨ ਵਾਲੇ ਭਾਈ ਲਾਲੋ ਜੀ ਦਾ ਮਾਣ ਸੀ, ਅੰਤਰ ਤਲ ਤੇ ਉਦਾਸੀ ਧਾਰਣ ਕਰਨ ਵਾਲੇ ਬਾਬਾ ਬੁਢਾ ਜੀ ਦਾ ਸਤਿਕਾਰ ਸੀ , ਸਮਰਪਣ ਨੂੰ ਜੀਵਨ ਜਾਚ ਬਣਾਉਣ ਵਾਲੇ ਭਾਈ ਲਹਿਣਾ ਜੀ ਦੀ ਗੁਰੂ ਅੰਗਦ ਸਾਹਿਬ ਦੇ ਰੂਪ ’ਚ ਸ਼ੋਭਾ ਸੀ। ਗੁਰੂ ਨਾਨਕ ਸਾਹਿਬ ਦੇ ਦਰ ਤੇ ਕਾਬਲ ‘ਚ ਘੋੜੇ ਖਰੀਦਨ ਵਾਲੇ , ਵਛੜੇ ਦੀ ਫਿਕਰ ਕਰਨ ਵਾਲੇ ਮਨਾਂ ਲਈ ਕੋਈ ਥਾਂ ਨਹੀਂ ਸੀ। ਗੁਰੂ ਸਾਹਿਬ ਦੇ ਦਰਬਾਰ ਵਿਚ ਸੁਣਿਐ ਸਤੁ ਸੰਤੋਖੁ ਗਿਆਨੁ “ ਤੇ “ ਮੰਨੈ ਪਾਵਹਿ ਮੋਖੁ ਦੁਆਰੁ “ ਦੀ ਵਿਲਖਣ ਸੰਗਤ ਤਿਆਰ ਹੋਈ ਸੀ। ਗੁਰੂ ਨਾਨਕ ਸਾਹਿਬ ਨੇ ਭੇਖ ਤੇ ਪਾਖੰਡ ਵਿਰੁਧ ਵਿਆਪਕ ਸਮਾਜਕ ਚੇਤਨਾ ਪੈਦਾ ਕੀਤੀ “ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ। ਧਰਮ ਯਾਤਰਾਵਾਂ ਤੋਂ ਬਾਅਦ ਕਰਤਾਰਪੁਰ ਆਏ ਗੁਰੂ ਨਾਨਕ ਸਾਹਿਬ ਦੀ ਵਡਿਆਈ ਸਾਰੇ ਸੰਸਾਰ ’ਚ ਵਰਤਨ ਲਗ ਪਈ। ਪਰ ਗੁਰੂ ਸਾਹਿਬ ਨੇ ਸੰਤਾਂ ਵਾਲਾ ਵੇਸ਼ ਉਤਾਰ ਕੇ ਆਮ ਗ੍ਰਿਹਸਥ ਵਾਲੇ ਵਸਤਰ ਧਾਰਣ ਕਰ ਲਏ ਸਨ। ਇਹ ਅਦੁਤੀ ਮਿਸਾਲ ਤੇ ਮਨੁਖੀ ਸਮਾਜ ਲਈ ਤਾਕਤਵਰ ਸੁਨੇਹਾ ਸੀ ਕਿ “ ਸਾਚੈ ਨਾਮ ਕੀ ਲਾਗੈ ਭੂਖ , ਤਿਤੁ ਭੂਖੈ ਖਾਇ ਚਲੀਅਹਿ ਦੂਖ “। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਸਚੇ ਨਾਮ ਦੀ ਭੁਖ ਲਾਉਣ ਵਾਲੇ ਹੋਣ ਜਾਂ ਆਪਣੇ ਨਾਮ ਦੀ ਭੁਖ ਤ੍ਰਿਪਤ ਕਰਨ ਵਾਲੇ ਇਸ ਦਾ ਫਰਕ ਕਰਨਾ ਚਾਹੀਦੇ।
ਸੰਨ 2017 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ 300 ਸਾਲਾ ਪ੍ਰਕਾਸ਼ ਪੁਰਬ ਵੀ ਸਿਖ ਕੌਮ ਲਈ ਇੰਨਾ ਹੀ ਅਹਿਮ ਮੌਕਾ ਸੀ ਸੰਸਾਰ ਨੂੰ ਗੁਰੂ ਸਾਹਿਬਾਨ ਦੀ ਵਡਿਆਈ ਤੇ ਸਿਖੀ ਸਿਧਾਂਤਾਂ ਤੋਂ ਜਾਣੂੰ ਕਰਾਉਣ ਦਾ। ਇਹ ਮੌਕਾ ਅਸੀਂ ਗੁਆ ਦਿਤਾ . ਆਮ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੋ ਸਕੀ ਕਿ ਅਸੀਂ ਇੰਨਾ ਮਹਾਨ ਦਿਵਸ ਮਨਾ ਰਹੇ ਸੀ। ਨਗਰ ਕੀਰਤਨ ਨਿਕਲ ਰਹੇ ਸਨ ਤੇ ਲੋਗ ਪੁਛ ਰਹੇ ਸਨ ਕਿ ਅਜ ਕੀ ਹੈ। ਕਮਿਆਂ , ਗਲਤੀਆਂ ਉਹ ਹੁੰਦੀਆਂ ਹਨ ਜੋ ਮੁੜ ਨਾ ਕੀਤੀਆਂ ਜਾਣ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਸਾਹਿਬ ਦੀਆਂ ਸਿਖਿਆਂ ਅਨੁਸਾਰ ਮਨਾਇਆ ਜਾਵੇ ਇਸ ਤੋਂ ਕਿਸੇ ਨੂੰ ਇਨਕਾਰ ਨਹੀਂ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ “ ਮਹਲ ਮਹਿ ਬੈਠੇ ਅਗਮ ਅਪਾਰ , ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ , ਜਿਸੁ ਗੁਰ ਕਾ ਸਬਦੁ ਰਤਨੁ ਆਚਾਰ। ਗੁਰ ਪੁਰਬ ਦੇ ਸਮਾਗਮਾ ਰਾਹੀਂ ਅਸੀਂ ਕਿਹੋ ਜਿਹਾ ਲਾਹਾ ਲੈਣਾ ਹੈ। ਵਡਿਆਂ ਸਟੇਜਾਂ , ਵੀ. ਆਈ . ਪੀ. ਬੁਲਾਰੇ, ਉਚੀਆਂ ਤਕਰੀਰਾਂ, ਨਾਮਚੀਨ ਰਾਗੀਆਂ ਤੇ ਕਥਾਕਾਰਾਂ ਦੀ ਸ਼ਮੂਲੀਅਤ ਨਾਲ ਮਿਲਣ ਵਾਲਾ ਲਾਹਾ ਖਿਨ ਪਲ ਦੀ ਸ਼ੋਹਰਤ ਤੇ ਕੁਝ ਚੰਗੇ ਫ਼ੋਟੋਗ੍ਰਾਫ਼ ਤੋਂ ਜਿਆਦਾ ਕੁਝ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਨੇ ਗੁਰੂ ਸ਼ਬਦ ਦੇ ਰਤਨ ਨੂੰ ਆਚਾਰ ਦਾ ਹਿਸਾ ਬਣਾ ਕੇ ਅੰਤਰ ਨੂੰ ਅੰਮ੍ਰਿਤ ਨਾਲ ਭਰਪੂਰ ਕਰਨ ਵਾਲੇ ਲਾਹੇ ਦੀ ਪ੍ਰੇਰਣਾ ਕੀਤੀ। ਸੇਮਿਨਾਰ , ਸਮਾਗਮ ਤਾਂ ਇਕ ਤੋਂ ਇਕ ਵਧ ਕੇ ਸੰਸਾਰ ‘ਚ ਨਿਤ ਹੋ ਰਹੇ ਹਨ . ਮੰਦਿਰਾਂ ਅੰਦਰ ਸਦੀਆਂ ਤੋਂ ਆਰਤੀ ਹੋ ਰਹੀ ਸੀ। ਗੁਰੂ ਨਾਨਕ ਸਾਹਿਬ ਦੀ ਸੋਚ ਉਸ ਨਾਲ ਨਹੀਂ ਜੁੜੀ ਕਿਉਂਕਿ ਉਹਨਾਂ ਦੀ ਇਲਾਹੀ ਦ੍ਰਿਸ਼ਟੀ “ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ “ ਦੀ ਆਰਤੀ ਵੇਖ ਰਹੀ ਸੀ। ਮੰਦਿਰਾਂ ਦੀ ਆਰਤੀ ਕਰਮਕਾਂਡ ਨਾਲ ਜੋੜਨ ਵਾਲੀ ਸੀ। ਗੁਰੂ ਸਾਹਿਬ ਦੀ ਦ੍ਰਿਸ਼ਟੀ ਪਰਮਾਤਮਾ ਦੀ ਵਿਸਮਾਦੀ ਸ੍ਰਿਸ਼ਟੀ ਨਾਲ ਜੋੜਨ ਵਾਲੀ ਸੀ। ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਪਰਮਾਤਮਾ ਨਾਲ ਜੋੜਨ ਲਈ ਪੂਰੇ ਸੰਸਾਰ ਦੀਆਂ ਯਾਤਰਾਵਾਂ ਕੀਤੀਆਂ। ਸਿਖ ਕੌਮ ਲਈ ਇਹ ਮੌਕਾ ਹੇਵੇਗਾ ਕਿ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਂ ਨੂੰ ਘਰ ਘਰ ‘ਚ ਪੁਜਾਣ ਦੇ ਜਤਨ ਕੀਤੇ ਜਾਣ। ਗੁਰੂ ਨਾਨਕ ਸਾਹਿਬ ਦਾ ਜੀਵਨ ਤੇ ਬਾਣੀ ਮਨੁਖਤਾ ਦਾ ਅਨਮੋਲ ਵਿਰਸਾ ਹੈ। ਇਸ ਵਿਰਸੇ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਲਈ ਵਡੇ ਸਮਾਗਮ ਨਹੀਂ ਪਿੰਡਾਂ , ਕਸਬਿਆਂ , ਨਗਰਾਂ ਦੀਆਂ ਗਲਿਆਂ ’ਚ ਨਿਕਲਣ ਦੀ ਲੋੜ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਿਖ ਕੌਮ ਲਈ ਆਤਮ ਪੜਚੋਲ ਦਾ ਵੀ ਮੌਕਾ ਹੈ। ਅਸੀਂ ਕਿਸ ਬਿਨ੍ਹਾ ਤੇ ਗੁਰੂ ਨਾਨਕ ਸਾਹਿਬ ਦਾ ਸਿਖ ਹੋਣ ਦਾ ਦਾਅਵਾ ਤੇ ਮਾਣ ਕਰਨ ਜਾ ਰਹੇ ਹਾਂ। ਕੀ ਇਸ ਦਾਅਵੇ ਦੀ ਬੁਨਿਆਦ ਮੁੜ ਜਾਤਾਂ , ਸੰਪ੍ਰਦਾਵਾਂ , ਉਂਚ – ਨੀਚ , ਅਮੀਰ – ਗਰੀਬ ‘ਚ ਵੰਡੇ ਗਏ ਸਿਖ ਸਮਾਜ ਤੇ ਰਖੀ ਜਾਣੀ ਹੈ। ਕੀ ਗੁਰੂ ਨਾਨਕ ਸਾਹਿਬ ਨੂੰ ਕਿੰਨੇ ਹੀ ਟੁਕੜਿਆਂ ‘ਚ ਦੁਫਾੜ ਹੋਈ ਸਿਖ ਕੌਮ ਨੇ ਅਕੀਦਤ ਪੇਸ਼ ਕਰਨੀ ਹੈ। ਕੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਰਹਿਨੁਮਾਈ ਭਿੰਨ ਭਿੰਨ ਨਗਰਾਂ ‘ਚ ਉਨ੍ਹਾਂ ਹਥਾਂ ‘ਚ ਹੋਣੀ ਹੈ ਜੋ ਗੁਰਦੁਆਰਾ ਪ੍ਰਬੰਧ ਤੇ ਕਬਜੇ ਲਈ ਇਕ ਦੂਜੇ ਦੇ ਖੂਨ ਦੇ ਪਿਆਸੇ ਰਹਿੰਦੇ ਹਨ ਤੇ ਗੁਰੂ ਘਰ ਦੀ ਥਾਂ ਅਦਾਲਤਾਂ ‘ਚ ਹਥ ਜੋੜ ਕੇ ਖੜੇ ਰਹਿੰਦੇ ਹਨ। ਗੁਰੂ ਦੀਆਂ ਬਾਤਾਂ ਗੁਰੂ ਦੇ ਹੁਕਮ ‘ਚ ਚਲਣ ਵਾਲੀਆਂ ਨੂੰ ਹੀ ਸ਼ੋਭਾ ਦਿੰਦਿਆਂ ਹਨ। ਸਾਡੀ ਸੋਚ , ਸਾਡਾ ਆਚਾਰ ਜੇ ਗੁਰੂ ਅਨੁਸਾਰ ਨਹੀਂ ਤਾਂ ਸਾਰੇ ਧਰਮ ਕਰਮ ਤੇ ਨੀਅਤ ਦੇ ਸਵਾਲ ਕਿਉਂ ਨਾ ਖੜੇ ਹੋਣ “ ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ “। ਵਡਿਆਈ ਗੁਰੂ ਦੇ ਹੁਕਮ ਅੰਦਰ ਰਹਿਣ ਵਿਚ ਹੈ “ ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ “। ਸਿਖ ਕੌਮ ਜਦੋਂ ਤਕ ਗੁਰੂ ਦੇ ਹੁਕਮ ਅੰਦਰ ਚਲਣਾ ਨਹੀਂ ਸਿਖਦੀ ਉਸ ਤੋਂ ਵਡਿਆਈ ਦੂਰ ਹੀ ਰਹਿਣੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਧਰਮ ਤੇ ਜੀਵਨ ਦੀ ਜੋ ਸੋਚ ਦੁਨਿਆ ਦੇ ਸਾਹਮਣੇ ਰਖੀ ਉਹ ਨਿਵੇਕਲੀ ਸੀ। ਜੀਵਨ ਦੇ ਹਰ ਪਖ ਨੂੰ ਗੁਰੂ ਸਾਹਿਬ ਨੇ ਗਿਆਨ ਤੇ ਗੁਣਾਂ ਨਾਲ ਜੋੜ ਕੇ ਵੇਖਿਆ। ਇਸ ਰਾਹ ‘ਚ ਰੋੜਾ ਬਣਨ ਵਾਲੀ ਹਰ ਪਰੰਪਰਾ , ਰਸਮ , ਸੋਚ ਤੇ ਵਰਤਨ ਨੂੰ ਗੁਰੂ ਸਾਹਿਬ ਨੇ ਸਿਰੇ ਤੋਂ ਖਾਰਿਜ ਕਰ ਦਿਤਾ ਭਾਵੇਂ ਉਹ ਕਿਤਾਬੀ ਗਿਆਨ ਸੀ , ਜਨੇਉ , ਸੌਦਾ , ਵਿਉਪਾਰ ਜਾਂ ਸੰਬੰਧਾਂ ਦਾ ਮੋਹ ਸੀ। ਜਿਸ ਗਿਆਨ ਨਾਲ ਪੂਰੇ ਸੰਸਾਰ ਨੂੰ ਰੋਸ਼ਨ ਕਰਨ ਦਾ ਮਿਸ਼ਨ ਗੁਰੂ ਸਾਹਿਬ ਨੇ ਅਰੰਭਿਆ ਸੀ ਅਜ ਦੇ ਵਿਗੜਦੇ ਸੰਸਾਰਕ ਹਾਲਾਤ ‘ਚ ਉਸ ਦੀ ਸਖਤ ਲੋੜ ਹੈ। ਗੁਰੂ ਸਾਹਿਬ ਨੇ ਮਨੁਖਤਾ ਨੂੰ ਸੰਪੂਰਣ ਜੀਵਨ ਸੋਚ ਬਖਸ਼ੀ ,ਤੇ ਸ਼ਬਦ ਨੂੰ ਇਸ ਦਾ ਮਾਧਿਅਮ ਬਣਾਇਆ। ਗੁਰੂ ਨਾਨਕ ਸਾਹਿਬ ਗਿਆਨ ਦੇ ਸੂਰਜ ਸਨ। ਪੰਜਾਬ ਸਰਕਾਰ ਤੇ ਹੋਰ ਸਿਰਮੌਰ ਸਿਖ ਜਥੇਬੰਦਿਆਂ ਦੀ ਜੇ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਨਾਲ ਥੋੜੀ ਵੀ ਨੇੜਤਾ ਬਣਦੀ ਹੈ ਤਾਂ ਇਸ ਮਹਾਨ ਅਉਸਰ ਨੂੰ ਸਦੀਵੀ ਯਾਦਗਾਰ ਬਣਾਉਣ ਲਈ ਪੂਰੇ ਭਾਰਤ ਅੰਦਰ ਯੂਨਿਵਰਸਿਟੀਆਂ , ਊਚੇ ਪਧਰ ਦੇ ਕਾਲਜ ਤੇ ਸਕੂਲ ਖੋਲਣ ਬਾਰੇ ਜਤਨਸ਼ੀਲ ਹੋਣ। ਗੁਰੂ ਨਾਨਕ ਸਾਹਿਬ ਦਾ ਪੂਰਾ ਜੀਵਨ ਸਾਦਗੀ ਭਰਿਆ ਸੀ। ਸਿਖ ਕੌਮ ਵਿਖਾਵਿਆਂ ਤੇ ਚਲ ਕੇ ਕਿਵੇਂ ਸਚੀ ਸਿਖੀ ਧਾਰਣ ਕਰਨ ਜੋਗ ਹੋ ਸਕੇਗੀ। ਸਮਾਂ ਬਦਲਿਆ ਹੈ। ਆਪਣੀ ਗਲ ਕਹਿਣ ਦੇ ਮਾਧਿਅਮ ਤੇ ਢੰਗ ਵੀ ਬਦਲੇ ਹਨ . ਬੇਸ਼ਕ ਸਮੇਂ ਦੇ ਨਾਲ ਚਲਣਾ ਚਾਹੀਦੇ ਪਰ ਬੁਨਿਆਦੀ ਅਸੂਲਾਂ ਦੀ ਕੀਮਤ ਤੇ ਨਹੀਂ। ਗੁਰੂ ਸਾਹਿਬਾਨ ਦਾ ਜੀਵਨ ਇਸ ਦੀ ਆਦਰਸ਼ ਮਿਸਾਲ ਹੈ।
ਅਜ ਸਿਖ ਕੌਮ ਨੂੰ ਕਦੇ ਨਫਰਤ ਤੇ ਹਿੰਸਾ ਦਾ , ਕਦੇ ਵਿਤਕਰੇ ਤੇ ਅਨਦੇਖੀ ਦਾ ਸ਼ਿਕਾਰ ਤੇ ਕਦੇ ਮਜਾਕ ਦਾ ਵਿਸ਼ਾ ਬਣਾਇਆ ਜਾਂਦਾ ਹੈ। ਇਹ ਸਿਲਸਿਲਾ ਭਾਰਤ ਦੀ ਆਜਾਦੀ ਤੋਂ ਬਾਅਦ ਨਿਰੰਤਰ ਚਲ ਰਿਹਾ ਹੈ . ਸਿਖਾਂ ਬਾਰੇ ਅਜੀਬੋ ਗਰੀਬ ਧਾਰਣਾਵਾਂ ਕਾਇਮ ਕਰ ਲਈਆਂ ਗਾਈਆਂ ਹਨ। ਇਨ੍ਹਾਂ ਦਾ ਮੂਲ ਕਾਰਣ ਹੈ ਕਿ ਅਸੀਂ ਸਿਖ ਗੁਰੂ ਸਾਹਿਬਾਨ , ਗੁਰਬਾਣੀ ਤੇ ਸਿਖ ਇਤਿਹਾਸ ਨੂੰ ਆਮ ਸਮਾਜ ਅੰਦਰ ਸੁਚਜੇ ਤੇ ਅਸਰਦਾਰ ਢੰਗ ਨਾਲ ਪੇਸ਼ ਹੀ ਨਹੀਂ ਕਰ ਸਕੇ। ਅਸੀਂ ਇਸ ਬਾਰੇ ਸੋਚਿਆ ਹੀ ਨਹੀਂ। ਬੜੀ ਹੈਰਾਨੀ ਹੁੰਦੀ ਹੈ ਜਦੋਂ ਸਿਖਾਂ ਬਾਰੇ ਆਮ ਲੋਕਾਂ ਦੀ ਸੋਚ ਨਾਲ ਸਾਹਮਣਾ ਹੋ ਜਾਂਦਾ ਹੈ। ਹਾਲ ‘ਚ ਹੀ ਇਕ ਪ੍ਰਸਿਧ ਟੀ.ਵੀ. ਚੈਨਲ ਤੇ ਸਿਖ ਫਿਲਮੀ ਕਲਾਕਾਰ ਤੇ ਗਾਇਕ ਦਲਜੀਤ ਦੁਸਾਂਝ ਨੂੰ ਕਿਸੇ ਕੁੜੀ ਨੇ ਸਵਾਲ ਕੀਤਾ ਕਿ ਪੰਜਾਬੀ ਹੋਣ ਦੇ ਬਾਵਜੂਦ ਤੁਸੀਂ ਸ਼ਰਾਬ ਨਹੀਂ ਪੀਂਦੇ। ਇਸ ਸਵਾਲ ਦੇ ਕਈੰ ਪਖ ਉਭਰਦੇ ਹਨ। ਪਹਿਲਾ ਇਹ ਧਾਰਣਾ ਪੰਜਾਬੀ ਤਾਂ ਸਿਖ ਸ਼ਰਾਬ ਪੀਣ ਵਾਲੇ ਹਨ . ਦੂਜਾ ਇਹ ਕਿ ਜਦੋਂ ਤਕ ਕੋਈ ਖਾਸ ਕਾਰਣ ਨਾ ਹੋਵੇ ਸਿਖ ਸ਼ਰਾਬ ਪੀਂਦੇ ਹੀ ਪੀਂਦੇ ਹਨ। ਤੀਜਾ ਇਹ ਕਿ ਪੰਜਾਬੀ ਤੇ ਸਿਖ ਵਿਚ ਕੋਈ ਫਰਕ ਨਹੀਂ। ਅਜਿਹੀ ਧਾਰਨਾ ਕਿਸੇ ਹੋਰ ਕੌਮ ਬਾਰੇ ਨਹੀਂ ਵਿਖਾਈ ਦਿੰਦੀ। ਇਹ ਕਿਉਂ ਨਹੀਂ ਆਮ ਲੋਕਾਂ ਦੇ ਸਾਹਮਣੇ ਰਖਿਆ ਜਾ ਰਿਹਾ ਕਿ ਨਾਮ ਜਪਣਾ , ਕਿਰਤ ਕਰਨਾ ਤੇ ਵੰਡ ਛਕਣਾ ਸਿਖ ਦਾ ਸੁਭਾਅ ਹੈ। ਵਿਕਾਰ , ਮਾਇਆ ਮੋਹ ਤਿਆਗਣਾ ਤੇ ਮਨ ਅੰਦਰ ਪਰਮਾਤਮਾ ਦਾ ਭੈ ਤੇ ਭਾਵ ਵਸਾਉਣਾ ਸਿਖ ਦੀ ਸਾਧਨਾ ਹੈ। ਗੁਰ ਸ਼ਬਦ ਅਨੁਸਾਰ ਜੀਵਨ ਜਿਉਣਾ ਉਸ ਦਾ ਸੰਕਲਪ ਹੈ। ਇਸ ਕਸੌਟੀ ਤੇ ਖਰੇ ਉਤਰਨ ਤੋਂ ਬਾਅਦ ਹੀ ਸਾਡਾ ਹਕ ਬਣਦਾ ਹੈ ਕਿ ਅਸੀਂ ਗੁਰੂ ਨਾਨਕ ਤੇ ਸਿਖ ਅਖਵਾਈਏ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਹਕਦਾਰ ਬਣੀਏ। ਸਮਾਗਮਾਂ ਤੇ ਕਰੋੜਾਂ ਰੂਪਏ ਖਰਚਣ ਦੀ ਥਾਂ “ ਸਿਖ ਤਾਂ ਸ਼ਰਾਬ ਪੀਂਦੇ ਨੇ “ ਦੀ ਸੋਚ ਨੂੰ “ ਸਿਖ ਤਾਂ ਸ਼ਰਾਬ ਨਹੀਂ ਪੀਂਦੇ “ ਵਿਚ ਬਦਲ ਸਕੀਏ ਇਹੋ ਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸਚਾ ਲਾਹਾ ਹੋਵੇਗਾ। ਆਉ ਸਿਖੀ ਕੁਚਜੀ ਤੋਂ ਸੁਚਜੀ ਤੇ ਗੁਣਵੰਤੀ ਬਣਾਉਣ ਬਾਰੇ ਸੋਚਿਏ।

Send this to a friend