ਬ੍ਰਿਕਸ ਸੰਮੇਲਨ ’ਚ ਲੈਣਗੇ ਹਿੱਸਾ, ਰਵਾਂਡਾ ਦੇ ਇੱਕ ਪਿੰਡ ਨੂੰ 200 ਗਾਉਆਂ ਕਰਨਗੇ ਭੇਂਟ
ਨਵੀਂ ਦਿੱਲੀ, 23 ਜੁਲਾਈ- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਵਾਂਡਾ (23 ਤੋਂ 24 ਜੁਲਾਈ), ਯੂਗਾਂਡਾ (24 ਤੋਂ 25 ਜੁਲਾਈ) ਅਤੇ ਦਖਣੀ ਅਫ਼ਰੀਕਾ (25 ਤੋਂ 27 ਜੁਲਾਈ) ਦੇ ਸਰਕਾਰੀ ਦੌਰੇ ‘ਤੇ ਰਵਾਨਾ ਹੋ ਗਏ ਹਨ। ਅਫ਼ਰੀਕੀ ਦੇਸ਼ਾਂ ਦੇ ਪੰਜ ਦਿਨਾਂ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਬ੍ਰਿਕਸ ਸੰਮੇਲਨ ’ਚ ਹਿੱਸਾ ਲੈਣਗੇ ਜਿਸ ’ਚ ਕੌਮਾਂਤਰੀ ਸ਼ਾਂਤੀ ਅਤੇ ਸੁਰਖਿਆ ਸਮੇਤ ਕਈ ਵਿਸ਼ਵ ਮਹੱਤਤਾ ਦੇ ਮੁਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ।ਇਹ ਦੌਰਾ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਰਵਾਂਡਾ ਦੌਰਾ ਹੋਵੇਗਾ। ਦੱਖਣੀ ਅਫ਼ਰੀਕਾ ਦੀ ਯਾਤਰਾ ਬ੍ਰਿਕਸ ਸਿਖਰ ਸੰਮੇਲਨ ਦੇ ਸੰਦਰਭ ਵਿਚ ਹੈ।ਪ੍ਰਧਾਨ ਮੰਤਰੀ ਦੇ ਰਵਾਂਡਾ ਅਤੇ ਯੂਗਾਂਡਾ ਦੌਰੇ ਦੌਰਾਨ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਦੁਵਲੀ ਮੀਟਿੰਗ, ਵਫ਼ਦ ਪਧਰੀ ਵਾਰਤਾ ਅਤੇ ਕਾਰੋਬਾਰੀਆਂ ਤੇ ਭਾਰਤੀ ਭਾਈਚਾਰੇ ਨਾਲ ਮੀਟਿੰਗ ਕਰਨਾਸ਼ਾਮਲ ਹਨ। ਰਵਾਂਡਾ ਵਿਚ ਪ੍ਰਧਾਨ ਮੰਤਰੀ ਜੈਨੋਸਾਈਡ ਮੈਮੋਰੀਅਲ ਦਾ ਦੌਰਾ ਕਰਨਗੇ ਅਤੇ ‘ਗਿਰਿੰਕਾ’ (ਪ੍ਰਤੀ ਪਰਿਵਾਰ ਇਕ ਗਾਂ) ’ਤੇ ਅਧਾਰਤ ਸਮਾਰੋਹ ਵਿਚ ਸ਼ਾਮਲ ਹੋਣਗੇ, ਜੋ ਪਾਲ ਕੈਗਮੇ ਵਲੋਂ ਵਿਅਕਤੀਗਤ ਤੌਰ ’ਤੇ ਸ਼ੁਰੂ ਕੀਤੀ ਗਈ ਰਵਾਂਡਾ ਦੀ ਇੱਕ ਰਾਸ਼ਟਰੀ ਸਮਾਜਕ ਸੁਰਖਿਆ ਯੋਜਨਾ ਹੈ।ਪ੍ਰਧਾਨ ਮੰਤਰੀ ਯੂਗਾਂਡਾ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ, ਯੁਗਾਂਡਾ ਸੰਸਦ ਨੂੰ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਸੰਬੋਧਨ ਕਰੇਗਾ।ਪ੍ਰਧਾਨ ਮੰਤਰੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨਾਲ ਦੁਵਲੀ ਮੀਟਿੰਗ ਕਰਨਗੇ ਅਤੇ ਬ੍ਰਿਕਸ ਸਿਖਰ ਸੰਮੇਲਨ ਤੇ ਬ੍ਰਿਕਸ ਨਾਲ ਸਬੰਧਤ ਹੋਰ ਮੀਟਿੰਗਾਂ ਵਿਚ ਹਿਸਾ ਲੈਣਗੇ।ਬ੍ਰਿਕਸ ਸਿਖਰ ਸੰਮੇਲਨ ਦੌਰਾਨ ਹਿੱਸਾ ਲੈ ਰਹੇ ਦੇਸ਼ਾਂ ਨਾਲ ਦੁਵਲੀਆਂ ਮੀਟਿੰਗਾਂ ਕਰਨ ਦੀ ਵੀ ਯੋਜਨਾ ਹੈ।
ਭਾਰਤ ਦਾ ਅਫ਼ਰੀਕਾ ਨਾਲ ਨਜ਼ਦੀਕੀ, ਨਿਘਾ ਅਤੇ ਦੋਸਤਾਨਾ ਰਿਸ਼ਤਾ ਹੈ ਅਤੇ ਦਖਣੀ ਅਫ਼ਰੀਕਾ ਵਿਚ ਵਡੀ ਗਿਣਤੀ ਵਿਚ ਮੌਜ਼ੁਦ ਭਾਰਤੀ ਭਾਈਚਾਰਾ ਇਸ ਮਜ਼ਬੂਤ ਵਿਕਾਸ ਭਾਈਵਾਲੀ ਵਿਚ ਮਹਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਰਖਿਆ, ਵਪਾਰ, ਸਭਿਆਚਾਰ, ਖੇਤੀਬਾੜੀ ਤੇ ਡੇਅਰੀ ਖੇਤਰ ਵਿਚ ਸਹਿਯੋਗ ਵਰਗੇ ਖੇਤਰਾਂ ਵਿਚ ਕਈ ਸਹਿਮਤੀ ਪਤਰਾਂ ਅਤੇ ਤਮਾਮ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ ਜਾਣੇ ਹਨ। ਭਾਰਤ ਦੀ ਵਿਦੇਸ਼ ਨੀਤੀ ਵਿਚ ਅਫ਼ਰੀਕਾ ਦੀ ਪ੍ਰਮੁਖ ਪ੍ਰਾਥਮਿਕਤਾ ਰਹੀ ਹੈ। ਇਸ ਦੌਰੇ ਨਾਲ ਅਫਰੀਕੀ ਦੇਸ਼ਾਂ ਨਾਲ ਤਾਲੁਕਾਤ ਸੁਧਰਣਗੇ।