ਬੇਭਰੋਸਗੀ ਮਤੇ ’ਤੇ ਬਹਿਸ ਕੱਲ੍ਹ, ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਕਰਾਂਗੇ ਉਜਾਗਰ : ਯਾਦਵ
ਨਵੀਂ ਦਿਲੀ, 18 ਜੁਲਾਈ- ਸੰਸਦ ਦੇ ਮੌਨਸੂਨ ਸੈਸ਼ਨ ਦੀ ਹੰਗਾਮੇਦਾਰ ਸ਼ੁਰੁਆਤ ਹੋਈ। ਪਹਿਲੇ ਹੀ ਦਿਨ ਵਿਰੋਧੀ ਧਿਰਾਂ ਵੱਲੋਂ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਪੀਕਰ ਸੁਮਿੱਤ੍ਰਾ ਮਹਾਜਨ ਨੇ ਪ੍ਰਵਾਨ ਕਰ ਲਿਆ। ਮਤੇ ’ਤੇ ਸ਼ੁੱਕਰਵਾਰ ਨੂੰ ਬਹਿਸ ਹੋਵੇਗੀ। ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ ਨੇ ਕੇਂਦਰ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਬੇਭਹੋਸਗੀ ਮਤੇ ਦੀ ਬਹਿਸ ’ਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਾਂਗੇ। ਭਾਜਪਾ ਦੇ ਕੇਂਦਰੀ ਮੰਤਰੀ ਰਾਮਦਾਸ ਅਠਵਲੇ ਨੇ ਕਿਹਾ ਕਿ ਇਸ ਮਤੇ ’ਤੇ ਅਸੀਂ ਵਿਰੋਧੀਆਂ ਖਿਲਾਫ ਸਪਸ਼ਟ ਬਹੁਮਤ ਸਾਬਿਤ ਕਰਾਂਗੇ ਅਤੇ ਉਨ੍ਹਾਂ ਲਈ ਹੱਦ ਤੋਂ ਵਧ ਆਤਮਵਿਸ਼ਵਾਸ ਚੰਗਾ ਨਹੀਂ। ਸੈਸ਼ਨ ਦੀ ਸ਼ੁਰੂਆਤ ਵਿੱਚ ਸ਼੍ਰੀ ਮੋਦੀ ਨੇ ਦੇਸ਼ ਹਿੱਤ ਦੇ ਕਈ ਮਹੱਤਵਪੂਰਨ ਮਸਲਿਆਂ ਬਾਰੇ ਵਿਆਪਕ ਤੌਰ ’ਤੇ ਚਰਚਾ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਰੇ ਰਾਜਨੀਤਿਕ ਦਲਾਂ ਦਾ ਸਹਿਯੋਗ ਮੰਗਿਆ। ਇਸ ਤੋਂ ਇਲਾਵਾ ਭੀੜ ਤੰਤਰ ਕਰਕੇ ਹੋਣ ਵਾਲੀਆਂ ਘਟਨਾਵਾਂ ਬਾਰੇ ਦੋਨਾਂ ਸਦਨਾਂ ’ਚ ਖੂਬ ਹੰਗਾਮਾ ਹੋਇਆ। ਵਿਰੋਧੀ ਧਿਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ। ਨਾਲ ਹੀ ਆਂਧ੍ਰ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਜੋਰਦਾਰ ਹੰਗਾਮਾ ਹੋਇਆ। ਕਾਂਗਰਸ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਆਤਮਹਤਿਆ ਅਤੇ ਮਹਿੰਗਾਈ ਦੇ ਮੁਦੇ ਉਤੇ ਵੀ ਘੇਰਨੇ ਦੀ ਤਿਆਰੀ ਵਿਚ ਹੈ।