ਖ਼ਬਰ ਹੈ ਕਿ ਨਸ਼ਿਆਂ ਦੇ ਮੁਦੇ ਉਤੇ ਇਕਜੁਟ ਹੋਣ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਤੀ ਪੇਸ਼ਕਸ਼ ਨੂੰ ਰਦ ਕਰਦਿਆਂ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਸਮਸਿਆ ਲਈ ਅਕਾਲੀ ਸਾਰੇ ਪੁਆੜੇ ਦੀ ਜੜ੍ਹ ਹਨ ਤੇ ਹੁਣ ਮਗਰਮਛ ਦੇ ਹੰਝੂ ਵਹਾਉਣ ਦਾ ਨਾਟਕ ਕਰ ਰਹੇ ਹਨ। ਕੈਪਟਨ ਨੇ ਸੁਖਬੀਰ ਵਲੋਂ ਨਸ਼ਿਆਂ ਤੇ ਬੇਅਦਬੀ ਦੇ ਮੁਦਿਆਂ ਦਾ ਸਿਆਸਤੀਕਰਨ ਨਾ ਕੀਤੇ ਜਾਣ ਦੇ ਸਦੇ ਦੀ ਖਿਲੀ ਉਡਾਈ ਹੈ। ਉਹਨਾ ਕਿਹਾ ਕਿ ਬਾਦਲ ਦੇ 10 ਸਾਲਾਂ ਦੇ ਮਾੜੇ ਰਾਜ ਵਿਚ ਦੋਹਾਂ ਨਾਜ਼ਕ ਮਸਲਿਆਂ ਨੂੰ ਵਧਣ-ਫੁਲਣ ਲਈ ਨਿਰਲਜਤਾ ਨਾਲ ਇਜ਼ਾਜਤ ਦਿਤੀ ਗਈ ਸੀ, ਜਿਸ ਤੇ ਪਰਦਾ ਪਾਉਣ ਲਈ ਹੁਣ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅਜਿਹੇ ਸਦੇ ਦੇਣ ਦਾ ਢਕਵੰਜ ਕੀਤਾ ਜਾ ਰਿਹਾ ਹੈ
ਨਸ਼ਿਆਂ ਉਤੇ ਸਿਆਸਤ ਹੋ ਰਹੀ ਆ। ਪਾਰਟੀਆਂ ਦੇ ਨੇਤਾ ਦੂਜੇ ਨਾਲ ਜੁਤ ਪਤਾਣ ਹੋ ਰਹੇ ਆ। ਲੁਚ-ਘੜਿਚੀਆ ਕਰ ਰਹੇ ਆ। ਫਫੇਕੁਟਣੀਆਂ ਗਲਾਂ ਨਾਲ ਸਿਧੇ ਮਸਲੇ ਨੂੰ ਉਲਝਾ ਰਹੇ ਆ। ਕੋਈ ਕਿਸੇ ਕਿਸਮ ਦਾ ਯਕੜ ਵਢ ਰਿਹਾ, ਕੋਈ ਸੜਕਾਂ ਉਤੇ ਨਸ਼ਿਆਂ ਵਿਰੁਧ ਧਮਚੜ ਪਾ ਰਿਹਾ। ਹਰ ਲਲੂ-ਪੰਜੂ ਅਫਲਾਤੂਨ ਬਣਿਆ ਨਸ਼ਿਆਂ ਨੂੰ ਪੰਜਾਬੋਂ ਭਜਾਉਣ ਦੀਆਂ ਗਲਾਂ ਕਰ ਰਿਹਾ ਭਾਵੇਂ ਉਹ ਆਪ ਨਸ਼ਿਆਂ ‘ਚ ਗਲਤਾਨ ਆ। ਪੰਜਾਬ ‘ਚ ਨਸ਼ਿਆਂ ਦੀ ਕਾਵਾਂ ਰੌਲੀ ਅਤੇ ਨਸ਼ਿਆਂ ਦੀ ਕੁੜ-ਕੁੜ ਨੇ ਹਰ ਕਿਸੇ ਨੂੰ ਭੰਬਲਭੂਸੇ ‘ਚ ਪਾਇਆ ਹੋਇਐ।
ਕੀ ਕਰੀਏ ਭਾਈ ਨਸ਼ੇ ਤਾਂ ਪਿੰਡਾਂ ਦੀਆਂ ਬਰੂਹਾਂ ਤਕ ਸੀਮਤ ਨਹੀਂ ਰਹੇ, ਖੁਡਾਂ ‘ਚ ਜਾ ਵੜੇ ਆ। ਕੀ ਕਰੀਏ ਭਾਈ ਨਸ਼ਿਆਂ ਨੇ ਪਿੰਡਾਂ ਸ਼ਹਿਰਾਂ ‘ਚ ਸਥਰ ਵਿਛਾ ਦਿਤੇ ਆ। ਕੀ ਕਰੀਏ ਭਾਈ ਨਸ਼ਈਆਂ ਤਾਂ ਪਿੰਡਾਂ ਸ਼ਹਿਰਾਂ ‘ਚ ਮਛਰ, ਭੁਬਕੜ ਖਾਣ ਵਾਲੀਆਂ ਕਿਰਲੀਆਂ ਤਕ ਨਹੀਂ ਛਡੀਆਂ। ਕੀ ਕਰੀਏ ਭਾਈ ਨਸ਼ਈਆਂ ਤਾਂ ਮਾਂ ਦੀਆਂ ਮੁਰਕੀਆਂ ਵੇਚ ਛਡੀਆਂ, ਘਰਾਂ ਦੇ ਭਾਂਡੇ ਤਕ ਕਿਨਾਰੇ ਲਾ ਛਡੇ, ਤ੍ਰੀਮਤਾਂ ਦੇ ਗਹਿਣੇ ਬਿਲੇ ਲਾ ਦਿਤੇ ਆ। ਦਗਦਗ ਕਰਦੀ ਜਵਾਨੀ ਨੰਗ-ਧੜੰਗੀ ਨਜ਼ਰ ਆਉਣ ਲਗੀ ਆ। ਹੁਣ ਤਾਂ ਭਾਈ ਪਿੰਡਾਂ, ਸ਼ਹਿਰਾਂ ਵਲ ਵੇਖਿਆਂ ਰੁਗ ਹੀ ਭਰਿਆ ਜਾਂਦਾ ਆ। ਖ਼ਬਰ ਜਦੋਂ ਛਪਦੀ ਆ,ਵਧ ਡੋਜ਼ ਨਾਲ ਚਾਰ, ਪੰਜ, ਸਤ ਜੁਆਨ ਦੁਨੀਆਂ ਤੋਂ ਤੁਰ ਗਏ ਆ ਤੇ ਹਾਕਮ ਸਿਆਸਤਾਂ ਕਰੀ ਜਾਂਦੇ ਆ ਤਾਂ ਮਨੋਂ ਆਹ ਨਿਕਲਦੀ ਆ, ਠਹੌਕੇ, ਹਾਵੇ, ਆਹਾਂ, ਕੂਕਾਂ ਸੁਣਦੇ ਹਾਂ, ਜਦ ਪੜ੍ਹੀਏ ਅਖ਼ਬਾਰ ਮਹੀਨੇ ਸਾਉਣ ‘ਚ। ਨੀਰੋ ਖ਼ੂਬ ਵਜਾਉਂਦਾ ਬੰਸਰੀਆਂ, ਜਲਦਾ ਪਿਆ ਪੰਜਾਬ ਮਹੀਨੇ ਸਾਉਣ ‘ਚਠ।
ਸਮੇਂ ਦੇ ਹਾਕਮ, ਘਬਰਾਏ ਥਰਥਰਾਏ ਸ਼ਬਦਾਂ ਨੂੰ ਕਤਲ ਕਰਨ ਲਈ ਨਿਕਲੇ
ਖ਼ਬਰ ਹੈ ਕਿ ਮੋਦੀ ਦੀ ਰੈਲੀ ‘ਚ ਕਾਲੇ ਕਪੜਿਆਂ ‘ਤੇ ਪਾਬੰਦੀ ਲਾ ਦਿਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਝੁਨਝੁਨੂ ‘ਚ ਇਕ ਰੈਲੀ ਦੌਰਾਨ ਰਾਜਸਥਾਨ ਦੀ ਮੁਖਮੰਤਰੀ ਵਸੁੰਧਰਾ ਰਾਜੇ ਦੀ ਰੈਲੀ ‘ਚ ਕੁਝ ਲੋਕਾਂ ਕਾਲੇ ਝੰਡੇ ਦਿਖਾਏ ਸਨ। ਰਾਜਸਥਾਨ ‘ਚ ਪ੍ਰਧਾਨ ਮੰਤਰੀ ਜਨਸੰਵਾਦ ਨਾਂਅ ਨਾਲ ਰੈਲੀ ਦਾ ਆਯੋਜਿਨ ਕੀਤਾ ਗਿਆ, ਪਰ ਇਸ ਮੌਕੇ ਉਹ ਲੋਕ ਕਥਿਤ ਤੌਰ ‘ਤੇ ਰੈਲੀ ਅੰਦਰ ਦਾਖਲ ਨਹੀਂ ਹੋ ਪਾਏ, ਜਿਹਨਾ ਨੇ ਕਾਲੀ ਸ਼ਰਟ, ਕਾਲੀ ਪੈਂਟ, ਜਾਂ ਕਾਲੀ ਬਨੈਣ ਤਕ ਪਾਈ ਹੋਈ ਸੀ ਜਾਂ ਕੋਈ ਵੀ ਕਾਲਾ ਕਪੜਾ ਪਾਇਆ ਹੋਇਆ ਸੀ।
ਜਿਧਰ ਮੋਦੀ ਜੀ ਜਾਂਦੇ ਨੇ, ਲੋਕੀ ਸਵਾਲ ਖੜੇ ਕਰੀ ਜਾਂਦੇ ਨੇ। ਪੁਛਦੇ ਨੇ ਲੋਕੀਂ ਕਿ ਜੀਨ ਪਾਉਣ ਵਾਲੀਆਂ ਕੁੜੀਆਂ ਤੇ ਪਾਰਕਾਂ ‘ਚ ਬੈਠੇ ਜੋੜਿਆ ਤੇ ਹਮਲੇ ਕਿਉਂ ਹੁੰਦੇ ਨੇ? ਪੁਛਦੇ ਨੇ ਲੋਕੀਂ ਕਿ ਰਾਜਸਥਾਨ ਪਹਿਲੂ ਖਾਨ ਨੂੰ ਆਪਣੀ ਡਾਇਰੀ ਲਈ ਖਰੀਦੀਆਂ ਵਛੀਆਂ ਲਿਆਉਂਦਿਆਂ ਕਿਉਂ ਮਾਰਿਅ? ਪੁਛਦੇ ਨੇ ਲੋਕੀਂ ਕਿ ਗੁਜਰਾਤ ‘ਚ ਦਲਿਤ ਲੜਕੀ ਦੇ ਤਨ ਦੇ ਸਾਰੇ ਕਪੜੇ ਲਾਹਕੇ ਮਾਰ-ਕੁਟਾਈ ਕਿਉਂ ਕੀਤੀ? ਪੁਛਦੇ ਨੇ ਲੋਕੀਂ ਨੇ ਚਾਰ ਸਾਲ ਪਹਿਲਾਂ ਵਾਲੇ ਚੋਣ ਵਾਅਦਿਆਂ ਦਾ ਕੀ ਬਣਿਆ?
ਤਾਂ ਫਿਰ ਕੀ ਕਰਨ ਵਿਚਾਰੇ ਮੋਦੀ ਭਗਤ? ਤਾਂ ਫਿਰ ਕੀ ਕਰਨ ਵਿਚਾਰੇ ਸਰਕਾਰੀ ਅਫਸਰ? ਉਹਨਾ ਮੋਦੀ ਜੀ ਦਾ ਭਾਸ਼ਨ ਤਾਂ ਲੋਕਾਂ ਨੂੰ ਸੁਨਾਉਣਾ ਹੋਇਆ। ਉਹਨਾ ਮੋਦੀ ਜੀ ਦੇ ਕੀਤੇ ਕੰਮਾਂ ਦਾ ਗੁਨਗਾਣ ਕਰਨਾ, ਕਰਾਉਣਾ ਹੋਇਆ। ਉਹ ਗਲੀਚੇ ਵਛਾਉਂਦੇ ਨੇ, ਲਾਲੋ-ਲਾਲ! ਉਹ ਸ਼ਮਿਆਨਾ ਸਜਾਉਂਦੇ ਨੇ ਸਫੈਦੋ-ਸਫੈਦ! ਉਹ ਝੰਡੀਆਂ ਲਗਾਉਂਦੇ ਨੇ, ਨੀਲੀਆਂ, ਪੀਲੀਆਂ, ਹਰੀਆਂ! ਉਹ ਦਰੀਆਂ ਉਤੇ ਚਾਦਰਾਂ ਵਿਛਾਉਂਦੇ ਨੇ ਚਿਟਮ-ਚਿਟੀਆਂ ਬਿਨ੍ਹਾਂ ਦਾਗੋਂ।
ਪਰ ਲੋਕ ਆ ਕਿ ਭੀੜਾਂ ਘਤ ਆ ਹੀ ਜਾਂਦੇ ਆ। ਪਰ ਲੋਕ ਆ ਕਿ ਹਰ ਪਾਸੇ ਛਾ ਹੀ ਜਾਂਦੇ ਆ। ਪਰ ਲੋਕ ਆ ਕਿ ਸਚੀ ਗਲ ਆਖ ਹੀ ਜਾਂਦੇ ਆ। ਤੇ ਵਿਚਾਰੇ ਹਾਕਮ, ਸਮੇਂ ਦੇ ਹਾਕਮ, ਘਬਰਾਉਂਦੇ ਨੇ, ਥਰਥਰਾਉਂਦੇ ਨੇ, ਸ਼ਬਦਾਂ ਦਾ ਜਾਲ ਵਿਛਾਉਂਦੇ ਨੇ ਅਤੇ ਸਚੀਆਂ ਸੁਨਣ ਤੋਂ ਆਤੁਰ ਸਚੇ ਸ਼ਬਦਾਂ ਨੂੰ ਕਤਲ ਕਰਨ ਤੇ ਵਿਰੋਧੀ ਸੁਰਾਂ ਨੂੰ ਬੰਦ ਕਰਨ ਦਾ ਫੁਰਮਾਨ ਸੁਣਾਉਂਦੇ ਨੇ।
ਕਰਮਾਂ ਦੇ ਮਾਰੇ, ਹੈਨ ਵਿਚਾਰੇ
ਖ਼ਬਰ ਹੈ ਕਿ ਕਾਂਗਰਸ ਪਾਰਟੀ ਤੇ ਤਿਖਾ ਹਮਲਾ ਕਰਦਿਆਂ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਹੁਣ ਬੇਲ ਗਡੀ ਕਹਿਕੇ ਬੁਲਾਇਆ ਜਾ ਰਿਹਾ ਹੈ ਕਿਉਂਕਿ ਇਸ ਦੇ ਲਈ ਨੇਤਾ (ਬੇਲ) ਜ਼ਮਾਨਤ ‘ਤੇ ਬਾਹਰ ਆਏ ਹੋਏ ਹਨ। ਰਾਜਸਥਾਨ ਦੀ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾ ਨੇ ਬੇਲ ਗਡੀ ਸ਼ਬਦ ਦੀ ਵਰਤੋਂ ਮਜ਼ਾਕੀਆਂ ਲਹਿਜੇ ‘ਚ ਕਰਦੇ ਹੋਏ ਕਿ ਕਾਂਗਰਸ ਦੇ ਮਹਾਂਰਥੀ ਅਜ ਕਲ (ਜ਼ਮਾਨਤ) ਬੇਲ ਤੇ ਬਾਹਰ ਹਨ। ਉਹਨਾ ਕਿਹਾ ਕਿ ਲੋਕਾਂ ਨੂੰ ਕਾਂਗਰਸ ਦੇ ਇਰਾਦਿਆਂ ਦੀ ਜਾਣਕਾਰੀ ਹੈ ਅਤੇ ਉਹਨਾ ਨੇ ਇਸ ਨੂੰ ਬੇਲ ਗਡੀ ਕਹਿਣਾ ਸ਼ੁਰੂ ਕਰ ਦਿਤਾ ਹੈ।
ਸਿਆਸੀ ਪਾਰਟੀਆਂ ਦਾ ਕੰਮ ਹੈ ਦੇਸ਼ ਲਈ ਕੁਝ ਕਰਨਾ। ਸਿਆਸੀ ਪਾਰਟੀਆਂ ਦਾ ਕੰਮ ਆ ਸਮਾਜ ਲਈ ਕੁਝ ਕਰਨਾ। ਜਦੋਂ ਸਿਆਸੀ ਪਾਰਟੀਆਂ ਤੇ ਉਹਨਾ ਦੇ ਕਾਰਕੁਨਾਂ ਦੇ ਲੋਕਾਂ ਲਈ ਸਮਾਜ ਲਈ ਕੰਮ ਮੁਕ ਜਾਂਦੇ ਆ, ਉਹ ਆਪਣੇ ਲਈ ਕੰਮ ਕਰਦੇ ਆ। ਆਪਣੇ ਬਚਿਆਂ ਲਈ ਕੰਮ ਕਰਦੇ ਆ, ਆਖਰ ਭਾਈ ਉਹ ਵੀ ਤਾਂ ਕਬੀਲਦਾਰ ਆ। ਕਬੀਲਦਾਰੀ ਕਰਦੇ ਕਰਦੇ, ਉਹ ਧੰਨ ਇਕਠਾ ਕਰਦੇ ਆ। ਲੋਕਾਂ ਨੂੰ ਲੁਟਦੇ ਆ। ਲੋਕਾਂ ਨੂੰ ਕੁਟਦੇ ਆ। ਅਤੇ ਫਿਰ ਲੁਟ-ਕੁਟ ‘ਚ ਫਸੇ ‘ਕਚਿਹਰੀ‘ ਜਾ ਚੜ੍ਹਦੇ ਆ। ਮੁਕਦਮੇ ਦਰਜ਼ ਕਰਵਾਉਂਦੇ ਆ। ਆਪਣਾ ਨਾਮ ਚਮਕਾਉਂਦੇ ਆ ਤੇ ਫਿਰ ਮੁੜਕੇ ਲੋਕਾਂ ਦੀ ਸੇਵਾ ਕਰਨ ਲਈ, ‘ਜਮਾਨਤਾਂ‘ ਕਰਵਾਉਂਦੇ ਆ। ਅਤੇ ਉਧਰ ਲੋਕ ਫਿਰ ਵੋਟਾਂ ਵੇਲੇ ਇਹਨਾ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਂਦੇ ਆ, ਫੁਲਾਂ ਦੀ ਥਾਂ ਮਿਹਨਿਆਂ ਦਾ ਗਲ ਹਾਰ ਪਾਉਂਦੇ ਆ। ਵੋਟਾਂ ਦੀ ਥਾਂ ਇਹਨਾ ਦੇ ਪਲੇ ਖੇਹ ਪਾਉਂਦੇ ਆ।
ਉਂਜ ਭਾਈ ਕਾਂਗਰਸ ਹੋਵੇ ਜਾਂ ‘ਆਪ‘! ਅਕਾਲੀ ਹੋਣ ਜਾਂ ਬਾਜਪਾਈ! ਜ਼ਮਾਨਤੋਂ-ਜ਼ਮਾਨਤੀ ਹੋਏ ਪਏ ਆ। ਇਕ ਨੂੰ ਕਹੀਏ ਇਥੇ ਤਾਂ ਆਵਾ ਹੀ ਊਤਿਆ ਹੋਇਆ। ਤਾਹਨੇ ਮਿਹਣੇ ਕੋਈ ਭਾਵੇਂ ਇਕ ਦੂਜੇ ਨੂੰ ਭਾਵੇਂ ਜਿੰਨੇ ਮਰਜ਼ੀ ਦਿੰਦਾ ਤੁਰਿਆ ਫਿਰੇ। ਹੈ ਤਾਂ ਇਹ ਸਾਰੇ ਇਕ ਬੈਲ ਗਡੀ ਜਾਂ ਕਹਿ ਲਉ ‘ਬੇਲ‘ ਗਡੀ ਦੇ ਸਵਾਰ ਆ! ਹੈ ਕਿ ਨਾ। ਪਰ ਇਹ ਠਬੇਲੀਆਂਠ, ਇਹਨਾ ਠਵੈਲੀਆਂਠ ਜਾਂ ਬੈਲ ਗਡੀ ਵਾਲਿਆਂ ਦੀ ਹਾਲਤ ਹੈ ਤਾਂ ਇਕੋ ਜਿਹੀ। ਕਰਮਾਂ ਦੇ ਮਾਰੇ, ਹੈਨ ਵਿਚਾਰੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਆਪਣੀ ਜੀ ਡੀ ਪੀ ਦਾ ਸਿਰਫ ਇਕ ਫੀਸਦੀ ਸਿਹਤ ਸੇਵਾਵਾਂ ਉਤੇ ਖਰਚ ਕਰਦਾ ਹੈ ਜੋ ਕਿ ਨੇਪਾਲ ਤੋਂ ਵੀ ਘਟ ਹੈ।
ਭਾਰਤ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2016 ਵਿਚ 54723 ਬਚੇ ਅਗਵਾ ਹੋਏ ।
ਭਾਰਤ ਵਿਚ ਗਰਭਵਤੀ ਔਰਤਾਂ ਵਿਚ ਅਨੀਮੀਆ (ਖੂਨ ਦੀ ਕਮੀ) ਦਾ ਪ੍ਰਸਾਰ 50 ਫੀਸਦੀ ਹੈ, ਜੋ ਪਾਕਿਸਤਾਨ ਨੂੰ ਛਡਕੇ ਸਾਰੇ ਦਖਣੀ ਏਸ਼ਿਆਈ ਦੇਸ਼ਾਂ ਦੀ ਤੁਲਨਾ ‘ਚ ਵਧ ਹੈ। ਪਾਕਿਸਤਾਨ ‘ਚ ਇਹ ਵਾਧਾ 51 ਫੀਸਦੀ ਹੈ।
ਦੁਨੀਆਂ ਵਿਚ ਵੀ ਆਈ ਪੀ ਕਲਚਰ ਪ੍ਰਫੁਲਤ ਹੋ ਰਿਹਾ ਹੈ। ਬਰਤਾਨੀਆ ਵਿਚ 84, ਫਰਾਂਸ ਵਿਚ 109, ਜਪਾਨ ਵਿਚ 125, ਜਰਮਨੀ ‘ਚ 142, ਅਮਰੀਕਾ ਵਿਚ 252, ਰੂਸ ਵਿਚ 312, ਚੀਨ ਵਿਚ 435 ਵੀ ਆਈ ਪੀ ਹਨ। ਪਰ ਇਕਲੇ ਭਾਰਤ ਦੇਸ਼ ਮਹਾਨ ਵਿਚ 5,79,092 ਵੀ ਆਈ ਪੀ ਹਨ।
ਇੱਕ ਵਿਚਾਰ
ਜੇਕਰ ਤੁਸੀਂ ਸਚ ਬੋਲਦੇ ਹੋ ਤਾਂ ਤੁਹਾਨੂੰ ਕੁਝ ਯਾਦ ਰਖਣ ਦੀ ਲੋੜ ਨਹੀਂ। … ਮਾਰਕ ਟਵੇਨ