ਕਾਂਗਰਸ ਪ੍ਰਧਾਨ ਜਾਖਲ ਦੇ ਭੀਖੀ ਦੌਰੇ ਦੀ ਹੋਈ ਕਿਰਕਿਰੀ
ਭੀਖੀ, 7 ਜੁਲਾਈ (ਚਹਿਲ)-ਭੀਖੀ ਵਿਖੇ ਕਾਂਗਰਸੀ ਵਰਕਰਾਂ ਦੀਆਂ ਸ਼ਿਕਾਇਤਾਂ ਤੇ ਭਾਵਨਾਵਾਂ ਜਾਨਣ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਵਰਕਰਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਵਰਕਰਾਂ ਨੇ ਆਪਣੀਆਂ ਭਾਵਨਾਵਾਂ ਜਾਹਿਰ ਕਰਦਿਆ ਕਿਹਾ ਕਿ ਮਾਨਸਾ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਦਾ ਕੋਈ ਨੁਮਾਇੰਦਾ ਨਾ ਹੋਣ ਕਾਰਨ ਅਫਸਰਸ਼ਾਹੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਜਿਸ ਕਾਰਨ ਪਿੰਡਾਂ ਅੰਦਰ ਪੰਚਾਇਤੀ, ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰ ਨਹੀਂ ਲੱਭ ਰਹੇ।ਉਨ੍ਹਾਂ ਕਿਹਾ ਕਿ ਅਗਰ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਦਾ ਇਹੀ ਹਾਲ ਰਿਹਾ ਤਾਂ ਪਾਰਟੀ ਆਪਣੀ ਹੋਂਦ ਗਵਾ ਬੈਠੇਗੀ ਅਤੇ ਲੋਕ ਸਭਾ ਚੋਣਾਂ ਜਿੱਤਣੀਆਂ ਔਖੀਆਂ ਹੋ ਜਾਣਗੀਆਂ। ਵਰਕਰਾਂ ਨੇ ਕਿਹਾ ਕਿ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿੱਚ ਜਿਲੇ ਦੀਆਂ ਤਿੰਨੇ ਸੀਟਾਂ ਗਵਾ ਕੇ ਪਾਰਟੀ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਤਿਹਾਸ ਦੁਹਰਾਇਆ ਜਾ ਸਕਦਾ ਹੈ।
ਕੈਪਟਨ ਦੇ ਓ.ਐਸ.ਡੀ. ਕੈਪਟਨ ਸੰਧੂ ਦੀ ਹਾਜ਼ਰੀ ਵਿੱਚ ਹੋਈ ਨਾਅਰੇਬਾਜੀ- ਜ਼ਿਲ੍ਹਾ ਕਾਂਗਰਸ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਪਾਰਟੀ ਦੇ ਜਿਲਾ ਪ੍ਰਧਾਨ ਨੂੰ ਪੁੱਛੇ ਬਿਨਾਂ ਮੀਟਿੰਗ ਦਾ ਸਥਾਨ ਕਿਓਂ ਬਦਲਿਆ ਗਿਆ,ਜਿਸ ਤੋਂ ਖਫਾ ਹੋ ਕੇ ਜਦੋਂ ਉਨ੍ਹਾਂ ਮਾਇਕ ਤੋਂ ਇਹ ਗੱਲ ਕਹੀ ਤਾਂ ਕਾਫੀ ਵਰਕਰਾਂ ਨੇ ਇਸ ’ਤੇ ਰੋਸ ਪ੍ਰਗਟ ਕਰਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਕੈਪਟਨ ਸੰਦੀਪ ਸੰਧੂ ਦੀ ਹਾਜ਼ਰੀ ਵਿੱਚ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਹਲਕੇ ਤੋਂ ਬਾਹਰਲੇ ਲੋਕ ਆ ਕੇ ਉਨ੍ਹਾਂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਦੇ ਹਨ।ਜਦੋਂ ਖਫਾ ਹੋਏ ਵਰਕਰ ਉਠ ਕੇ ਜਾਣ ਲੱਗੇ ਤਾਂ ਕੈਪਟਨ ਸੰਧੂ ਦੀ ਦਖਲ ਅੰਦਾਜੀ ਨੇ ਉਨ੍ਹਾਂ ਨੂੰ ਬੈਠਾ ਲਿਆ।
ਕੈਪਟਨ ਸੰਧੂ ਔਖੇ-ਭਾਰੇ ਹੋਏ- ਮੋਫਰ ਅਤੇ ਅਤੇ ਬਾਂਸਲ ਧੜੇ ਦੇ ਸਮਰਥਕ ਆਹਮੋ-ਸਾਹਮਣੇ ਆ ਜਾਣ ਕਾਰਨ ਹਾਲ ਵਿੱਚ ਇੱਕ ਦੂਸਰੇ ਖਿਲਾਫ਼ ਨਾਅਰੇਬਾਜ਼ੀ ਵੀ ਹੋਈ ਤੇ ਸਥਿਤੀ ਖਰਾਬ ਹੋਣ ’ਤੇ ਓ.ਐਸ.ਡੀ. ਸੰਧੂ ਨੇ ਦਖਲ ਦਿੱਤਾ ਪ੍ਰੰਤੂ ਵਰਕਰਾਂ ਨੇ ਕੈਪਟਨ ਸੰਧੂ ਦੀ ਸ਼ੈਲੀ ਵੀ ਕੋਈ ਪ੍ਰਭਾਵ ਨਾ ਛੱਡ ਸਕੀ।ਕਾਫੀ ਦੇਰ ਤੱਕ ਹੰਗਾਮਾ ਚਲਦਾ ਰਿਹਾ,ਤਕਰਾਰ ਬਾਜ਼ੀ ਦੌਰਾਨ ਕਾਂਗਰਸੀਆਂ ਦੀਆਂ ਫੋਟੋਆਂ ਖਿੱਚ ਰਹੇ ਪੱਤਰਕਾਰਾਂ ’ਤੇ ਵੀ ਕੈਪਟਨ ਸੰਧੂ ਔਖੇ-ਭਾਰੇ ਹੋਏ। ਸਮਾਗਮ ਦੌਰਾਨ ਗੁਰਪ੍ਰੀਤ ਕੌਰ ਗਾਗੋਵਾਲ ਦਾ ਧੜ੍ਹਾ ਬੇਸ਼ਕ ਖਾਮੋਸ ਰਿਹਾ ਪ੍ਰੰਤੂ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਪ੍ਰਸ਼ਾਸਨ ’ਤੇ ਅਣਦੇਖੀ ਦਾ ਰੋਣਾ ਰੋ ਰਿਹਾ ਸੀ।



