Skip to content
Independent perspectives. Global stories.
BREAKING

ਸ. ਨਵਜੋਤ ਸਿੰਘ ਸਿੱਧੂ ਵੱਲੋਂ ਏਸ਼ੀਅਨ ਵਿਕਾਸ ਬੈਂਕ ਦੇ ਭਾਰਤੀ ਮੁਖੀ ਕੈਨਿਚੀ ਯੋਕੋਆਮਾ ਨਾਲ ਮੁਲਾਕਾਤ

Share this story

ਬੈਂਕ ਦੀ ਸਹਾਇਤਾ ਨਾਲ ਮੁੱਖ ਮੰਤਰੀ ਦੇ ਵਿਕਾਸ ਏਜੰਡੇ ਨੂੰ ਪਹਿਨਾਇਆ ਜਾਵੇਗਾ ਅਮਲੀ ਜਾਮਾ : ਸ. ਸਿੱਧੂ

ਚੰਡੀਗੜ੍ਹ/ਨਵੀਂ ਦਿੱਲੀ, 5 ਜੁਲਾਈ- ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਦੋਵੇਂ ਵਿਭਾਗਾਂ ਉਚ ਅਧਿਆਕੀਆਂ ਨੂੰ ਨਾਲ ਲੈ ਕੇ ਦੋਵਾਂ ਵਿਭਾਗਾਂ ਦੇ ਵੱਕਾਰੀ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਸਬੰਧੀ ਅੱਜ ਇਥੇ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ.) ਦੇ ਭਾਰਤੀ ਰੈਜੀਡੈਂਟ ਮਿਸ਼ਨ ਦੇ ਕੌਮੀ ਮੁਖੀ ਸ੍ਰੀ ਕੈਨਿਚੀ ਯੋਕੋਆਮਾ ਨਾਲ ਮੁਲਾਕਾਤ ਕੀਤੀ ਗਈ। ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਵੱਲੋਂ ਬਣਾਈਆਂ ਪੇਸ਼ਕਾਰੀਆਂ ਨੂੰ ਦੇਖਣ ਉਪਰੰਤ ਏ.ਡੀ.ਬੀ. ਵੱਲੋਂ ਪ੍ਰਾਜੈਕਟਾਂ ਲਈ ਵਿੱਤੀ ਸਹਾਇਤਾ ਦੇਣ ਦੀ ਹਾਮੀ ਭਰੀ ਗਈ। ਮੀਟਿੰਗ ਦੇ ਵੇਰਵੇ ਦਿੰਦੇ ਸ.ਸਿੱਧੂ ਨੇ ਦੱਸਿਆ ਕਿ ਬੈਂਕ ਵੱਲੋਂ ਹਾਮੀ ਭਰਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਕਾਸਮੁਖੀ ਸੋਚ ਅਨੁਸਾਰ ਉਲੀਕੇ ਗਏ ਪ੍ਰਾਜੈਕਟਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਇਹ ਵੱਡੀ ਰਾਹਤ ਹੋਵੇਗੀ ਕਿ ਬੈਂਕ ਨੇ ਲੰਬੇ ਸਮੇਂ ਦੇ ਕਰਜ਼ੇ ਦੇਣ ਦੀ ਹਾਮੀ ਭਰ ਲਈ ਹੈ ਅਤੇ ਇਨ੍ਹਾਂ ਦੀ ਵਿਆਜ਼ ਦਰ ਵੀ ਨਾਂਮਾਤਰ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਸਾਰਥਿਕ ਨਤੀਜਿਆਂ ਨਾਲ ਸਥਾਨਕ ਸਰਕਾਰਾਂ ਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੀਆਂ ਤਮੰਨਾਵਾਂ ਨੂੰ ਨਵੀਂ ਉਡਾਣ ਮਿਲੇਗੀ ਅਤੇ ਹੁਣ ਜਿੱਥੇ ਸ਼ਹਿਰਾਂ ਦੀ ਮੁਕੰਮਲ ਕਾਇਆ ਕਲਪ ਹੋਵੇਗੀ ਉਥੇ ਪੰਜਾਬ ਦੇ ਪ੍ਰਮੁੱਖ ਸੈਰ ਸਪਾਟਾ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਨਗੇ। ਬੈਂਕ ਦੇ ਕੌਮੀ ਮੁਖੀ ਵੱਲੋਂ ਆਉਂਦੇ ਸਮੇਂ ਵਿੱਚ ਮੁੱਖ ਮੰਤਰੀ ਜੀ ਨਾਲ ਵੀ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਹੋਰ ਵੀ ਸਾਰਥਿਕ ਨਤੀਜੇ ਨਿਕਲਣਗੇ। ਸ.ਸਿੱਧੂ ਨੇ ਦੱਸਿਆ ਕਿ ਸਮਾਰਟ ਸਿਟੀ, ਅਮਰੁਤ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਮੁੜ ਬਹਾਲੀ ਲਈ 5598 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਏਸ਼ੀਅਨ ਬੈਂਕ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਮਿਲ ਕੇ ਹਿੱਸਾ ਹੋਵੇਗਾ। ਉਨ੍ਹਾਂ ਉਕਤ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਸਮਾਰਟ ਸਿਟੀ ਦਾ ਪ੍ਰਾਜੈਕਟ 2943 ਕਰੋੜ ਰੁਪਏ ਦਾ ਹੈ ਜਿਸ ਵਿੱਚ ਏ.ਡੀ.ਬੀ. ਵੱਲੋਂ 1606 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਦਾ ਹਿੱਸਾ 1337 ਕਰੋੜ ਰੁਪਏ ਹੋਵੇਗਾ। ਇਸ ਨਾਲ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੀ ਮੁਕੰਮਲ ਕਾਇਆ ਕਲਪ ਕੀਤੀ ਜਾਵੇਗੀ ਜਿਸ ਵਿੱਚ ਅੰਦਰੂਨੀ ਬੁਨਿਆਦੀ ਢਾਂਚਾ, ਸ਼ਹਿਰੀ ਆਵਾਜਾਈ ਸਿਸਟਮ, ਸੀਵਰੇਜ, ਸੈਨੀਟੇਸ਼ਨ ਆਦਿ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ 16 ਸ਼ਹਿਰਾਂ ਲਈ ਅਮਰੁਤ ਪ੍ਰਾਜੈਕਟ ਤਹਿਤ 2426 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਜਿਸ ਵਿੱਚ ਏ.ਡੀ.ਬੀ. ਵੱਲੋਂ 1387 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਵੱਲੋਂ 1039 ਕਰੋੜ ਰੁਪਏ ਹਿੱਸਾ ਪਾਇਆ ਜਾਵੇਗਾ। ਸ਼ਹਿਰ ਵਾਸੀਆਂ ਨੂੰ ਸਾਫ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕਰਨ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਟਿਆਲਾ ਵਾਸਤੇ ਏ.ਡੀ.ਪੀ. ਦਾ 699.18 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ। ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਪ੍ਰਾਜੈਕਟਾਂ ਬਾਰੇ ਏਸ਼ੀਅਨ ਵਿਕਾਸ ਬੈਂਕ ਨਾਲ ਹੋਈਆਂ ਵਿਚਾਰਾਂ ਬਾਰੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਪੁਰਾਣੇ ਚੱਲ ਰਹੇ ਪ੍ਰਾਜੈਕਟ 2020 ਤੱਕ ਮੁਕੰਮਲ ਕੀਤੇ ਜਾਣਗੇ ਅਤੇ ਨਵੇਂ ਉਲੀਕੇ ਗਏ ਪ੍ਰਾਜੈਕਟਾਂ ਨੂੰ 2022 ਤੱਕ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਏ.ਡੀ.ਬੀ. ਦੇ ਵਫਦ ਅੱਗੇ ਅੱਜ ਇਹ ਪੇਸ਼ਕਾਰੀ ਵੀ ਰੱਖੀ ਗਈ ਕਿ ਪੰਜਾਬ ਅੰਦਰ ਮੌਜੂਦ ਇਤਿਹਾਸਕ ਸਥਾਨਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਇਨ੍ਹਾਂ ਦੀ ਕਾਇਆ ਕਲਪ ਕਰਨ ਦੀ ਲੋੜ ਹੈ ਜਿਸ ਵਿੱਚ ਸੈਲਾਨੀਆਂ ਲਈ ਮੁੱਢਲੀਆਂ ਸਹੂਲਤਾਂ, ਕੈਫੇਟੇਰੀਆ, ਲੈਂਡ ਸਕੇਪਿੰਗ, ਪਾਰਕਿੰਗ, ਸੂਚਨਾ ਕੇਂਦਰ ਆਦਿ ਮੌਜੂਦ ਹੋਵੇ। ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ, ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਤੇ ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਸਮੇਤ ਵਿਭਾਗਾਂ ਦੇ ਉਚ ਅਧਿਕਾਰੀ, ਏਸ਼ੀਅਨ ਵਿਕਾਸ ਬੈਂਕ ਦੇ ਭਾਰਤੀ ਰੈਂਜੀਡੈਂਟ ਮਿਸ਼ਨ ਦੇ ਪ੍ਰਾਜੈਕਟ ਅਫਸਰ (ਸ਼ਹਿਰੀ) ਸ੍ਰੀ ਵਿਵੇਕ ਵਿਸ਼ਾਲ, ਸ੍ਰੀਮਤੀ ਆਭਾ ਨਰਾਇਣ ਲਾਂਬਾ, ਨਾਈਟ ਫਰੈਂਕ ਦੇ ਸ੍ਰੀ ਮੋਸ਼ੇ ਸੁਕੇਨਿਕ ਆਦਿ ਹਾਜ਼ਰ ਸਨ।

WRITTEN BY