ਮੌੜ ਮੰਡੀ, 4 ਜੁਲਾਈ (ਰੇਸ਼ਮ ਸਿੰਘ ਕੁੱਬੇ)- ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਦੇ ਭਰੋਸੇ ’ਤੇ ਸੂਬੇ ’ਚੋ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੀਆਂ ਪੰਜਾਬ ’ਚ ਨਸ਼ਾ ਵਿਰੋਧ ਚੱਲ ਰਹੀਆਂ ਲਹਿਰਾਂ ਨੇ ਚਿੱਟੇ ਦੇ ਅੱਡਿਆਂ ਦੀ ਪਰਤਾਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ । ਜਿਸਦੇ ਤਹਿਤ ਅੱਜ ਇਨਕਲਾਬ ਜਿੰਦਾਬਾਦ ਮੁਹਿੰਮ ਦੇ ਮੁਖੀ ਬਾਬਾ ਦਵਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਪਿੰਡ ਮੌੜ ਕਲਾਂ ਦੇ ਤਿੰਨ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ਕੁੱਤੀਵਾਲ ਵਿਖੇ ਚਿੱਟਾ ਵੇਚਣ ਦਾ ਧੰਦਾ ਬੰਦ ਕਰਨ ਦਾ ਐਲਾਨ ਕਰ ਦਿੱਤਾ । ਬੇਸ਼ਕ ਕੈਪਟਨ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਸੂਬੇ ਨੂੰ ਨਸ਼ਾ ਮੁਕਤ ਕਰਨ ’ਚ ਅਸਫਲ ਰਿਹਾ । ਪ੍ਰੰਤੂ ਪੰਜਾਬ ’ਚ ਚੱਲੀ ਲੋਕ ਲਹਿਰ ਨੇ ਨਸ਼ਾ ਤਸਕਰਾਂ ਨੂੰ ਚਿੱਟੇ ਦਾ ਕਾਰੋਬਾਰ ਛੱਡਣ ਲਈ ਮਜਬੂਰ ਕਰ ਦਿੱਤਾ । ਏਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਬਾ ਦਵਿੰਦਰ ਸਿੰਘ ਵੱਲੋਂ ਬੀਤੇ ਦਿਨ ਮੌੜ ਮੰਡੀ ਵਿਖੇ ਕੱਢੇ ਗਏ ਨਸ਼ਾ ਵਿਰੋਧੀ ਮਾਰਚ ਦੌਰਾਨ ਨਸ਼ਾ ਤਸਕਰਾਂ ਨੂੰ 5 ਜੁਲਾਈ ਤੱਕ ਚਿੱਟੇ ਦਾ ਧੰਦਾ ਬੰਦ ਕਰਨ ਦੀ ਅਪੀਲ ਕੀਤੀ ਸੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਣ ਦਾ ਧੰਦਾ ਕਰੇਗਾ , ਪਹਿਲਾਂ ਤਾਂ ਉਸ ਵਿਅਕਤੀ ਨੂੰ ਪੁਲਿਸ ਨੂੰ ਫੜਾਇਆ ਜਾਵੇਗਾ ਅਤੇ ਜੇਕਰ ਪੁਲਿਸ ਨੇ ਵੀ ਨਸ਼ਾ ਤਸਕਰਾਂ ਕਾਰਵਾਈ ਨਾ ਕੀਤੀ ਤਾਂ ਦੋਵਾਂ ਧਿਰਾਂ ਨੂੰ ਲੋਕ ਸਜਾਵਾਂ ਦੇਣਗੇ । ਜਿਸ ਤੋ ਬਾਅਦ ਮੌੜ ਇਲਾਕੇ ਅੰਦਰ ਨਸ਼ਾ ਵਿਰੋਧੀ ਮੁਹਿੰਮ ਦਾ ਅਸਰ ਦੇਖਣ ਨੂੰ ਮਿਲਿਆ , ਜਦ ਅੱਜ ਮੌੜ ਮੰਡੀ ਦੇ ਨਸ਼ਾ ਤਸਕਰੀ ’ਚ ਲਿਪਤ ਤਿੰਨ ਪਰਿਵਾਰਾਂ ਰਣਜੀਤ ਸਿੰਘ, ਕਰਮਜੀਤ ਸਿੰਘ, ਗੋਰਾ ਸਿੰਘ ਵਾਸੀ ਮੌੜ ਕਲਾਂ ਨੇ ਅੱਜ ਬਾਬਾ ਦਵਿੰਦਰ ਸਿੰਘ ਅਤੇ ਲੱਖਾ ਸਿੱਧਾਣਾ ਦੀ ਅਗਵਾਈ ’ਚ ਪਿੰਡ ਕੁੱਤੀਵਾਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਨਸ਼ਾ ਤਸਕਰੀ ਦੇ ਧੰਦੇ ਤੋਂ ਤੋਬਾ ਕਰ ਲਈ। ਇਸ ਮੌਕੇ ਇਹਨਾਂ ਵਿਅਕਤੀਆਂ ਨੇ ਪਰਿਵਾਰਾਂ ਸਮੇਤ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਕਿਹਾ ਕਿ ਸਾਨੂੰ ਬੇਰੁਜ਼ਗਾਰੀ ਅਤੇ ਘਰ ਦੀ ਗਰੀਬੀ ਨੇ ਚਿੱਟੇ ਦਾ ਧੰਦਾ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਪ੍ਰੰਤੂ ਬੀਤੇ ਦਿਨ ਪੰਜਾਬ ’ਚ ਚਿੱਟੇ ਨਾਲ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ। ਇਸ ਉਪਰੰਤ ਬਾਬਾ ਦਵਿੰਦਰ ਸਿੰਘ ਅਤੇ ਲੱਖਾਂ ਸਿਧਾਣਾ ਦੀ ਪ੍ਰੇਰਨਾ ਦੇ ਚੱਲਦੇ ਅਸੀਂ ਇਸ ਗੰਦੇ ਧੰਦੇ ਨੂੰ ਛੱਡਣ ਦਾ ਮਨ ਬਣਾ ਲਿਆ ਅਤੇ ਹੁਣ ਦਸਾਂ ਨਹੁੰਆਂ ਦੀ ਕਿਰਤ ਕਰਕੇ ਹੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਾਗੇ।
ਇਸ ਮੌਕੇ ਭਾਵੇਂ ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬੀਤੇ ਸਮੇਂ ’ਚ ਹੋਏ ਨਸ਼ਿਆਂ ਦੇ ਧੰਦਿਆਂ ਬਾਰੇ ਪੂਰਾ ਨਹੀ ਦੱਸ ਸਕਦੇ । ਪ੍ਰੰਤੂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਮੌੜ ਕਲਾਂ ਦੇ ਭਾਰੀ ਗਿਣਤੀ ਪਰਿਵਾਰ ਚਿੱਟੇ ਦੇ ਵਪਾਰ ’ਚ ਲਿਪਤ ਹਨ, ਜਿਸ ਕਾਰਨ ਇਲਾਕੇ ਦੇ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਹੋ ਰਹੀਆਂ ਹਨ। ਉਹਨਾਂ ਗੁਰਦੁਆਰਾ ਸਾਹਿਬ ਵਿਖੇ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਇਸ ਧੰਦੇ ’ਚ ਨਹੀ ਜਾਣਗੇ। ਇਸ ਮੌਕੇ ਹਰਪਾਲ ਸਿੰਘ ਚਾਉਕੇ, ਮਨਪ੍ਰੀਤ ਸਿੰਘ ਭੈਣੀ ਚੂਹੜ, ਗੁਰਦਿੱਤ ਸਿੰਘ ਖਾਲਸਾ, ਮਨਦੀਪ ਸਿੰਘ ਦੁੱਲਾ, ਜੀਤਾ ਸਿੰਘ ਮੌੜ ਕਲਾਂ, ਅਮਨਦੀਪ ਸਿੰਘ ਸੋਨੀ ਆਦਿ ਭਾਰੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।
ਨਸ਼ਾ ਵਿਰੋਧੀ ‘ਇਨਕਲਾਬ ਜਿੰਦਾਬਾਦ’ ਮੁਹਿੰਮ ਅੱਗੇ ਮੌੜ ਕਲਾਂ ਦੇ ਤਿੰਨ ਪਰਿਵਾਰਾਂ ਵੱਲੋਂ ਚਿੱਟਾ ਨਾ ਵੇਚਣ ਦਾ ਫੈਸਲਾ



