ਆਖ਼ਿਰਕਾਰ ਪੰਜਾਬ ਦਾ ਕੀ ਬਣੇਗਾ?

ਮੇਰੀ ਗੁਜਰਾਤ ਯਾਤਰਾ

ਸਤਵਿੰਦਰ ਸਿੰਘ ਸੱਤਾ
ਨਿਊਯਾਰਕ, ਯੂ. ਐੱਸ. ਏ.
ਸਮਾਜ ਸੇਵਕ ਅਤੇ ਪ੍ਰਵਾਸੀ ਬਿਜ਼ਨਸਮੈਨ

image ਦੋਸਤਾਂ ਮਿੱਤਰਾਂ ਵਿੱਚ ਗਲ ਚਲ ਰਹੀ ਸੀ ਕਿ ਗੁਜਰਾਤ ਤਰੱਕੀ ਦੇ ਰਾਹ ’ਤੇ ਹੈ। ਮੈਂ ਇੰਡੀਆ ਆਇਆ ਅਤੇ ਆਪਣੇ ਮਿੱਤਰਾਂ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਆਪਣੇ ਦੋਸਤ ਲੰਬੜਦਾਰ ਨੂੰ ਨਾਲ ਲੈ ਕੇ ਬਿਜ਼ਨਿਸ ਮੰਤਵ ਲਈ ਰੇਲ ਰਾਹੀਂ ਗੁਜਰਾਤ ਨੂੰ ਚੱਲ ਪਏ। ਰੇਲ ਹਰਿਆਣਾ, ਦਿੱਲੀ, ਯੂ. ਪੀ., ਰਾਜਸਥਾਨ, ਮੱਧ ਪ੍ਰਦੇਸ਼ ਹੁੰਦੀ ਹੋਈ ਗੁਜਰਾਤ ਦੇ ਸ਼ਹਿਰ ਸੂਰਤ ਪਹੁੰਚੀ। ਅਸੀਂ ਆਟੋ ਰਿਕਸ਼ਾ ਲਿਆ ਅਤੇ ਹੋਟਲ ਪਹੁੰਚ ਗਏ। ਆਟੋ ਵਾਲੇ ਨੂੰ ਜਦ ਅਸੀਂ ਪੁੱਛਿਆ ਕਿ ਕਿਰਾਇਆ ਕਿੰਨਾ ਹੈ ਤਾਂ ਉਸ ਨੇ 20 ਰੁਪਏ ਮੰਗੇ। ਮੈਂ ਹੈਰਾਨ ਸੀ ਕਿ ਇਨਾਂ ਸਸਤਾ ਕਰਾਇਆ। ਅਸੀਂ ਸਮਾਨ ਹੋਟਲ ਵਿੱਚ ਰੱਖ ਕੇ ਤਿਆਰ ਹੋ ਕੇ ਸ਼ਹਿਰ ਨੂੰ ਚੱਲ ਪਏ। ਸ਼ਹਿਰ ਦੀਆਂ ਚੌੜੀਆ ਸਾਫ-ਸੁਥਰੀਆਂ ਸੜਕਾਂ, ਹਾਈਵੇ ਅਤੇ ਬਿਲਡਿੰਗਾ ਦੇਖ ਕੇ ਮਨ ਖੁਸ਼ ਹੋ ਗਿਆ। ਡਾਇਮੰਡ ਬਾਜ਼ਾਰ ਵਿੱਚ ਅਨੇਕਾਂ ਹੀ ਹੀਰਿਆਂ ਦੀਆਂ ਛੋਟੀਆਂ ਵੱਡੀਆਂ ਦੁਕਾਨਾਂ ਸਨ ਅਤੇ ਲੋਕ ਬਿਨਾਂ ਕਿਸੇ ਡਰ ਦੇ ਖਰੀਦੋ-ਫਰੋਖਤ ਕਰ ਰਹੇ ਸਨ। ਅਸੀ ਸਾਰਾ ਸ਼ਹਿਰ ਘੁੰਮਿਆ ਤੇ ਮਹਿਸੂਸ ਕੀਤਾ ਕਿ ਗੁਜਰਾਤ ਵਾਕਿਆ ਹੀ ਤਰੱਕੀ ਦੇ ਰਾਹ ’ਤੇ ਹੈ। ਦਿਲ ਖੁਸ਼ ਹੋ ਗਿਆ ਕਿ ਗੁਜਰਾਤ ਵੀ ਸਾਡੇ ਦੇਸ਼ ਦਾ ਇੱਕ ਹਿੱਸਾ ਹੈ। ਸੁਣਿਆ ਸੀ ਕਿ ਗੁਜਰਾਤ ਤਰੱਕੀ ਦੇ ਰਾਹ ’ਤੇ ਹੈ, ਹੂਬਹੂ ਸੱਚ ਨਿਕਲਿਆ। ਅਸੀਂ ਫਿਰ ਮੁੰਬਈ, ਗੋਆ ਹੁੰਦੇ ਹੋਏ ਵਾਪਿਸ ਫਲਾਇਟ ਲੈ ਕੇ ਆਪਣੇ ਪੰਜਾਬ ਪਹੁੰਚ ਗਏ।

ਚਲੋਂ ਅਸੀਂ ਹੁਣ ਗੱਲ ਕਰਦੇ ਹਾਂ ਆਪਣੇ ਸੋਹਣੇ ਪੰਜਾਬ ਦੀ। ਇਹ ਗੁਰੂਆਂ, ਪੀਰਾਂ, ਪੈਗੰਬਰਾਂ, ਦੇਵੀ-ਦੇਵਤਿਆਂ, ਰਿਸ਼ੀ-ਮੁਨੀਆਂ, ਭਗਤਾਂ ਤੇ ਅਣਖੀਲੇ ਬਹਾਦੁਰ ਸੂਰਬੀਰਾਂ ਦੀ ਧਰਤੀ ਹੈ। ਅਸੀਂ ਛੋਟੇ ਹੁੰਦੇ ਹੀ ਸੁਣਦੇ ਹੁੰਦੇ ਸਾਂ, ਜਿਵੇਂ ਫੁੱਲਾਂ ’ਚੋਂ ਫੁੱਲ ਗੁਲਾਬ ਨੀ ਮਾਏ, ਮੇਰਾ ਦੇਸ਼ਾਂ ’ਚੋਂ ਦੇਸ਼ ਪੰਜਾਬ ਨੀ ਮਾਏ। ਜਦ ਕਦ ਵੀ ਕੋਈ ਮੁਗਲ ਹਮਲਾਵਰ ਜਾਂ ਕਿਸੇ ਹੋਰ ਨੇ ਵੀ ਭਾਰਤ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਆ ਕੇ ਰੋਕਥਾਮ ਲੱਗ ਜਾਂਦਾ ਸੀ। ਇਸ ਧਰਤੀ ’ਤੇ ਪੈਦਾ ਹੋਏ ਸੂਰਬੀਰ ਯੋਧੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੰਦੇ ਸਨ। ਜਦ ਸਿਕੰਦਰ ਜਿਸ ਦਾ ਨਾਂਅ ਅਲੈਗਜ਼ੈਂਡਰ ਸੀ, ਨੇ ਮਨ ਬਣਾਇਆ ਸੀ ਕਿ ਉਹ ਪੂਰੀ ਦੁਨੀਆਂ ’ਤੇ ਆਪਣਾ ਸਿੱਕਾ ਜਮਾਵੇਗਾ। ਉਸਦਾ ਪੰਜਾਬ ਦੇ ਰਾਜਾ ਪੋਰਸ ਨਾਲ ਘਮਸਾਨ ਦਾ ਯੁੱਧ ਹੋਇਆ। ਖੂਨ ਦੀਆਂ ਨਦੀਆਂ ਵਗ ਪਈਆਂ। ਰਾਜਾ ਪੋਰਸ ਦੀਆਂ ਫੌਜਾਂ ਨੇ ਦੁਸ਼ਮਣ ਦੇ ਛੱਕੇ ਛੁਡਾਅ ਦਿਤੇ। ਸਿਕੰਦਰ ਘਬਰਾ ਗਿਆ ਉਸ ਨੂੰ ਪਤਾ ਚੱਲ ਗਿਆ ਸੀ ਕਿ ਉਹ ਪੰਜਾਬ ਦੇ ਯੋਧਿਆ ਨੂੰ ਹਰਾ ਨਹੀਂ ਸਕਦਾ, ਇਸ ਲਈ ਉਸ ਨੇ ਚਤੁਰਾਈ ਨਾਲ ਪੋਰਸ ਨੂੰ ਬੰਦੀ ਬਣਾ ਲਿਆ। ਜੰਜ਼ੀਰਾਂ ਵਿੱਚ ਜਕੜੇ ਪੋਰਸ ਨੂੰ ਜਦ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਸਿਕੰਦਰ ਦੇ ਪੁੱਛਣ ’ਤੇ ਕਿ ਪੋਰਸ, ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਉਹ ਨਿਡਰ ਪੰਜਾਬੀ ਯੋਧੇ ਦੀ ਤਰ੍ਹਾਂ ਧੌਣ ਅਕੜਾ ਕੇ ਛਾਤੀ ਤਾਣਕੇ ਬੋਲਿਆ, ‘‘ਹੇ ਸਿਕੰਦਰ, ਮੈਂ ਜ਼ਰੂਰ ਹਾਰ ਗਿਆ ਹਾਂ, ਪਰ ਮੈਂ ਤੇਰੇ ਕੋਲੋਂ ਆਪਣੀ ਜ਼ਿੰਦਗੀ ਦੀ ਭੀਖ ਨਹੀਂ ਮੰਗਦਾ, ਤੂੰ ਜੋ ਕਾਰਵਾਈ ਕਰਨੀ ਏ ਕਰ। ਮੈਂ ਤੇਰਾ ਹਰ ਤਰ੍ਹਾਂ ਦਾ ਤਸ਼ੱਦਦ ਸਹਿਣ ਲਈ ਤਿਆਰ ਹਾਂ, ਤੂੰ ਇੱਕ ਜਿੱਤਿਆ ਹੋਇਆ ਰਾਜਾ ਏ ਅਤੇ ਮੈਂ ਹਾਰਿਆ ਹੋਇਆ। ਮੈਂ ਤੇਰੀ ਹਰ ਤਰ੍ਹਾਂ ਦੀ ਸਜ਼ਾ ਕਬੂਲ ਕਰਦਾ ਹਾਂ। ’’
ਸਿਕੰਦਰ ਪੋਰਸ ਦੀ ਇਸ ਬਹਾਦਰੀ ਨੂੰ ਦੇਖ ਕੇ ਪ੍ਰਸੰਨ ਹੋ ਗਿਆ ਅਤੇ ਉਸਨੇ ਪੋਰਸ ਨੂੰ ਉਸਦਾ ਸਾਰਾ ਜਿੱਤਿਆ ਹੋਇਆ ਰਾਜ ਵਾਪਿਸ ਦੇ ਦਿੱਤਾ। ਅਫਗਾਨਿਸਤਾਨ ਜਿਸ ’ਤੇ ਜਿਸ ਕਿਸੇ ਦੇਸ਼ ਨੇ ਵੀ ਆਪਣਾ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕੀਤੀ। ਉਸ ਦੇਸ਼ ਨੂੰ ਆਖਿਰ ਵਿੱਚ ਛੱਡਕੇ ਦੌੜਨਾ ਪਿਆ। ਪਰ ਸਾਡੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਆਪਣਾ 40 ਸਾਲ ਤੱਕ ਅਫਗਾਨਿਸਤਾਨ ’ਤੇ ਸਿੱਕਾ ਜਮਾਈ ਰੱਖਿਆ। ਇਹ ਸੀ ਸਾਡਾ ਬਾਬਾ ਬੁੱਲ੍ਹੇ ਸ਼ਾਹ ਦਾ ਪੰਜਾਬ।
ਜਿਉਂ-ਜਿਉਂ ਸਮਾਂ ਬਦਲਦਾ ਗਿਆ ਤਿਉਂ-ਤਿਉਂ ਹੀ ਇਹ ਪੰਜਾਂ ਦਰਿਆਵਾਂ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਪੰਜਾਬ ਘਟੀਆ ਰਾਜਨੀਤੀ ਦਾ ਸ਼ਿਕਾਰ ਹੁੰਦਾ ਗਿਆ। ਪਾਕਿਸਤਾਨ ਬਣਨ ’ਤੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਗਏ। ਫਿਰ ਹਰਿਆਣਾ ਬਣਾ ਕੇ ਨਿੱਕੀ ਜਿਹੀ ਪੰਜਾਬੜੀ ਕਰ ਦਿੱਤਾ। ਪਰ ਪੰਜਾਬ ਦੇ ਅਣਥੱਕ, ਮਿਹਨਤੀ ਕਿਸਾਨਾਂ ਨੇ ਇਸ ਧਰਤੀ ਨੂੰ ਪਸੀਨੇ ਨਾਲ ਸਿੰਜ ਕੇ ਪੰਜਾਬ ਨੂੰ ਪੂਰੇ ਭਾਰਤ ਦਾ ਅੰਨਦਾਤਾ ਬਣਾ ਦਿਤਾ। ਪੰਜਾਬ ਦੇ ਸਪੂਤਾਂ ਨੇ ਹਰ ਖੇਤਰ ਵਿੱਚ ਮੱਲਾ ਮਾਰੀਆਂ ਅਤੇ ਜਿੱਥੇ-ਜਿੱਥੇ ਵੀ ਪੰਜਾਬੀ ਬਾਹਰਲੇ ਦੇਸ਼ਾਂ ਵਿੱਚ ਗਏ, ਆਪਣੀ ਸਖ਼ਤ ਮਿਹਨਤ ਤੇ ਸਿਆਣਪ ਨਾਲ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਲਈ।
ਚਲੋ ਹੁਣ ਅਸੀਂ ਅੱਜ ਦੇ ਪੰਜਾਬ ’ਤੇ ਝਾਤ ਮਾਰੀਏ
ਅੱਜ ਤੋਂ ਕੋਈ 6-7 ਸਾਲ ਪਹਿਲਾਂ ਪੰਜਾਬ ਦੀ ਰੀਅਲ ਇਸਟੇਟ ਸਿੱਖਰਾਂ ’ਤੇ ਪੁਹੰਚ ਚੁੱਕੀ ਸੀ। ਹਰ ਇੱਕ ਬਿਜ਼ਨਸਮੈਨ ਤੇ ਆਮ ਆਦਮੀ ਤਕਰੀਬਨ ਖੁਸ਼ ਸੀ। ਐੱਨ. ਆਰ. ਆਈ. ਵੀਰ ਆਪਣੇ ਪੰਜਾਬ ਵਿੱਚ ਪੈਸਾ ਲਗਾ ਰਹੇ ਸਨ। ਪੰਜਾਬ ਕਾਫੀ ਉੱਨਤੀ ਦੇ ਰਾਹ ’ਤੇ ਸੀ। ਪਰ ਪਤਾ ਨਹੀਂ ਕਿਉਂ ਪੰਜਾਬ ਨੂੰ ਕੋਈ ਨਜ਼ਰ ਜਿਹੀ ਲੱਗ ਗਈ। ਨੰਬਰ ਇੱਕ ਦੀ ਕਤਾਰ ਵਿੱਚ ਜਾਣਿਆਂ ਜਾਣ ਵਾਲਾ ਪੰਜਾਬ ਪੱਛੜੇ ਹੋਏ ਸੂਬਿਆਂ ਵਿੱਚ ਕੋਈ 16ਵੀਂ-17ਵੀਂ ਕਤਾਰ ਵਿੱਚ ਖੜ੍ਹਾ ਹੋ ਗਿਆ । ਪੰਜਾਬ ਦੀ ਧਰਤੀ ਦਾ ਆਕਾਰ ਕੋਈ ਇੱਕ ਦਮ ਛੋਟਾ ਨਹੀਂ ਹੋ ਗਿਆ, ਸਗੋਂ ਆਧੁਨਿਕ ਤਰੀਕਿਆਂ ਨਾਲ ਖੇਤੀਬਾੜੀ ਉਤਪਾਦਨ ਵਧਿਆ ਹੀ ਹੈ। ਪਤਾ ਨਹੀਂ ਇਨ੍ਹਾਂ ਕੁੱਝ ਸਾਲਾਂ ਵਿੱਚ ਕਿਹੜੀ ਬਿੱਲੀ ਨਿੱਛ ਗਈ ਹੈ।  ਹਾਂ ਮੇਰੇ ਖਿਆਲ ਵਿੱਚ ਇਸ ਨੂੰ ਮਾੜੀ ਰਾਜਨੀਤੀ, ਲੀਡਰਾਂ ਦੀ ਘਟੀਆ ਤੇ ਲਾਲਚੀ ਸੋਚ, ਭ੍ਰਿਸ਼ਟਾਚਾਰ ਦੀ ਬਿੱਲੀ ਨੇ ਨਿੱਛਿਆ ਏ। ਲੀਡਰ ਆਪਣੇ ਖਜ਼ਾਨੇ ਭਰਨ ’ਤੇ ਲੱਗੇ ਹੋਏ ਨੇ। ਵਿਕਾਸ ਇਕ ਦਮ ਰੁੱਕ ਗਿਆ ਹੈ। ਬਿਜ਼ਨਿਸਮੈਨ ਮੱਥੇ ’ਤੇ ਹੱਥ ਧਰ ਕੇ ਬੈਠੇ ਹਨ। ਰੀਅਲ ਇਸਟੇਟ ਇੱਕ ਦਮ ਠੱਪ ਹੋ ਗਈ ਹੈ। ਉਲਟਾ ਲੋਕ ਟੈਕਸ ਦੀ ਮਾਰ ਹੇਠ ਦੱਬੇ ਜਾ ਰਹੇ ਹਨ। ਸਰਕਾਰ ਕੋਲ ਆ ਰਿਹਾ ਇਹ ਸਾਰਾ ਪੈਸਾ ਆਖਿਰ ਕਿਸ ਖੂਹ ਵਿੱਚ ਜਾ ਰਿਹਾ ਹੈ। ਬਹੁਤ ਵਿਚਾਰਨ ਵਾਲੀ ਗੱਲ ਏ। ਆਖਰਕਾਰ ਕਦ ਤੱਕ ਪੰਜਾਬੀ ਇਸ ਜ਼ੁਲਮ ਨੂੰ ਸਹਿਣ ਕਰੇਗਾ। ਕਈ ਐੱਨ. ਆਰ. ਆਈ. ਪੰਜਾਬ ਵਿੱਚ ਹੋਰ ਪੈਸਾ ਲਗਾਉਣ ਲਈ ਤਿਆਰ ਨਹੀਂ। ਜੇਕਰ ਪੰਜਾਬ ਵਿੱਚ ਕੋਈ ਤਰੱਕੀ ਹੋਈ ਵੀ ਸੀ ਤਾਂ ਉਹ ਸਾਰੀ ਐੱਨ. ਆਰ. ਆਈ. ਕਰਕੇ ਹੀ ਸੀ। ਆਖ਼ਿਰਕਾਰ ਪੰਜਾਬ ਦਾ ਕੀ ਬਣੇਗਾ?  ਇਹ ਇੱਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਮੇਰੀ ਅਪੀਲ ਹੈ, ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਪੰਜਾਬ ’ਤੇ ਤਰਸ ਖਾਵੇ, ਪੰਜਾਬੀਆਂ ’ਤੇ ਤਰਸ ਖਾਵੇ। ਸੋਹਣੇ ਦੇਸ਼ ਪੰਜਾਬ ਨੂੰ ਦੀਮਕ ਦੀ ਤਰ੍ਹਾਂ ਖਾਈ ਜਾ ਰਹੇ ਹੋ। ਇਤਿਹਾਸ ਤੁਹਾਨੂੰ ਕਦੀ ਮੁਆਫ਼ ਨਹੀਂ ਕਰੇਗਾ। ਇਸ ਗੁਰੂਆਂ, ਪੀਰਾਂ, ਦੇਵੀ, ਦੇਵਤਿਆਂ, ਭਗਤਾਂ, ਯੋਧਿਆਂ ਦੀ ਧਰਤੀ ਦਾ ਕੁੱਝ ’ਤੇ ਖ਼ਿਆਲ ਕਰੋ।
ਬਾਕੀ ਮੈਂ ਕਿਸੇ ਰਾਜਨੀਤਿਕ ਦਲ ਨਾਲ ਸੰਬੰਧਤ ਨਹੀਂ ਹਾਂ, ਨਾ ਹੀ ਕਿਸੇ ਧੜੇਬੰਦੀ ਨਾਲ ਮੇਰਾ ਕੋਈ ਵਾਸਤਾ ਹੈ। ਮੈਂ ਤੁਹਾਡਾ ਇਕ ਐੱਨ. ਆਰ. ਆਈ. ਭਰਾ ਹਾਂ। ਇਹ ਮੇਰੀ ਮਾਤ ਭੂਮੀ ਹੈ ਅਤੇ ਮੇਰੇ ਮਾਤਾ-ਪਿਤਾ ਦੀ ਕਰਮ ਭੂਮੀ ਹੈ। ਮੈਂ ਇਸ ਆਪਣੇ ਪੰਜਾਬ ਨੂੰ ਦਿਲ ਦੀ ਗਹਿਰਾਈ ਤੋਂ ਪਿਆਰ ਕਰਦਾ ਹਾਂ। ਇਸ ਦੀ ਗੋਦ ਵਿੱਚ ਖੇਡ ਕੇ ਵੱਡਾ ਹੋਇਆ ਸਾਂ। ਇਸ ਧਰਤੀ ’ਤੇ ਆਇਆ ਸੰਕਟ ਮੇਰੇ ਹਿਰਦੇ ਨੂੰ ਬਲੂੰਦਰਦਾ ਹੈ। ਮੈਂ ਹਮੇਸ਼ਾ ਆਪਣੇ ਪੰਜਾਬ ਤੇ ਪੰਜਾਬੀਅਤ ਦੀ ਚੜਦੀ-ਕਲਾ ਦੀ ਕਾਮਨਾ ਕਰਦਾ ਹਾਂ।
ਮੇਰਾ ਦੇਸ਼ ਜ਼ਿੰਦਾਬਾਦ
ਮੇਰਾ ਪੰਜਾਬ ਜ਼ਿੰਦਾਬਾਦ
ੲ-ਮੳਲਿ : ਸੳਟਟੳ0ੳੋਲ.ਚੋਮ
ਸੰਪਰਕ : 089681-13555

Send this to a friend