ਗ੍ਰਿਫਤਾਰ ਇੱਕ ਸ਼ੱਕੀ ਵਿਅਕਤੀ ਤੋਂ ਅਹਿਮ ਸੁਰਾਗ ਮਿਲੇ
ਸ਼੍ਰੀਨਗਰ/ਨਵੀਂ ਦਿੱਲੀ, 28 ਜੂਨ- ਪਤਰਕਾਰ ਸੁਜਾਤ ਬੁਖਾਰੀ ਹਤਿਆਕਾਂਡ ‘ਚ ਜੰਮੂ ਕਸ਼ਮੀਰ ਪੁਲਸ ਨੇ ਵਡੀ ਕਾਰਵਾਈ ਕੀਤੀ ਹੈ। ਪੁਲਸ ਨੇ ਪਤਰਕਾਰ ਸੁਜਾਤ ਬੁਖਾਰੀ ਹਤਿਆਕਾਂਡ ‘ਚ ਸ਼ਾਮਲ ਚਾਰ ਅਤਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ‘ਚ ਸਜਾਦ ਗੁਲ, ਆਜਾਦ ਅਹਿਮ ਮਲਿਕ, ਨਵੀਦ ਜਟ ਦਾ ਨਾਮ ਸ਼ਾਮਲ ਹੈ। ਆਈ.ਜੀ.ਪੀ ਕਸ਼ਮੀਰ ਐਸ.ਪੀ ਪਾਨੀ ਨੇ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਅਤਵਾਦੀਆਂ ਦੀਆਂ ਤਸਵੀਰਾਂ ਜਾਰੀਆਂ ਕੀਤੀਆਂ ਹਨ। ਆਈ.ਜੀ.ਪੀ ਕਸ਼ਮੀਰ ਐਸ.ਪੀ ਪਾਨੀ ਨੇ ਖੁਲ੍ਹਾਸਾ ਕੀਤਾ ਹੈ ਕਿ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਸੁਜਾਤ ਬੁਖਾਰੀ ਦੇ ਕਤਲ ਨੂੰ ਲਸ਼ਕਰ-ਏ-ਤੈਯਬਾ ਨੇ ਅੰਜਾਮ ਦਿਤਾ ਅਤੇ ਇਸ ਦੀ ਯੋਜਨਾ ਪਾਕਿਸਤਾਨ ‘ਚ ਰਚੀ ਗਈ ਸੀ। 14 ਜੂਨ ਨੂੰ ਸ਼੍ਰੀਨਗਰ ਦੇ ਪ੍ਰੈਸ ਇਨਕਲੇਵ ਕਾਲੋਨੀ ’ਚ ਮੋਟਰਸਾਈਕਲ ਸਵਾਰ 3 ਅਤਵਾਦੀਆਂ ਨੇ ਸੁਜਾਤ ਬੁਖਾਰੀ ਦੇ ਵਾਹਨ ’ਤੇ ਗੋਲੀਆਂ ਚਲਾਈਆਂ ਸਨ। ਇਨ੍ਹਾਂ ’ਚ ਸੁਜਾਤ ਅਤੇ ਉਨ੍ਹਾਂ ਦੇ ਦੋ ਪੀ.ਐਸ.ਓ ਵੀ ਮਾਰੇ ਗਏ ਸਨ। ਅਤਵਾਦੀ ਇਕ ਪੀ.ਐਸ.ਓ ਦੇ ਹਥਿਆਰ ਵੀ ਨਾਲ ਲੈ ਗਏ। ਘਟਨਾ ਦੇ ਬਾਅਦ ਪੁਲਸ ਨੇ ਜਾਂਚ ਲਈ ਐਸ.ਆਈ.ਟੀ ਦਾ ਗਠਨ ਕੀਤਾ ਸੀ। ਸੀ.ਸੀ.ਟੀ.ਵੀ ਫੁਟੇਜ ਜਾਰੀ ਕਰਕੇ ਹਤਿਆਰਾਂ ਦੀ ਪਛਾਣ ਲਈ ਲੋਕਾਂ ਤੋਂ ਸਾਥ ਦੀ ਅਪੀਲ ਕੀਤੀ ਸੀ।ਫੁਟੇਜ਼ ‘ਚ ਇਕ ਮੋਟਰ ਸਾਈਕਲ ‘ਤੇ ਤਿੰਨ ਸਵਾਰ ਦਿਖ ਰਹੇ ਸਨ ਜਿਨ੍ਹਾਂ ਦੇ ਚਿਹਰੇ ਹੈਲਮੇਟ ਅਤੇ ਮਾਸਕ ਨਾਲ ਢਕੇ ਹੋਏ ਸਨ। ਵਿਚਕਾਰ ਜੋ ਬੈਠਾ ਹੋਇਆ ਸੀ ਉਹ ਮੰਨਿਆ ਜਾ ਰਿਹਾ ਹੈ ਕਿ ਪੀ.ਐਸ.ਓ ਦਾ ਹਥਿਆਰ ਲੈ ਕੇ ਬੈਠਾ ਸੀ। ਘਟਨਾ ਦੇ ਅਗਲੇ ਦਿਨ ਵਾਇਰਲ ਇਕ ਵੀਡੀਓ ਦੇ ਆਧਾਰ ‘ਤੇ ਪੁਲਸ ਨੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁਛਗਿਛ ਕੀਤੀ ਸੀ। ਉਸ ਨੇ ਘਟਨਾ ਵਾਲੇ ਦਿਨ ਜੋ ਕਪੜੇ ਪਹਿਣੇ ਸਨ, ਉਸ ਨੂੰ ਵੀ ਬਰਾਮਦ ਕੀਤਾ ਸੀ।



