ਚੋਣ ਸਰਵੇਖਣਾਂ ਨਾਲ ਛੇੜਛਾੜ ਦਾ ਮਾਮਲਾ
ਨਵੀਂ ਦਿੱਲੀ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕੁਝ ਸੰਸਥਾਵਾਂ ਵੱਲੋਂ ਚੋਣ ਸਰਵੇਖਣਾਂ ਦੇ ਨਤੀਜਿਆਂ ਨਾਲ ਕਥਿਤ ਛੇੜਛਾੜ ਬਾਰੇ ਕਾਂਗਰਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਯੋਗ ਕਾਰਵਾਈ ਕਰਨ ਲਈ ਕਿਹਾ ਹੈ। ਕੰਪਨੀ ਮਾਮਲਿਆਂ ਦੇ ਮੰਤਰਾਲੇ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਭੇਜੇ ਸੰਦੇਸ਼ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਮਾਮਲੇ ਵਿੱਚ ਗੈਰ-ਕਾਨੂੰਨੀ ਪੈਸਿਆਂ ਦੇ ਭੁਗਤਾਨ ਬਦਲੇ ਗੁੰਮਰਾਹਕੁੰਨ ਜਾਣਕਾਰੀ ਪ੍ਰਕਾਸ਼ਤ ਕਰਨ ਲਈ ਝੂਠੀ ਰਿਪੋਰਟ ਤਿਆਰ ਕਰਨ ਦੀ ਸਾਜਿਸ਼ ਦੇ ਦੋਸ਼ ਹਨ। ਚੋਣ ਕਮਿਸ਼ਨ ਦੇ ਪ੍ਰਮੁੱਖ ਸਕੱਤਰ ਅਜੇ ਕੁਮਾਰ ਨੇ ਦੋਵਾਂ ਮੰਤਰਾਲਿਆਂ ਦੇ ਸਕੱਤਰਾਂ ਨੂੰ ਲਿਖਿਆ ਹੈ ਕਿ ਉਪਰੋਕਤ ਦੋਸ਼ਾਂ ਨੂੰ ਮੁਖ ਰੱਖਦੇ ਹੋਏ ਤੁਹਾਡੇ ਵੱਲੋਂ ਉਚਿੱਤ ਕਾਰਵਾਈ ਲਈ ਇਸ ਸ਼ਿਕਾਇਤ ’ਤੇ ਤੁਰੰਤ ਵਿਚਾਰ ਕੀਤੀ ਜਾ ਸਕਦੀ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੂੰ ਚੋਣਾਂ ਦੇ ਸਬੰਧ ਵਿੱਚ ਚੋਣ ਸਰਵੇਖਣ ਕਰਨ ’ਚ ਸ਼ਾਮਿਲ ਕੁਝ ਸੰਸਥਾਵਾਂ ਖਿਲਾਫ ਸਟਿੰਗ ਆਪਰੇਸ਼ਨ ਦੇ ਆਧਾਰ ’ਤੇ ਕਾਂਗਰਸ ਵੱਲੋਂ ਸ਼ਿਕਾਇਤ ਮਿਲੀ ਹੈ। ਕਮਿਸ਼ਨ ਨੇ ਕਿਹਾ ਕਿ ਸੰਸਥਾਵਾਂ ਨੇ ਆਮ ਜਨਤਾ ਲਈ ਅੰਕੜਿਆਂ ’ਚ ਭੰਨਤੋੜ ਕਰਕੇ ਚੋਣ ਸਰਵੇਖਣਾਂ ਦੇ ਨਤੀਜਿਆਂ ਨਾਲ ਛੇੜਛਾੜ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਸੀ। ਚੋਣ ਕਮਿਸ਼ਨ ਦੇ ਫ਼ੈਸਲੇ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਾਂਗਰਸ ਕਮੇਟੀ ਦੇ ਕਾਨੂੰਨੀ ਤੇ ਮਾਨਵੀ ਵਿਭਾਗ ਦੇ ਸਕੱਤਰ ਕੇ. ਸੀ. ਮਿੱਤਲ ਨੇ ਕਿਹਾ ਕਿ ਇਹ ਕਾਰਵਾਈ ਚੋਣ ਸਰਵੇਖਣ ਦੇ ਸਬੰਧ ਵਿੱਚ ਗੰਢਤੁਪ ਤੇ ਛੇੜਛਾੜ ਨੂੰ ਉਜਾਗਰ ਕਰੇਗੀ ਤੇ ਇਹ ਉਸ ਤਰੀਕੇ ਦਾ ਵੀ ਖੁਲਾਸਾ ਕਰੇਗੀ ਜਿਸ ’ਚ ਕੁਝ ਲੋਕਾਂ ਤੇ ਪਾਰਟੀਆਂ ਦੇ ਪੱਖ ’ਚ ਭਾਰਤ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਅਨੁਮਾਨਾਂ ਨੂੰ ਵਰਤਿਆ ਜਾ ਰਿਹਾ ਹੈ।